ਨਗਰ ਕੌਂਸਲ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਨੋਟਿਸ ਜਾਰੀ, 3 ਦਿਨਾਂ ਵਿੱਚ ਕਾਰਵਾਈ ਦੇ ਹੁਕਮ
ਕਬਜ਼ਾ ਨਾ ਹਟਾਉਣ ਤੇ ਚੱਲੇਗਾ ਪੀਲਾ ਪੰਜਾ
ਜਗਰਾਉਂ (ਦੀਪਕ ਜੈਨ) – ਨਗਰ ਕੌਂਸਲ ਜਗਰਾਉਂ ਵੱਲੋਂ ਸ਼ਹਿਰ ਵਿੱਚ ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਅਨੁਸਾਰ, ਸ਼ਹਿਰ ਦੀ ਸਰਕਾਰੀ ਜਗ੍ਹਾ ’ਤੇ ਤਹਿਸੀਲ ਰੋਡ ਉੱਪਰ ਸਥਿਤ ਬੀਕਾਨੇਰੀ ਸਵੀਟਸ ਅਤੇ ਕੁਝ ਵਿਅਕਤੀਆਂ ਵੱਲੋਂ ਨਗਰ ਕੌਂਸਲ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ, ਜੋ ਕਿ ਕਾਨੂੰਨੀ ਤੌਰ ’ਤੇ ਗਲਤ ਹੈ।
ਨਗਰ ਕੌਂਸਲ ਵੱਲੋਂ ਜਾਰੀ ਨੋਟਿਸ ਵਿੱਚ ਦਰਸਾਇਆ ਗਿਆ ਹੈ ਕਿ ਸੰਬੰਧਤ ਵਿਅਕਤੀਆਂ ਨੂੰ ਪਹਿਲਾਂ ਵੀ ਇਸ ਮਾਮਲੇ ਵਿੱਚ ਸੂਚਿਤ ਕੀਤਾ ਗਿਆ ਸੀ, ਪਰੰਤੂ ਇਸ ਦੇ ਬਾਵਜੂਦ ਵੀ ਕਬਜ਼ਾ ਨਹੀਂ ਹਟਾਇਆ ਗਿਆ। ਇਸ ਕਾਰਨ ਹੁਣ ਨਗਰ ਕੌਂਸਲ ਨੇ ਸਖ਼ਤ ਰਵੱਈਆ ਅਪਣਾਉਂਦਿਆਂ 3 ਦਿਨਾਂ ਦੇ ਅੰਦਰ-ਅੰਦਰ ਇਹ ਗੈਰਕਾਨੂੰਨੀ ਇਨਕਰੋਚਮੈਂਟ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਨੋਟਿਸ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਕਬਜ਼ਾ ਨਹੀਂ ਹਟਾਇਆ ਗਿਆ ਤਾਂ ਨਗਰ ਕੌਂਸਲ ਵੱਲੋਂ ਆਪਣੇ ਪੱਧਰ ’ਤੇ ਕਾਰਵਾਈ ਕਰਕੇ ਇਨਕਰੋਚਮੈਂਟ ਹਟਾਈ ਜਾਵੇਗੀ ਅਤੇ ਇਸ ਨਾਲ ਸੰਬੰਧਿਤ ਖਰਚਾ ਵੀ ਸੰਬੰਧਤ ਵਿਅਕਤੀਆਂ ਤੋਂ ਵਸੂਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਾਨੂੰਨੀ ਧਾਰਾਵਾਂ ਅਧੀਨ ਹੋਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਨਗਰ ਕੌਂਸਲ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਜਗ੍ਹਾ ’ਤੇ ਕਿਸੇ ਵੀ ਤਰ੍ਹਾਂ ਦਾ ਗੈਰਕਾਨੂੰਨੀ ਕਬਜ਼ਾ ਕਰਨ ਤੋਂ ਗੁਰੇਜ਼ ਕਰਨ ਅਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ, ਤਾਂ ਜੋ ਸ਼ਹਿਰ ਵਿੱਚ ਕਾਨੂੰਨ ਅਤੇ ਕਾਇਦਾ ਬਰਕਰਾਰ ਰਹੇ।
Click to Follow Babushahi Facebook page →