30 ਨਵੰਬਰ ਅੱਖਾਂ ਦੇ ਅਪ੍ਰੇਸ਼ਨ ਕੈਂਪ ਸੰਬੰਧੀ ਪੋਸਟਰ ਜਾਰੀ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਨਵੰਬਰ 2025
ਅੱਖਾਂ ਕੁਦਰਤ ਦੀ ਅਨਮੋਲ ਦਾਤ ਹਨ।ਇਨ੍ਹਾਂ ਨਾਲ ਅਸੀਂ ਇਸ ਦੁਨੀਆਂ ਅੰਦਰ ਕੁਦਰਤ ਦੇ ਕਰਿਸਮਿਆਂ ਦਾ ਅਨੰਦ ਮਾਣਦੇ ਹਾਂ। ਜੇਕਰ ਅੱਖਾਂ ਗਈਆਂ ਸੁਆਦ ਗਿਆ,ਦੰਦ ਗਏ ਜਹਾਨ ਗਿਆ,ਇਹ ਵਿਚਾਰ ਜੁਝਾਰ ਸਿੰਘ ਸਾਬਕਾ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਨੇ 30 ਨਵੰਬਰ ਦਿਨ ਐਤਵਾਰ ਨੂੰ ਪਿੰਡ ਹਿਆਤਪੁਰ ਰੁੜਕੀ,ਬਲਾਕ ਸੜੋਆ ਵਿਖੇ ਪਿੰਡ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਅੱਖਾਂ ਦੇ ਚੈੱਕ ਅੱਪ ਕੈਂਪ ਦਾ ਪੋਸਟਰ ਜਾਰੀ ਕਰਨ ਮੌਕੇ ਪ੍ਰੈਸ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਅਸਲ ਮਨੁੱਖਤਾ ਦੀ ਸੇਵਾ ਹੈ। ਸਾਡਾ ਇਲਾਕਾ ਬਹੁਤ ਸਾਰੀਆਂ ਸਹੂਲਤਾਂ ਤੋਂ ਪੱਛੜਿਆਂ ਹੋਇਆ ਹੈ,ਇਸ ਲਈ ਇਲਾਕੇ ਦੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਮਦਦ ਲਈ ਪਿੰਡ ਵਲੋਂ ਅੱਖਾਂ ਦਾ ਚੈੱਕ ਅੱਪ ਕੈਂਪ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਰੀਜ਼ਾ ਦਾ ਚੈੱਕ ਅੱਪ ਕਰਨ ਉਪਰੰਤ ਡਾਕਟਰਾਂ ਦੀ ਟੀਮ ਵਲੋਂ ਅਪ੍ਰੇਸ਼ਨ ਲਈ ਸਿਲੈਕਟ ਕੀਤੇ ਮਰੀਜ਼ਾ ਨੂੰ ਉਸ ਦਿਨ ਹੀ ਜਲੰਧਰ ਹਸਪਤਾਲ ਲਿਜਾਇਆ ਜਾਵੇਗਾ,ਜਿਥੇ ਉਨ੍ਹਾਂ ਦੇ ਅਪ੍ਰੇਸ਼ਨ ਕਰਕੇ ਵਧੀਆਂ ਕੁਆਲਟੀ ਦੇ ਲੈਂਨਜ਼ ਪਾਏ ਜਾਣਗੇ। ਇਸ ਤੋਂ ਇਲਾਵਾ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਉਨ੍ਹਾਂ ਇਸ ਮੌਕੇ ਆਮ ਪਬਲਿਕ ਨੂੰ ਇਸ ਗੱਲ ਵੀ ਪ੍ਰੇਰਿਤ ਕੀਤਾ ਕਿ ਸਾਡਾ ਇਹ ਵੀ ਫ਼ਰਜ ਬਣਦਾ ਹੈ ਕਿ ਅਸੀਂ ਮਰਨ ਉਪਰੰਤ ਵੱਧ ਤੋਂ ਵੱਧ ਨੇਤਰ ਦਾਨ ਕਰੀਏ ਤਾਂ ਕਿ ਕਿਸੇ ਹੋਰ ਵਿਅਕਤੀ ਨੂੰ ਦੁਨੀਆਂ ਦੇਖਣ ਦਾ ਮੌਕਾ ਮਿਲ ਸਕੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮਰੀਜ਼ਾਂ ਨੂੰ ਹਸਪਤਾਲ ਲੈਕੇ ਜਾਣ-ਆਉਣ ਦਾ ਸਾਰਾ ਪ੍ਰਬੰਧ ਪਿੰਡ ਵਲੋਂ ਮੁਫ਼ਤ ਕੀਤਾ ਜਾਵੇਗਾ ਅਤੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਗੁਰਸ਼ਰਨ ਸਿੰਘ ਕੰਦੋਲਾ,ਰੇਸ਼ਮ ਸਿੰਘ,ਕੁਲਵਿੰਦਰ ਸਿੰਘ,ਸੰਤੋਖ ਸਿੰਘ,ਜਗਜੀਤ ਸਿੰਘ,ਹਰਵਿੰਦਰ ਸਿੰਘ,ਬਲਕਾਰ ਸਿੰਘ,ਕੁਲਵਿੰਦਰ ਸਿੰਘ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ।