ਜਗਰਾਉਂ 'ਚ ਸ਼ਰੇਆਮ ਫੁੱਲ-ਫਲ ਰਿਹਾ ਗੈਰ-ਕਾਨੂੰਨੀ ਦੜੇ-ਸੱਟੇ ਦਾ ਕਾਲਾ ਕਾਰੋਬਾਰ
ਕੁੰਭਕਰਨੀ ਨੀਂਦ ਸੁੱਤੇ ਪੁਲਿਸ ਪ੍ਰਸ਼ਾਸਨ 'ਤੇ ਉੱਠੇ ਤਿੱਖੇ ਸਵਾਲ!
ਬਸ ਸਟੈਂਡ ਚੌਂਕ , ਰਾਏਕੋਟ ਰੋਡ ਤੇ ਭਂਗੜ ਗੇਟ ਨੇੜੇ ਚੰਡੀਗੜ੍ਹ ਕਲੋਨੀ ਬਣੀ ਸੱਟੇਬਾਜ਼ਾਂ ਦਾ ਗੜ੍ਹ
ਡੀ ਐਸ ਪੀ ਆਖਦੇ 'ਸਾਨੂੰ ਨਹੀਂ ਕੁਝ ਪਤਾ'- ਕੀ ਇਹ ਨਿਕੰਮਾਪਨ ਹੈ ਜਾਂ ਮਿਲੀਭੁਗਤ
ਬਰਬਾਦੀ ਦੇ ਕੰਢੇ ਕਿਰਤੀ, ਪਰ ਖਾਕੀ ਖਾਮੋਸ਼!
ਜਗਰਾਉਂ (ਦੀਪਕ ਜੈਨ)
ਸ਼ਹਿਰ ਅੰਦਰ ਗੈਰ-ਕਾਨੂੰਨੀ ਦੜੇ-ਸੱਟੇ ਦੇ ਕਾਲੇ ਧੰਦੇ ਨੇ ਆਪਣੇ ਪੰਜੇ ਇਸ ਕਦਰ ਜਕੜ ਲਏ ਹਨ ਕਿ ਗਰੀਬ ਅਤੇ ਮਜ਼ਦੂਰ ਵਰਗ ਦੀਆਂ ਜ਼ਿੰਦਗੀਆਂ ਤਬਾਹੀ ਦੇ ਕੰਢੇ ਪਹੁੰਚ ਚੁੱਕੀਆਂ ਹਨ। ਸ਼ਰੇਆਮ ਚੱਲ ਰਹੇ ਇਸ ਨਜਾਇਜ਼ ਕਾਰੋਬਾਰ ਨੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਅਤੇ ਦਮਗਜ਼ਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਆਮ ਲੋਕ ਇਸ ਸਮਾਜਿਕ ਬੁਰਾਈ ਤੋਂ ਤੰਗ ਆ ਚੁੱਕੇ ਹਨ, ਉੱਥੇ ਹੀ ਪੁਲਿਸ ਦੀ ਰਹੱਸਮਈ ਚੁੱਪ ਅਤੇ ਅਣਦੇਖੀ ਪ੍ਰਸ਼ਾਸਨ ਦੀ ਨੀਅਤ ਅਤੇ ਕਾਰਗੁਜ਼ਾਰੀ 'ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ।
ਸਥਾਨਕ ਲੋਕਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਦਾਅਵਿਆਂ ਅਨੁਸਾਰ ਬੱਸ ਸਟੈਂਡ ਚੌਂਕ, ਰਾਏਕੋਟ ਰੋਡ ਅਤੇ ਭਂਗੜ ਗੇਟ ਨੇੜੇ ਚੰਡੀਗੜ੍ਹ ਕਲੋਨੀ ਦੇ ਆਸ-ਪਾਸ ਸ਼ਰੇਆਮ ਜੂਏ ਅਤੇ ਦੜੇ-ਸੱਟੇ ਦਾ ਕਾਰੋਬਾਰ ਚੱਲ ਰਿਹਾ ਹੈ। ਦਿਹਾੜੀਦਾਰ ਮਜ਼ਦੂਰਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਲੁੱਟੀ ਜਾ ਰਹੀ ਹੈ। ਕਈ ਪਰਿਵਾਰ ਰੋਡ 'ਤੇ ਆ ਚੁੱਕੇ ਹਨ, ਪਰ ਕਾਨੂੰਨ ਦੇ ਰੱਖਿਅਕ ਅੱਖਾਂ 'ਤੇ ਪੱਟੀ ਬੰਨ੍ਹ ਕੇ ਬੈਠੇ ਹਨ।
ਡੀਐਸਪੀ ਦੇ ਬਿਆਨ ਨੇ ਪੁਲਿਸ ਦੀ ਨਾਲਾਇਕੀ ਕੀਤੀ ਨੰਗੀ
ਜਦੋਂ ਇਸ ਗੈਰ-ਕਾਨੂੰਨੀ ਧੰਦੇ ਬਾਰੇ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦਾ ਜਵਾਬ ਬੇਹੱਦ ਹੈਰਾਨੀਜਨਕ ਸੀ। ਉਨ੍ਹਾਂ ਸਾਫ਼ ਕਹਿ ਦਿੱਤਾ ਕਿ "ਉਨ੍ਹਾਂ ਦੇ ਧਿਆਨ ਵਿੱਚ ਅਜਿਹੇ ਕਿਸੇ ਵੀ ਗੈਰ-ਕਾਨੂੰਨੀ ਕਾਰੋਬਾਰ ਜਾਂ ਸਥਾਨ ਦੀ ਕੋਈ ਜਾਣਕਾਰੀ ਨਹੀਂ ਹੈ।" ਡੀਐਸਪੀ ਦੇ ਇਸ ਬਿਆਨ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ ਜੇਕਰ ਸ਼ਹਿਰ ਦੇ ਵਿਚੋ-ਵਿਚ ਸ਼ਰੇਆਮ ਸੱਟਾ ਚੱਲ ਰਿਹਾ ਹੈ ਅਤੇ ਪੁਲਿਸ ਨੂੰ ਖ਼ਬਰ ਤੱਕ ਨਹੀਂ, ਤਾਂ ਕੀ ਇਹ ਪੁਲਿਸ ਦਾ ਮੁਖਬਰੀ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ।
ਕੀ ਪੁਲਿਸ ਵਹੀਰਾਂ ਘੱਤ ਕੇ ਅਣਜਾਣ ਬਣਨ ਦਾ ਨਾਟਕ ਕਰ ਰਹੀ ਹੈ ਤਾਂ ਜੋ ਸੱਟੇਬਾਜ਼ਾਂ ਨੂੰ ਖੁੱਲ੍ਹੀ ਛੋਟ ਮਿਲ ਸਕੇ। ਕੀ ਰਾਜਨੈਤਿਕ ਦਬਾਹ ਦੇ ਹੇਠ ਚਲ ਰਿਹਾ ਦੜੇ-ਸੱਟੇ ਦਾ ਕਾਲਾ ਕਾਰੋਬਾਰ...? ਸ਼ਹਿਰ ਵਿੱਚ ਥਾਂ ਥਾਂ ਚੱਲ ਰਹੇ ਦੜੇ ਸੱਟੇ ਦੇ ਕਾਰੋਬਾਰ ਤੇ ਪ੍ਰਸ਼ਾਸਨ ਕਾਰਵਾਈ ਕਰਨ ਦੀ ਬਜਾਏ "ਜਾਣਕਾਰੀ ਨਾ ਹੋਣ" ਦਾ ਬਹਾਨਾ ਬਣਾ ਕੇ ਪੱਲਾ ਝਾੜ ਰਿਹਾ ਹੈ।
- Download Babushahi App
-
-