ਕਿਸਾਨ ਦਾ ਘਰੇਲੂ ਕਨੈਕਸ਼ਨ ਕੱਟਣ ਤੋਂ ਹੋਏ ਵਿਵਾਦ ਦੇ ਚਲਦਿਆਂ ਪਾਵਰਕੌਮ ਮੁਲਾਜ਼ਮ ਲਗਾਤਾਰ ਹੜਤਾਲ ਤੇ
ਰੋਹਿਤ ਗੁਪਤਾ
ਗੁਰਦਾਸਪੁਰ , 18 ਸਤੰਬਰ 2025 :
11 ਸਤੰਬਰ ਨੂੰ ਪੰਡੋਰੀ ਮਹੰਤਾਂ ਪਾਵਰ ਸਰਕਲ ਦੇ ਮੁਲਾਜ਼ਮਾਂ ਵੱਲੋਂ ਪਿੰਡ ਗੋਤ ਪੋਖਰ ਦੇ ਇੱਕ ਕਿਸਾਨ ਦੇ ਘਰ ਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ ਸੀ। ਪਾਵਰਕੌਮ ਦੇ ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਕਤ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਅਤੇ ਕਿਸਾਨ ਤੇ ਜੁਰਮਾਨਾ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਇਸ ਦੌਰਾਨ ਉਕਤ ਕਿਸਾਨ ਨੇ ਕਿਸਾਨ ਜਥੇਬੰਦੀਆਂ ਨੂੰ ਬੁਲਾ ਲਿਆ ਤੇ ਪਾਵਰ ਕੌਮ ਮੁਲਾਜ਼ਮਾਂ ਵੱਲੋਂ ਕਿਸਾਨ ਦੇ ਘਰ ਜ਼ਬਰਦਸਤੀ ਚਿੱਪ ਵਾਲਾ ਮੀਟਰ ਲਗਾਉਣ ਦਾ ਦੋਸ਼ ਲਗਾਉਂਦਿਆ ਪਾਵਰਕੋਮ ਦੇ ਦਫਤਰ ਪੰਡੋਰੀ ਮਹੰਤਾ ਵਿਖੇ ਧਰਨਾ ਦੇ ਦਿੱਤਾ ਗਿਆ । ਕਿਸਾਨ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸੀ। ਇਸ ਦੌਰਾਨ ਪਾਵਰਕੌਮ ਮੁਲਾਜ਼ਮਾ ਤੇ ਕਿਸਾਨਾਂ ਦਰਮਿਆਨ ਟਕਰਾਓ ਦੇ ਹਾਲਾਤ ਪੈਦਾ ਹੋ ਗਏ ਅਤੇ ਦੋਨੋਂ ਇੱਕ ਦੂਜੇ ਦੇ ਖਿਲਾਫ ਨਾਰੇਬਾਜ਼ੀ ਕਰਨ ਲੱਗ ਪਏ । ਮੁਲਾਜ਼ਮਾਂ ਵੱਲੋਂ ਕਿਸਾਨਾਂ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਾਈ ਗਈ ਪਰ ਕੋਈ ਕਾਰਵਾਈ ਨਾ ਹੁੰਦੀ ਵੇਖ ਪਾਵਰ ਕੌਮ ਮੁਲਾਜ਼ਮ ਉਸ ਦਿਨ ਤੋਂ ਹੀ ਹੜਤਾਲ ਤੇ ਬੈਠੇ ਹਨ ਅਤੇ ਦੋਸ਼ੀ ਕਿਸਾਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਮੁਲਾਜ਼ਮਾਂ ਦੇ ਹੱਕ ਵਿੱਚ ਮੁਲਾਜ਼ਮ ਜਥੇਬੰਦੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ।