ਜੌਲਾ ਕਲਾਂ ਦੀ ਜਸ਼ਨਪ੍ਰੀਤ ਕੌਰ ਨੇ ਵਿਸ਼ਵ ਅਰਾਸ਼ੀ ਐੱਮ.ਐੱਮ.ਏ. ਚੈਂਪਿਅਨਸ਼ਿਪ ਵਿੱਚ ਜਿੱਤਿਆ ਸੋਨ ਤਮਗਾ
ਮਲਕੀਤ ਸਿੰਘ ਮਲਕਪੁਰ
ਲਾਲੜੂ 1 ਨਵੰਬਰ 2026: ਪਿੰਡ ਜੌਲਾ ਕਲਾਂ ਦੀ ਹੋਣਹਾਰ ਖਿਡਾਰਨ ਜਸ਼ਨਪ੍ਰੀਤ ਕੌਰ ਨੇ ਸੀ.ਟੀ. ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਈ ਗਈ ਤੀਜੀ ਵਿਸ਼ਵ ਅਰਾਸ਼ੀ ਐੱਮ.ਐੱਮ.ਏ. (ਮਿਕਸਡ ਮਾਰਸ਼ਲ ਆਰਟਸ) ਚੈਂਪਿਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਜੌਲਾ ਕਲਾਂ ਦੇ ਵਸਨੀਕ ਕੁਲਵੰਤ ਸਿੰਘ ਦੇ ਘਰ ਜਨਮੀ 26 ਸਾਲਾ ਜਸ਼ਨਪ੍ਰੀਤ ਕੌਰ ਇਸ ਤੋਂ ਪਹਿਲਾਂ ਵੀ ਤਾਇਕਵਾਂਡੋ ਦੀਆਂ ਅੰਤਰਰਾਸ਼ਟਰੀ ਖੇਡਾਂ ਵਿੱਚ ਸਾਲ 2019 ਦੌਰਾਨ ਸੋਨ ਤਮਗਾ ਜਿੱਤ ਚੁੱਕੀ ਹੈ। ਉਸ ਨੇ ਦੱਸਿਆ ਕਿ ਲੁਧਿਆਣਾ ਵਿਖੇ ਹੋਈ ਇਸ ਚੈਂਪਿਅਨਸ਼ਿਪ ਵਿੱਚ 12 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਉਸ ਨੇ ਚੈਂਪਿਅਨਸ਼ਿਪ ਵਿੱਚ ਸੋਨ ਤਮਗਾ ਹਾਸਲ ਕੀਤਾ। ਉਸ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਕੋਚ ਜਗਜੀਤ ਸਿੰਘ ਨੂੰ ਦਿੱਤਾ। ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਕਾਲਜ ਪੱਧਰ ਤੋਂ ਹੀ ਤਾਇਕਵਾਂਡੋ ਦੀ ਖੇਡ ਨਾਲ ਜੁੜੀ ਹੋਈ ਹੈ। ਉਸ ਨੇ ਪਹਿਲੀ ਵਾਰ ਸੀ.ਟੀ. ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਈ ਗਈ ਅਰਾਸ਼ੀ ਐੱਮ.ਐੱਮ.ਏ. ਚੈਂਪਿਅਨਸ਼ਿਪ ਦੇ ਓਪਨ ਵਰਗ ਵਿੱਚ ਭਾਗ ਲਿਆ ਅਤੇ ਆਪਣੇ ਦ੍ਰਿੜ ਇਰਾਦੇ, ਮਿਹਨਤ ਤੇ ਲਗਨ ਸਦਕਾ ਪਹਿਲੀ ਹੀ ਕੋਸ਼ਿਸ਼ ਵਿੱਚ ਸੋਨ ਤਮਗਾ ਜਿੱਤਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਉਹ ਖੇਡਾਂ ਦੇ ਨਾਲ-ਨਾਲ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਪੱਧਰ ’ਤੇ ਖੇਡ ਸਟੇਡੀਅਮ ਬਣਾਏ ਜਾਣ, ਤਾਂ ਜੋ ਲੜਕਿਆਂ ਦੇ ਨਾਲ-ਨਾਲ ਪਿੰਡਾਂ ਦੀਆਂ ਲੜਕੀਆਂ ਨੂੰ ਵੀ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਮਿਲ ਸਕਣ। ਜਸ਼ਨਪ੍ਰੀਤ ਕੌਰ ਨੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਖੇਡਾਂ ਵਿੱਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ।
- Download Babushahi App
-
-