ਟੈਕਸਾਸ ਦੇ ਪੰਜਾਬੀ ਕਾਰੋਬਾਰੀ ਜਗਬਿੰਦਰ ਸਿੰਘ ਸੰਧੂ (ਜੋਗਾ ਸੰਧੂ) ਨੇ ਪੁਲਿਸ ਤੇ ਨਸਲੀ ਵਿਤਕਰਾ ਦਾ ਲਾਇਆ ਦੋਸ਼
ਗੁਰਿੰਦਰਜੀਤ ਨੀਟਾ ਮਾਛੀਕੇ
ਕੈਲਰ (ਟੈਕਸਾਸ)
ਡੈਲਸ, ਟੈਕਸਾਸ ਦੇ ਨੇੜਲੇ ਸ਼ਹਿਰ ਕੈਲਰ ਵਿੱਚ ਸਥਾਨਕ ਪੰਜਾਬੀ ਕਾਰੋਬਾਰੀ ਜਗਬਿੰਦਰ ਸਿੰਘ ਸੰਧੂ (ਜੋਗਾ ਸੰਧੂ) ਨਾਲ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਨੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਪਿਛਲੇ ਦਿਨੀਂ ਕੈਲਰ ਪੁਲਿਸ ਨੇ ਉਹਨਾਂ ਨੂੰ ਡਰੰਕ ਡ੍ਰਾਈਵਿੰਗ ਦੇ ਚਾਰਜ ਲਗਾਕੇ ਗ੍ਰਿਫ਼ਤਾਰ ਕਰ ਲਿਆ।
ਜਗਬਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਇਹ ਗ੍ਰਿਫ਼ਤਾਰੀ ਬਿਲਕੁਲ ਗਲਤ, ਨਾਇਨਸਾਫ਼ੀ ਅਤੇ ਨਸਲੀ ਵਿਤਕਰੇ ਦੇ ਅਧਾਰ ‘ਤੇ ਕੀਤੀ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ‘ਚ ਕਦੇ ਸ਼ਰਾਬ ਨਹੀਂ ਪੀਤੀ ਅਤੇ ਨਾਂ ਹੀ ਉਹ ਕਿਸੇ ਨਸ਼ੇ ਨਾਲ ਸਬੰਧਤ ਹਨ।
“ਮੇਰੇ ਨਾਂ ਵਿਚ ‘ਸਿੰਘ’ ਹੋਣ ਕਰਕੇ ਮੈਨੂੰ ਬੇਵਜ੍ਹਾ ਟਾਰਗੇਟ ਕੀਤਾ ਗਿਆ। ਮੈਂ ਇੱਕ ਪਾਰਟੀ ਤੋਂ ਘਰ ਵਾਪਸ ਆ ਰਹਿਆ ਸੀ ਕਿ ਤਕਰੀਬਨ ਦੋ ਵਜੇ ਰਾਤ ਨੂੰ ਮੈਨੂੰ ਪੁਲਿਸ ਨੇ ਰੋਕ ਲਿਆ। ਬਾਵਜੂਦ ਇਸਦੇ ਕਿ ਮੈਂ ਬਿਲਕੁਲ ਨਾਰਮਲ ਸੀ, ਮੈਨੂੰ ਜ਼ਬਰਦਸਤੀ ਗੱਡੀ ਤੋਂ ਬਾਹਰ ਕੱਢਿਆ ਗਿਆ ਅਤੇ ਬਿਨਾ ਕੋਈ ਕਾਰਨ ਦੱਸੇ ਗ੍ਰਿਫ਼ਤਾਰ ਕਰ ਲਿਆ,” — ਜਗਬਿੰਦਰ ਸਿੰਘ ਸੰਧੂ ਨੇ ਦੱਸਿਆ।
ਉਹਨਾਂ ਅੱਗੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਸਖ਼ਤ ਬਰਤਾਵ ਕੀਤਾ ਅਤੇ ਬ੍ਰਿਥ ਐਨਾਲਾਈਜ਼ਰ ਟੈਸਟ ਦੀ ਮੰਗ ਕੀਤੀ, ਜਦੋਂ ਕਿ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਉਹ ਸ਼ਰਾਬ ਪੀਂਦੇ ਹੀ ਨਹੀਂ। ਫਿਰ ਵੀ, ਬਿਨਾ ਕਿਸੇ ਸਪਸ਼ਟ ਸਬੂਤ ਦੇ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ।ਉਹਨਾਂ ਦਾ ਮੈਡੀਕਲ ਵੀ ਕਰਵਾਇਆ ਗਿਆ। ਉਹਨਾਂ ਕਿਹਾ ਕਿਹਾ ਮੇਰੀ ਮੈਡੀਕਲ ਰਿਪੋਰਟ ਦੁੱਧੋਂ ਪਾਣੀ ਛਾਣ ਦੇਵੇਗੀ । ਉਹਨਾਂ ਕਿਹਾ ਕਿ ਮੈਨੂੰ ਪਿੱਛਿਆਂ ਗਿਆ ਕਿ ਕੀ ਤੁਸੀਂ ਸਿਟੀਜਨ ਹੋ…? ਕੀ ਤੁਸੀਂ ਟਰੱਕਿੰਗ ਨਾਲ ਰਲੇਟਡ ਹੋ।
ਸਥਾਨਕ ਪੰਜਾਬੀ ਕਮਿਊਨਟੀ ਦੇ ਨੁਮਾਇੰਦਿਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਮਰੀਕਾ ਵਿੱਚ ਇਸ ਤਰ੍ਹਾਂ ਦੇ ਨਸਲੀ ਵਿਤਕਰੇ ਵਾਲੇ ਮਾਮਲੇ ਵੱਧ ਰਹੇ ਹਨ, ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਜਗਬਿੰਦਰ ਸਿੰਘ ਨੂੰ ਇਨਸਾਫ਼ ਮਿਲੇ ਅਤੇ ਪੁਲਿਸ ਵਿਭਾਗ ਦੁਆਰਾ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇ।
ਜਗਬਿੰਦਰ ਸਿੰਘ ਸੰਧੂ ਨੇ ਅੰਤ ਵਿੱਚ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰਣਗੇ ਤਾਂ ਕਿ ਐਸੀ ਨਾਇਨਸਾਫ਼ੀ ਕਿਸੇ ਹੋਰ ਨਾਲ ਨਾ ਹੋਵੇ।