ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਬਦੀ ਸਮਾਗਮ ਨਾਂਦੇੜ ਵਿਖੇ ਹੋਏ ਸੰਪੰਨ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਰਫ਼ ਸਿੱਖ ਧਰਮ ਦੇ ਨਹੀਂ ਸਗੋਂ ਸਰਵ ਭਾਰਤੀ ਧਰਮਾਂ ਦੇ ਰੱਖਿਅਕ ਸਨ-ਦੇਵੇਂਦਰ ਫੜਨਵੀਸ
ਜੇ ਮਹਾਂਰਾਸ਼ਟਰ ਤੇ ਪੰਜਾਬ ਹਿੰਦੋਸਤਾਨ ਦੇ ਨਕਸ਼ੇ ‘ਤੇ ਨਾ ਹੁੰਦੇ ਤੇ ਅੱਜ ਹਿੰਦੋਸਤਾਨ ਦਾ ਸਰੂਪ ਕੁਝ ਹੋਰ ਹੋਣਾ ਸੀ-ਬਾਬਾ ਹਰਨਾਮ ਸਿੰਘ ਖਾਲਸਾ
ਨਾਂਦੇੜ ਸਾਹਿਬ (ਬਲਰਾਜ ਸਿੰਘ ਰਾਜਾ)- ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਨਾਏ ਜਾ ਰਹੇ ਦੋ ਦਿਨਾਂ ਸ਼ਤਾਬਦੀ ਸਮਾਗਮਾਂ ਦੇ ਅੱਜ ਦੂਸਰੇ ਦਿਨ ਵੀ ਨਿਰੰਤਰ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਿਆ ਤੇ ਬਹੁਤ ਸਾਰੀਆਂ ਪ੍ਰਮੁੱਖ ਧਾਰਮਿਕ ,ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕਰਦੇ ਹੋਏ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਭਾਈ ਸਤੀ ਦਾਸ,ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀ ਲਾ-ਮਿਸਾਲ ਸ਼ਹਾਦਤ ਨੂੰ ਸ਼ਰਧਾਂ ਤੇ ਸਤਿਕਾਰ ਸਾਹਿਤ ਨਮਨ ਭੇਂਟ ਕੀਤਾ।
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋ ਰਹੇ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਨਾਂਦੇੜ ਦੇ ਮੋਦੀ ਮੈਦਾਨ ਵਾਘਾਲਾ ਵਿਖੇ 92 ਏਕੜ ‘ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਜੇ ਸੁੰਦਰ ਤੇ ਵਿਸ਼ਾਲ ਪੰਡਾਲ ‘ਸ੍ਰੀ ਗੁਰੂ ਤੇਗ ਬਹਾਦਰ ਦਰਬਾਰ’ ਵਿਖੇ ਅੱਜ ਦੇ ਸਮਾਗਮ ਦੌਰਾਨ ਭਾਈ ਗੁਰਲਾਲ ਸਿੰਘ ਹਜ਼ੂਰੀ ਰਾਗੀ ਦਮਦਮੀ ਟਕਸਾਲ , ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਓਕਾਂਰ ਸਿੰਘ ਤੇ ਭਾਈ ਕੁਲਦੀਪ ਸਿੰਘ,ਪੰਥ ਪ੍ਰਸਿੱਧ ਕੀਰਤਨੀਏ ਭਾਈ ਚਮਨਜੀਤ ਸਿੰਘ ਲਾਲ ਤੇ ਭਾਈ ਬਲਪ੍ਰੀਤ ਸਿੰਘ ਲੁਧਿਆਣਾ ਵਾਲਿਆਂ ਨੇ ਆਪਣੇ ਜਥਿਆ ਸਮੇਤ ਹਾਜ਼ਰੀ ਭਰੀ ਤੇ ਸ਼ਹੀਦੀ ਸ਼ਤਾਬਦੀ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਹੋਣ ਲਈ ਦੇਸ਼ ਵਿਦੇਸ਼ ਤੋਂ ਹੁੰਮ ਹੁੰਮਾ ਕੇ ਪੁੱਜੀ ਸੰਗਤ ਨੂੰ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਾਇਆ।
ਆਪਣੇ ਸੰਬੋਧਨ `ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ,ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਤੇ ਭਾਈ ਲੱਖੀ ਸ਼ਾਹ ਬੰਜਾਰਾ ਦੇ ਸਾਹਸ ਨੂੰ ਨਮਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਰਫ਼ ਸਿੱਖ ਧਰਮ ਦੇ ਨਹੀਂ, ਸਗੋਂ ਸਰਵ ਭਾਰਤੀ ਧਰਮਾਂ ਦੇ ਰੱਖਿਅਕ ਸਨ,ਜਿਸ ਲਈ ਉਨ੍ਹਾਂ ਨੂੰ “ਹਿੰਦ ਦੀ ਚਾਦਰ” ਕਿਹਾ ਜਾਂਦਾ ਹੈ।ਉਨ੍ਹਾਂ ਦੀ ਸ਼ਹਾਦਤ ਨੇ ਜੁਲਮ ਦੇ ਖਿਲਾਫ਼ ਸੱਚ ਦੀ ਆਵਾਜ਼ ਬੁਲੰਦ ਕੀਤੀ ਤੇ ਖਾਲਸਾ ਪੰਥ ਨੂੰ ਨਵੀਂ ਆਤਮਿਕ ਸ਼ਕਤੀ ਬਖ਼ਸ਼ੀ ਹੈ।ਅੱਜ ਜਿਸ ਆਜ਼ਾਦੀ, ਧਾਰਮਿਕ ਅਭਿਵਿਅਕਤੀ ਤੇ ਵਿਸ਼ਵਾਸ ਦੀ ਖੁੱਲ੍ਹੀ ਹਵਾ ‘ਚ ਅਸੀਂ ਖੁੱਲ੍ਹ ਕੇ ਜੀ ਰਹੇ ਹਾਂ,ਉਹ ਗੁਰੂ ਸਾਹਿਬ ਦੀ ਕੁਰਬਾਨੀ ਸਦਕਾ ਹੈ।ਮਹਾਂਰਾਸ਼ਟਰ ‘ਚ ਮਨਾਏ ਜਾ ਰਹੇ 350 ਸਾਲਾ ਸ਼ਤਾਬਦੀ ਸਮਾਗਮਾਂ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਵੱਲੋਂ ਗੁਰੂ ਸਾਹਿਬਾਨ ਨੂੰ ਸਮਰਪਿਤ ਅਜਿਹੇ ਉਪਰਾਲੇ ਭਵਿੱਖ ‘ਚ ਹਮੇਸ਼ਾਂ ਕੀਤੇ ਜਾਂਦੇ ਰਹਿਣਗੇ।ਇਸ ਮੌਕੇ ਉਪ ਮੁੱਖ ਮੰਤਰੀ ਮਹਾਂਰਾਸ਼ਟਰ ਸ੍ਰੀ ਅਜੀਤ ਦਾਦਾ ਪਵਾਰ,ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ੍ਰੀ ਪਵਨ ਕਲਿਆਣ,ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਵਿਜੇ ਸਤਬੀਰ ਸਿੰਘ ਚੇਅਰਮੈਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ, ਮੁੱਖ ਮੰਤਰੀ ਮਹਾਰਾਸ਼ਟਰਾ ਰਾਹਤ ਫੰਡ ਦੇ ਇੰਚਾਰਜ ਸ੍ਰੀ ਰਾਮੇਸ਼ਵਰ ਨਾਇਕ ਆਦਿ ਨੇ ਵੀ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੰਗਤਾਂ ਸਨਮੁੱਖ ਆਪਣੇ ਵਿਚਾਰ ਪ੍ਰਗਟ ਕੀਤੇ।
ਇੰਨ੍ਹਾਂ ਸ਼ਤਾਬਦੀ ਸਮਾਗਮਾਂ ਲਈ ਮਹਾਂਰਾਸ਼ਟਰ ਸਰਕਾਰ ਵੱਲੋਂ ਗਠਿਤ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਨਾਤਨ ਧਰਮ ਨੂੰ ਬਚਾਉਣ ਦੀ ਖਾਤਿਰ ਆਪਣਾ ਸੀਸ ਨੌਸ਼ਾਵਰ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਉਪੱੱਰ ਬੋਲਦੇ ਹੋਏ ਦੱਸਿਆ ਕਿ ਔਰੰਗਜ਼ੇਬ ਵੱਲੋਂ ਗੁਰੂ ਸਾਹਿਬ ਤੇ ਭਾਈ ਮਤੀ ਦਾਸ,ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਉਪੱਰ ਕਿਵੇਂ ਜ਼ਬਰ ਤੇ ਜ਼ੁਲਮ ਕੀਤੇ ਗਏ ਪਰ ਗੁਰੂ ਸਾਹਿਬ ਨੇ ਕੱਟੜਵਾਦੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਧਾਰਮਿਕ ਸੁਤੰਤਰਤਾ ਤੇ ਮਨੁੱਖੀ ਹੱਕਾਂ ਦੀ ਬਰਾਬਰੀ ਹਿੱਤ ਆਪਣੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ,ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇ ਮਹਾਰਾਸ਼ਟਰ ਤੇ ਪੰਜਾਬ ਹਿੰਦੋਸਤਾਨ ਦੇ ਨਕਸ਼ੇ ‘ਤੇ ਨਾ ਹੁੰਦੇ ਤੇ ਅੱਜ ਹਿੰਦੋਸਤਾਨ ਦਾ ਸਰੂਪ ਕੁਝ ਹੋਰ ਹੋਣਾ ਸੀ।ਇਨ੍ਹਾਂ ਦੋਨਾਂ ਸੂਬਿਆਂ ਦੀ ਧਰਤੀ ‘ਤੇ ਪੈਦਾ ਹੋਏ ਮਹਾਨ ਗੁਰੂ ਪੈਗੰਬਰਾਂ ਤੇ ਸੂਰਬੀਰ ਯੋਧਿਆਂ ਨੇ ਜਿੱਥੇ ਧਰਮ ਤੇ ਸੱਚਾਈ ਲਈ ਆਪਣੀ ਜਾਨਾਂ ਤੱਕ ਨਿਛਾਵਰ ਕੀਤੀਆਂ,ੳੱਥੇ ਹੀ ਆਜ਼ਾਦੀ ਦੀ ਲੜਾਈ ‘ਚ ਵੀ ਪੰਜਾਬ ਤੇ ਮਹਾਂਰਾਸ਼ਟਰ ਸੂਬੇ ਸਭਤੋਂ ਮੋਹਰੀ ਰਹੇ ਹਨ।
ਦਮਦਮੀ ਟਕਸਾਲ ਮੁਖੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨੂੰ 350 ਸਾਲਾ ਹੋਣ ‘ਤੇ ਦੋ ਦਿਨਾਂ ਸ਼ਹੀਦੀ ਸ਼ਤਾਬਦੀ ਸਮਾਗਮ ਮਹਾਂਰਾਸ਼ਟਰ ਸਰਕਾਰ ਵੱਲੋਂ ਰਾਜ ਪੱਧਰ ‘ਤੇ ਮਨਾਏ ਜਾਣ ਤੇ ਸਿੱਖ ਸ਼ਹਾਦਤ(1500-1765) ਨੂੰ ਸੂਬੇ ਦੇ ਪਾਠਕ੍ਰਮ ‘ਚ ਸ਼ਾਮਿਲ ਕੀਤੇ ਜਾਣ ਦਾ ਆਰਡੀਨੈੱਸ ਲਾਗੂ ਕੀਤੇ ਜਾਣ ‘ਤੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਸੰਦਰਭ ‘ਚ ਮਹਾਰਾਸ਼ਟਰ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸਨੂੰ ਬਹੁਤ ਹੀ ਮਹੱਤਵਪੂਰਨ ਦੱਸਿਆ ਤੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਸਿੱਖ ਗੁਰੂਆਂ ਅਤੇ ਸ਼ਹੀਦਾਂ ਦੀ ਵਿਰਾਸਤ ਦਾ ਸਨਮਾਨ ਕਰੇਗੀ ਬਲਕਿ ਭਾਰਤ ਦੇ ਬਹੁਲਤਾਵਾਦ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਇੱਕ ਮੀਲ ਪੱਥਰ ਵੀ ਸਾਬਤ ਹੋਵੇਗੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਸੇਧ ਦੇਵੇਗੀ।
ਇਸਦੇ ਨਾਲ ਹੀ ਉਨ੍ਹਾਂ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਲਈ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਸਮੇਤ ਸਮਾਗਮ ‘ਚ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਤੇ ਸੰਗਤਾਂ ਦਾ ਕੋਟਿਨ ਕੋੇਟ ਧੰਨਵਾਦ ਕਰਦੇ ਹੋਏ ਅਹਿਮ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਇਸ ਦੋ ਦਿਨਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਜਥੇਦਾਰ ਬਾਬਾ ਬਲਬੀਰ ਸਿੰਘ 96ਕਰੋੜੀ ਮੁਖੀ ਬੁੱਢਾ ਦਲ, ਬਾਬਾ ਜੋਗਾ ਸਿੰਘ ,ਸੰਤ ਬਾਬਾ ਰਾਮ ਸਿੰਘ ,ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਹਜ਼ੂਰ ਸਾਹਿਬ,ਮੀਤ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੀਤ ਸਿੰਘ,ਜਥੇਦਾਰ ਬਾਬਾ ਜੋਤਇੰਦਰ ਸਿੰਘ , ਸੰਤ ਬਾਬਾ ਬਲਵਿੰਦਰ ਸਿੰਘ ਗੁਰਦਆਰਾ ਲੰਗਰ ਸਾਹਿਬ ਵਾਲੇ, ਗਿਆਨੀ ਸੁਖਵਿੰਦਰ ਸਿੰਘ ਗ੍ਰੰਥੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਮੈਂਬਰ ਪਾਰਲੀਮੈਂਟ ਸ੍ਰੀ ਅਜੀਤ ਗੋਪਚੜ੍ਹੇ,ਬਾਬੂ ਸਿੰਘ ਮਹਾਰਾਜ,ਸ੍ਰੀ ਅਸ਼ੌਕ ਚੋਹਾਨ ਸਾਬਕਾ ਮੁੱਖ ਮੰਤਰੀ ਮਹਾਂਰਾਸ਼ਟਰ,ਕੈਬਨਿਟ ਮੰਤਰੀ ਗਿਰੀਸ਼ ਮਹਾਜਨ, ਭਾਈ ਜਸਕੀਰਤ ਸਿੰਘ,ਭਾਈ ਤ੍ਰਿਲੋਕ ਸਿੰਘ ਉਲਾਸ ਨਗਰ ਵਿਧਾਇਕ ਸ੍ਰੀ ਦਸ਼ਮੇਰ ਰਾਠੋੜ,ਵਿਧਾਇਕ ਸ਼੍ਰੀ ਜਯਾ ਚੌਹਾਨ, ਸੰਤ ਰਾਮ ਸਿੰਘ ਮਹਾਰਾਜ ਲੁਬਾਣਾ ਸਮਾਜ ,ਤੇਜਾ ਸਿੰਘ ਬਾਵਰੀ ਸ਼ਿਕਲੀਗਰ ਸਮਾਜ,ਮਲਕੀਤ ਸਿੰਘ ਬੱਲ, ਭਾਈ ਸੁਰਜੀਤ ਸਿੰਘ ਗਿੱਲ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ, ਚਰਨਜੀਤ ਸਿੰਘ ਹੈਪੀ ,ਗੁਰਮੀਤ ਸਿੰਘ ਖੋਖਰ, ਨਰਿੰਦਰ ਸਿੰਘ ਨਾਗਪੁਰ,ਗਿਆਨੀ ਸਾਹਬ ਸਿੰਘ,ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ,ਡਾ. ਅਵਤਾਰ ਸਿੰਘ ਬੁੱਟਰ ,ਮਹੰਤ ਸੁਰੇਸ਼ ਮਹਾਰਾਜ, ਮਹੰਤ ਮੋਹਨ ਲਾਲ ਸਾਈ, ਮਹੰਤ ਰਾਮ ਸਿੰਘ, ਮਹੰਤ ਪ੍ਰੇਮ ਸਿੰਘ, ਮਹੰਤ ਦਰਿਆ ਸਿੰਘ, ਮਹੰਤ ਸਾਧਵੀ ਮਾਇਆ ਦੇਵੀ ਤੇ ਮਹੰਤ ਕਬੀਰ ਦਾਸ ਮਹਾਰਾਜ,ਮੈਂਬਰ ਪਾਰਲੀਮੈਂਟ ਸ੍ਰੀ ਲਲਿਤ ਗਾਂਧੀ, ਕਿਸ਼ੋਰ ਦੇਸ਼ਮੁਖ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਹਾਜ਼ਰ ਸਨ।
ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਤੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦਾ ਵਿਸ਼ੇਸ਼ ਸਨਮਾਨ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਅਹਿਮ ਯੋਗਦਾਨ ਦੇਣ ਤੇ ਵੱਡੇ ਉਪਰਾਲੇ ਕੀਤੇ ਜਾਣ ਲਈ ਸ਼ਹੀਦੀ ਸ਼ਤਾਬਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਮਹਾਂਰਾਸ਼ਟਰ ਸਰਕਾਰ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਇਤਿਹਾਸਕ ਬਣਾਉਣ ਲਈ ਵਿਸ਼ਾਲ ਪੱਧਰ ‘ਤੇ ਕੀਤੇ ਗਏ ਪ੍ਰਬੰਧਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ।