ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਲਈ ਤਿਆਰੀਆਂ ਮੁਕੰਮਲ; 30 ਜਨਵਰੀ ਤੋਂ ਭਿੜਨਗੇ ਖਿਡਾਰੀ ਅਤੇ ਬੈਲ ਗੱਡੀਆਂ
---ਖੇਡਾਂ ਨੂੰ ਪਾਰਦਰਸ਼ੀ ਬਣਾਉਣ ਲਈ 11 ਮੈਂਬਰੀ ਕਮੇਟੀ ਗਠਿਤ, ਰਜਿਸਟ੍ਰੇਸ਼ਨ ਫੀਸ ਦੇ ਨਾਂ 'ਤੇ ਪੈਸੇ ਮੰਗਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ: ਡਿਪਟੀ ਕਮਿਸ਼ਨਰ
ਸੁਖਮਿੰਦਰ ਭੰਗੂ
ਲੁਧਿਆਣਾ, 27 ਜਨਵਰੀ 2026
ਵਿਸ਼ਵ ਪ੍ਰਸਿੱਧ 'ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ' ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਮਰ ਕੱਸ ਲਈ ਗਈ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅੱਜ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦੇ ਪ੍ਰਬੰਧਾਂ ਲਈ 11 ਮੈਂਬਰੀ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿਛਲੇ ਤਿੰਨ ਸਾਲਾਂ ਵਾਂਗ ਇਸ ਵਾਰ ਵੀ ਖੇਡਾਂ ਦਾ ਸਮੁੱਚਾ ਖਰਚਾ ਉਠਾ ਰਹੀ ਹੈ।
ਡੀ.ਸੀ. ਹਿਮਾਂਸ਼ੂ ਜੈਨ ਨੇ ਖਿਡਾਰੀਆਂ ਅਤੇ ਭਾਗ ਲੈਣ ਵਾਲਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬੈਲ ਗੱਡੀਆਂ ਦੀ ਦੌੜ ਜਾਂ ਕਿਸੇ ਵੀ ਹੋਰ ਮੁਕਾਬਲੇ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਜੇਕਰ ਕੋਈ ਵਿਅਕਤੀ ਰਜਿਸਟ੍ਰੇਸ਼ਨ ਦੇ ਨਾਂ 'ਤੇ ਪੈਸਿਆਂ ਦੀ ਮੰਗ ਕਰਦਾ ਹੈ, ਤਾਂ ਤੁਰੰਤ ਪ੍ਰਸ਼ਾਸਨ ਜਾਂ ਗਠਿਤ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਜਾਵੇ। ਬੈਲ ਗੱਡੀਆਂ ਦੀ ਰਜਿਸਟ੍ਰੇਸ਼ਨ ਸਿਰਫ਼ ਪ੍ਰਸ਼ਾਸਨ ਵੱਲੋਂ ਨਾਮਜ਼ਦ ਕੀਤੇ ਗਏ 11 ਮੈਂਬਰਾਂ (ਜਿਨ੍ਹਾਂ ਵਿੱਚ ਡਾ. ਹਰਜਿੰਦਰ ਸਿੰਘ ਅਤੇ ਹੋਰ ਮਾਹਿਰ ਸ਼ਾਮਲ ਹਨ) ਰਾਹੀਂ ਹੀ ਕੀਤੀ ਜਾਵੇਗੀ।
ਤਿੰਨ ਦਿਨ ਚੱਲਣ ਵਾਲਾ ਖੇਡਾਂ ਦਾ ਮਹਾਕੁੰਭ
30 ਜਨਵਰੀ ਤੋਂ 1 ਫਰਵਰੀ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਹਰ ਰੋਜ਼ ਬੈਲ ਗੱਡੀਆਂ ਦੀਆਂ ਦੌੜਾਂ ਖਿੱਚ ਦਾ ਕੇਂਦਰ ਰਹਿਣਗੀਆਂ। ਖੇਡਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
30 ਜਨਵਰੀ (ਪਹਿਲਾ ਦਿਨ): ਹਾਕੀ (ਲੜਕੇ/ਲੜਕੀਆਂ), 1500 ਮੀਟਰ ਦੌੜ, ਪ੍ਰਾਇਮਰੀ ਸਕੂਲ ਦੀਆਂ ਦੌੜਾਂ ਅਤੇ ਬੈਲ ਗੱਡੀਆਂ ਦੇ ਮੁਕਾਬਲੇ। ਉਦਘਾਟਨੀ ਸਮਾਰੋਹ ਵਿੱਚ ਗਿੱਧਾ, ਭੰਗੜਾ ਅਤੇ ਨਿਹੰਗ ਸਿੰਘਾਂ ਦੇ ਜੌਹਰ ਦੇਖਣ ਨੂੰ ਮਿਲਣਗੇ।
31 ਜਨਵਰੀ (ਦੂਜਾ ਦਿਨ): ਕਬੱਡੀ ਸਰਕਲ ਤੇ ਨੈਸ਼ਨਲ ਸਟਾਈਲ, ਸ਼ਾਟਪੁੱਟ, ਲੌਂਗ ਜੰਪ, 100 ਮੀਟਰ ਦੌੜਾਂ ਅਤੇ ਰੱਸਾ-ਕੱਸੀ ਦੇ ਦਿਲਚਸਪ ਮੁਕਾਬਲੇ।
1 ਫਰਵਰੀ (ਤੀਜਾ ਦਿਨ): ਉੱਚੀ ਛਾਲ, ਸਾਈਕਲ ਦੌੜ, ਬਜ਼ੁਰਗਾਂ (65 ਤੋਂ 80+ ਸਾਲ) ਦੀਆਂ ਦੌੜਾਂ, ਟਰਾਲੀ ਲੋਡਿੰਗ-ਅਨਲੋਡਿੰਗ ਅਤੇ ਬੈਲ ਗੱਡੀਆਂ ਦੇ ਫਾਈਨਲ ਮੁਕਾਬਲੇ।
ਖੇਡਾਂ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਨਾਮਵਰ ਪੰਜਾਬੀ ਗਾਇਕਾ ਵੱਲੋਂ ਤਿੰਨੇ ਦਿਨ ਅਖਾੜਾ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਵਚਨਬੱਧ ਹੈ ਅਤੇ ਇਹ ਪੇਂਡੂ ਓਲੰਪਿਕ ਨਵੀਂ ਪਨੀਰੀ ਨੂੰ ਖੇਡਾਂ ਨਾਲ ਜੋੜਨ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੀਆਂ।