ਭਗਵੰਤ ਮਾਨ ਦਾ ਵੱਡਾ ਐਲਾਨ; ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਨੂੰ ਖਿੱਚ ਕੇ ਲਿਆਵਾਂਗੇ ਪੰਜਾਬ
ਲਾਰੈਂਸ ਬਿਸ਼ਨੋਈ ਨੂੰ ਮਿਲ ਰਹੇ 'ਵੀਆਈਪੀ ਟ੍ਰੀਟਮੈਂਟ' 'ਤੇ ਚੁੱਕੇ ਸਵਾਲ; ਕੇਂਦਰ ਸਰਕਾਰ 'ਤੇ ਸਾਧਿਆ ਤਿੱਖਾ ਨਿਸ਼ਾਨਾ
Babushahi Network
ਚੰਡੀਗੜ੍ਹ, 16 ਮਾਰਚ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਗੈਂਗਸਟਰ ਕਲਚਰ ਅਤੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਮੁੱਖ ਮੰਤਰੀ ਨੇ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।
ਸੀਐਮ ਮਾਨ ਨੇ ਸਪੱਸ਼ਟ ਕੀਤਾ ਕਿ ਵਿਦੇਸ਼ੀ ਧਰਤੀ ਤੋਂ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਵਾਲੇ ਅਪਰਾਧੀਆਂ ਦੇ ਦਿਨ ਹੁਣ ਗਿਣੇ-ਮਿਣੇ ਹਨ। ਉਨ੍ਹਾਂ ਕਿਹਾ, ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰਾਂ ਨੂੰ ਫੜ ਕੇ ਪੰਜਾਬ ਲਿਆਉਣ ਲਈ ਕੇਂਦਰੀ ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਰਾਹੀਂ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ। ਕਿਸੇ ਵੀ ਗੈਂਗਸਟਰ ਨੂੰ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਕਰਦਿਆਂ ਕੇਂਦਰ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ, ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਵਿੱਚ ਵੀਆਈਪੀ ਸਹੂਲਤਾਂ ਦਾ ਆਨੰਦ ਮਾਣ ਰਿਹਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਇੱਕ ਖ਼ਤਰਨਾਕ ਅਪਰਾਧੀ ਨੂੰ ਅਜਿਹੀਆਂ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ?
CM ਮਾਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਕੇਂਦਰ ਸਰਕਾਰ ਨੂੰ ਆਮ ਲੋਕਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਲਾਰੈਂਸ ਬਿਸ਼ਨੋਈ ਦੀ ਜਾਨ ਅਤੇ ਸਹੂਲਤਾਂ ਦੀ ਫਿਕਰ ਹੈ। ਧਰਮ ਪਰਿਵਰਤਨ ਅਤੇ ਧਾਰਮਿਕ ਰਾਜਨੀਤੀ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਜ਼ੁਲਮ ਖਿਲਾਫ਼ ਕੁਰਬਾਨੀਆਂ ਦਿੱਤੀਆਂ ਹਨ, ਇਸ ਲਈ ਪੰਜਾਬ ਵਿੱਚ ਨਫ਼ਰਤ ਜਾਂ ਧਰਮ ਦੇ ਨਾਂ 'ਤੇ ਵੰਡ ਪਾਉਣ ਵਾਲਾ ਕੋਈ ਵੀ 'ਪੱਤਾ' ਨਹੀਂ ਚੱਲੇਗਾ।
Click to Follow Babushahi Facebook page →