ਨਗਰ ਕੌਂਸਲ ਦੀ 'ਚਾਰਦੀਵਾਰੀ' ਫੇਲ੍ਹ; ਕੀ ਉਦਘਾਟਨ ਦੀ ਉਡੀਕ 'ਚ ਸੜਕਾਂ 'ਤੇ ਸੁੱਟਿਆ ਜਾ ਰਿਹਾ ਕੂੜਾ?
ਜਗਰਾਉਂ: (ਦੀਪਕ ਜੈਨ)
ਸ਼ਹਿਰ ਦੇ ਡਿਸਪੋਜ਼ਲ ਰੋਡ 'ਤੇ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੇ ਬਣਾਈ ਗਈ ਕੂੜੇ ਦੇ ਡੰਪ ਦੀ ਚਾਰਦੀਵਾਰੀ ਪ੍ਰਸ਼ਾਸਨਿਕ ਨਾਕਾਮੀ ਦਾ ਜਿਉਂਦਾ-ਜਾਗਦਾ ਸਬੂਤ ਬਣ ਗਈ ਹੈ। ਲੋਕਾਂ ਨੂੰ ਗੰਦਗੀ ਤੋਂ ਨਿਜ਼ਾਤ ਦਿਵਾਉਣ ਲਈ ਬਣਾਈ ਗਈ ਇਹ ਟੀਨ ਦੀ ਚਾਰਦੀਵਾਰੀ ਅੱਜ ਸਿਰਫ਼ ਇੱਕ 'ਸ਼ੋਅ-ਪੀਸ' ਸਾਬਤ ਹੋ ਰਹੀ ਹੈ, ਕਿਉਂਕਿ ਸਫਾਈ ਸੇਵਕ ਕੂੜਾ ਅੰਦਰ ਸੁੱਟਣ ਦੀ ਬਜਾਏ ਮੁੜ ਸੜਕ 'ਤੇ ਹੀ ਸੁੱਟ ਰਹੇ ਹਨ।
ਸ਼ਹਿਰ ਵਿੱਚ ਚਰਚਾ ਹੈ ਕਿ ਕੀ ਇਹ ਨਵਾਂ ਬਣਿਆ ਡੰਪ ਕਿਸੇ 'ਵੀ.ਆਈ.ਪੀ. ਉਦਘਾਟਨ' ਦੀ ਉਡੀਕ ਕਰ ਰਿਹਾ ਹੈ? ਮੌਜੂਦਾ ਸਰਕਾਰ ਦੇ ਨੁਮਾਇੰਦੇ ਹਰ ਛੋਟੇ-ਵੱਡੇ ਕੰਮ ਦਾ ਉਦਘਾਟਨ ਕਰਕੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਚਮਕਾਉਣ ਵਿੱਚ ਤਾਂ ਮਾਹਰ ਹਨ, ਪਰ ਕੀ ਇਹੀ ਕਾਰਨ ਹੈ ਕਿ ਇਸ ਡੰਪ ਨੂੰ ਅਜੇ ਤੱਕ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਰਿਹਾ? ਜੇਕਰ ਚਾਰਦੀਵਾਰੀ ਤਿਆਰ ਹੈ, ਤਾਂ ਫਿਰ ਲੋਕਾਂ ਨੂੰ ਕੂੜੇ ਦੀ ਬਦਬੂ ਵਿੱਚ ਰਹਿਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ?
ਇਸ ਮਸਲੇ 'ਤੇ ਪਹਿਲਾਂ ਵੀ ਅਗਵਾੜ ਖਵਾਜਾ ਵਾਜੂ ਦੇ ਨਿਵਾਸੀਆਂ ਨੇ 25 ਦਿਨ ਲਗਾਤਾਰ ਧਰਨਾ ਦਿੱਤਾ ਸੀ, ਜਿਸ ਤੋਂ ਬਾਅਦ ਕੌਂਸਲ ਨੇ ਭਰੋਸਾ ਦਿੱਤਾ ਸੀ ਕਿ ਕੂੜਾ ਸਿਰਫ਼ ਚਾਰਦੀਵਾਰੀ ਦੇ ਅੰਦਰ ਹੀ ਡੰਪ ਹੋਵੇਗਾ। ਪਰ ਅੱਜ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹਨ।
ਜੇ ਸਫਾਈ ਸੇਵਕ ਹੁਕਮ ਨਹੀਂ ਮੰਨ ਰਹੇ, ਤਾਂ ਅਧਿਕਾਰੀਆਂ ਦੀ ਨਿਗਰਾਨੀ ਕਿੱਥੇ ਹੈ? ਕੀ ਸਰਕਾਰੀ ਫੰਡਾਂ ਦੀ ਵਰਤੋਂ ਸਿਰਫ਼ ਕਾਗਜ਼ੀ ਖਾਨਾਪੂਰਤੀ ਲਈ ਕੀਤੀ ਗਈ ਹੈ?
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ.ਓ. ਮੋਹਿਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਇਦ ਚਾਰਦੀਵਾਰੀ ਵਿੱਚ ਕੋਈ 'ਕਮੀ-ਪੇਸ਼ੀ' ਹੋ ਸਕਦੀ ਹੈ। ਇਹ ਜਵਾਬ ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰਦਾ ਹੈ—ਕੀ ਬਿਨਾਂ ਜਾਂਚ-ਪੜਤਾਲ ਦੇ ਹੀ ਇਹ ਪ੍ਰੋਜੈਕਟ ਮੁਕੰਮਲ ਕਰ ਦਿੱਤਾ ਗਿਆ?
ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਦਾ ਜੀਣਾ ਮੁਸ਼ਕਿਲ ਹੋ ਚੁੱਕਾ ਹੈ। ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਡੰਪ ਨੂੰ ਚਾਲੂ ਨਾ ਕੀਤਾ ਅਤੇ ਸੜਕ ਤੋਂ ਕੂੜਾ ਨਾ ਹਟਾਇਆ, ਤਾਂ ਇਲਾਕਾ ਨਿਵਾਸੀ ਇੱਕ ਵਾਰ ਫਿਰ ਵੱਡੇ ਸੰਘਰਸ਼ ਦੀ ਤਿਆਰੀ ਲਈ ਮਜਬੂਰ ਹੋਣਾ ਪਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਨੁਮਾਇੰਦੇ ਸਿਰਫ਼ ਫੋਟੋਆਂ ਖਿਚਵਾਉਣ ਤੱਕ ਸੀਮਤ ਰਹਿੰਦੇ ਹਨ ਜਾਂ ਲੋਕਾਂ ਨੂੰ ਇਸ ਨਰਕ ਤੋਂ ਮੁਕਤੀ ਦਿਵਾਉਂਦੇ ਹਨ।
Click to Follow Babushahi Facebook page →