ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38ਵੀਂ ਪੁਸਤਕ ‘ਕੁੰਡਲੀਏ ਨਿਰਦੋਸ਼ ਦੇ’ ਲੋਕ ਅਰਪਣ
ਫਰੇਜ਼ਰ ਵੈਲੀ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਜੀਵਨ ਭਰ ਦੀਆਂ ਸਾਹਿਤਕ ਤੇ ਪੰਥਕ ਸੇਵਾਵਾਂ ਲਈ ਸਨਮਾਨ
ਹਰਦਮ ਮਾਨ
ਐਬਸਫੋਰਡ, 17 ਸਤੰਬਰ 2026-ਪ੍ਰਸਿੱਧ ਸਿੱਖ ਵਿਦਵਾਨ, ਕਵੀ, ਇਤਿਹਾਸਕਾਰ ਅਤੇ ਖੋਜੀ ਸਾਹਿਤਕਾਰ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38ਵੀਂ ਪੁਸਤਕ ‘ਕੁੰਡਲੀਏ ਨਿਰਦੋਸ਼ ਦੇ’ ਦਾ ਲੋਕ ਅਰਪਣ ਸਮਾਗਮ ਐਬਸਫੋਰਡ ਦੀਆਂ ਸਮੂਹ ਪੰਜਾਬੀ ਸਾਹਿਤਕ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਵਿਰਾਸਤੀ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਕਰਵਾਇਆ ਗਿਆ। ਸਾਹਿਤਕ ਵਿਚਾਰਾਂ, ਕਾਵਿ-ਗਾਇਨ ਅਤੇ ਸਨਮਾਨ ਦੀਆਂ ਭਾਵਨਾਵਾਂ ਨਾਲ ਭਰਪੂਰ ਇਹ ਸਮਾਗਮ ਉਸ ਵੇਲੇ ਵਿਸ਼ੇਸ਼ ਯਾਦਗਾਰੀ ਬਣ ਗਿਆ, ਜਦੋਂ ਫਰੇਜ਼ਰ ਵੈਲੀ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ 86 ਸਾਲਾ ਗਿਆਨੀ ਨਿਰਦੋਸ਼ ਨੂੰ ਉਨ੍ਹਾਂ ਦੀਆਂ ਲੰਬੇ ਸਮੇਂ ਦੀਆਂ ਸਾਹਿਤਕ ਅਤੇ ਪੰਥਕ ਸੇਵਾਵਾਂ ਲਈ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਨਾਲ ਜੁੜੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਜੀਵਨ ਦੀਆਂ ਔਕੜਾਂ ਸਿਰਜਣਾਤਮਕਤਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੀਆਂ ਚਾਹੀਦੀਆਂ। ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਬਾਵਜੂਦ ਚੜ੍ਹਦੀ ਕਲਾ ਵਿੱਚ ਸਾਹਿਤ ਸਿਰਜਦੇ ਰਹਿਣ ਦੀ ਉਨ੍ਹਾਂ ਦੀ ਦ੍ਰਿੜਤਾ ਨੇ ਹਾਜ਼ਰ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਸਨਮਾਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਫਰੇਜ਼ਰ ਵੈਲੀ ਦੀਆਂ ਵੱਖ-ਵੱਖ ਸਾਹਿਤਕ ਸੰਸਥਾਵਾਂ ਨੂੰ ਆਪਸੀ ਸਹਿਯੋਗ ਨਾਲ ਇੱਕ ਸਾਂਝੀ ਸਾਹਿਤ ਸਭਾ ਦੇ ਰੂਪ ਵਿੱਚ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ, ਜਿਸ ਦਾ ਹਾਜ਼ਰੀਨ ਵੱਲੋਂ ਹੁੰਗਾਰਾ ਭਰਿਆ ਗਿਆ।
ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ‘ਕੁੰਡਲੀਏ ਨਿਰਦੋਸ਼ ਦੇ’ ਪੰਜਾਬੀ ਕਾਵਿ-ਪਰੰਪਰਾ ਵਿੱਚ ਹੌਲੀ-ਹੌਲੀ ਅਲੋਪ ਹੋ ਰਹੇ ‘ਕੁੰਡਲੀਆ’ ਮਾਤਰਿਕ ਛੰਦ ਨੂੰ ਮੁੜ ਸੁਰਜੀਤ ਕਰਨ ਵੱਲ ਇੱਕ ਮਹੱਤਵਪੂਰਨ ਯਤਨ ਹੈ। ਉਨ੍ਹਾਂ ਪੁਸਤਕ ਦੀ ਵਿਸ਼ਾ-ਵਸਤੂ, ਕਾਵਿ-ਸ਼ੈਲੀ ਅਤੇ ਰਚਨਾਤਮਕ ਪੱਖਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਇਸ ਨੂੰ ਲੇਖਕ ਦੀ ਲੰਮੀ ਸਾਹਿਤਕ ਸਾਧਨਾ ਦਾ ਇੱਕ ਹੋਰ ਮਹੱਤਵਪੂਰਨ ਪੜਾਅ ਦੱਸਿਆ।
ਸਾਹਿਤ ਦੇ ਸਰਪ੍ਰਸਤ ਗੁਰਬਖਸ਼ ਸਿੰਘ ਢੱਟ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਬੀਬੀ ਸਤਵੰਤ ਕੌਰ ਪੰਧੇਰ ਨੇ ਗਿਆਨੀ ਨਿਰਦੋਸ਼ ਦੀ ਸ਼ਖ਼ਸੀਅਤ ਬਾਰੇ ਭਾਵਪੂਰਤ ਵਿਚਾਰ ਸਾਂਝੇ ਕੀਤੇ, ਜਦਕਿ ਉੱਘੀ ਨਾਵਲਕਾਰ ਹਰਕੀਰਤ ਕੌਰ ਚਾਹਲ ਨੇ ਉਨ੍ਹਾਂ ਦੀ ਇਤਿਹਾਸਕਾਰ, ਸੰਗੀਤਕਾਰ, ਕਵੀ ਅਤੇ ਖੋਜੀ ਵਿਦਵਾਨ ਵਜੋਂ ਬਹੁਪੱਖੀ ਦੇਣ ਨੂੰ ਰੇਖਾਂਕਿਤ ਕੀਤਾ। ਲੇਖਕ ਨੂੰ ਬੁੱਕੇ ਭੇਟ ਕਰਨ ਦੀ ਰਸਮ ਤਰਲੋਕ ਸਿੰਘ ਬਰਾੜ, ਐਡਵੋਕੇਟ ਅਮਨ ਚੀਮਾ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਨਿਭਾਈ ਗਈ।
ਸਮਾਗਮ ਦੇ ਕਾਵਿ-ਪੱਖ ਨੂੰ ਢਾਡੀ ਸੁਰਜੀਤ ਸਿੰਘ ਸਫ਼ਰੀ ਅਤੇ ਚਮਕੌਰ ਸਿੰਘ ਸੇਖੋਂ ਭੋਤਨਾ ਨੇ ਗਿਆਨੀ ਨਿਰਦੋਸ਼ ਦੀਆਂ ਕੁੰਡਲੀਆਂ ਨੂੰ ਢਾਡੀ ਅੰਦਾਜ਼ ਵਿੱਚ ਗਾ ਕੇ ਪ੍ਰਭਾਵਸ਼ਾਲੀ ਬਣਾਇਆ। ਗੁਰਮੇਲ ਸਿੰਘ ਕਟਾਰੀਆ ਨੇ ਉਨ੍ਹਾਂ ਦੀ ਕਵਿਤਾ ‘ਪਾਣੀ ਵਿੱਚ ਮਧਾਣੀ’ ਦਾ ਗਾਇਨ ਕੀਤਾ, ਜਦਕਿ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਅਤੇ ਮੁਲਖ ਰਾਜ ਬਜਾਜ ‘ਪ੍ਰੇਮੀ’ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।
ਸਮਾਗਮ ਵਿੱਚ ਲਖਬੀਰ ਸਿੰਘ, ਪਵਨ ਗਿੱਲਾਂ ਵਾਲਾ, ਗੁਰਦੇਵ ਸਿੰਘ ਬਰਾੜ, ਗੁਰਪ੍ਰੀਤ ਸਿੰਘ ਚਾਹਲ, ਸੁਰਜੀਤ ਸਿੰਘ ਅੱਚਰਵਾਲ, ਸੁਰਜੀਤ ਸਿੰਘ ਸਹੋਤਾ, ਦਵਿੰਦਰ ਸਿੰਘ ਪੂਨੀਆ, ਮਹਿਮਾ ਸਿੰਘ ਤੂਰ, ਹਰੀ ਸਿੰਘ ਤਾਤਲਾ, ਮਲਕੀਤ ਸਿੰਘ ਮੀਲੂ, ਗੁਰਦੇਵ ਸਿੰਘ ਬੁੱਟਰ, ਲਖਜੀਤ ਸਿੰਘ ਸਾਰੰਗ, ਸੁਖਵਿੰਦਰ ਸਿੰਘ ਚੋਹਲਾ, ਬਲਵਿੰਦਰ ਸਿੰਘ ਰੁਪਾਲ, ਸੁਖਦੇਵ ਸਿੰਘ ਗੋਹਲਵੜ, ਕਿਰਪਾਲ ਸਿੰਘ ਗਰਚਾ ਅਤੇ ਸੁਖਦੇਵ ਸਿੰਘ ਗਰਚਾ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ। ਸਮਾਗਮ ਦਾ ਸੰਚਾਲਨ ਡਾ. ਸੁਰਿੰਦਰਜੀਤ ਸਿੰਘ ਭੇਲਾ ਨੇ ਸੁਚੱਜੇ ਢੰਗ ਨਾਲ ਕੀਤਾ।
- Download Babushahi App
-
-