ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਖਿੱਚੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਘੇਰਨ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ, 29 ਮਾਰਚ 2026 : ਆਪਣੇ ਮਸਲਿਆਂ ਲਈ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਮਿਤੀ 31 ਮਾਰਚ 2026 ਨੂੰ ਨੰਗਲ ਵਿਖੇ ਤਿੱਖਾ ਰੋਸ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਇਸੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦਾ ਨੰਗਲ ਵਿਖੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਵਿੱਚ ਇੱਕ ਰੈਲੀ ਕਰਨ ਦਾ ਪ੍ਰੋਗਰਾਮ ਹੈ ਅਤੇ 1158 ਸਹਾਇਕ ਪ੍ਰੋਫ਼ੈਸਰਾਂ-ਲਾਇਬ੍ਰੇਰੀਅਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸੂਬਾ ਪੱਧਰੀ ਵਿਰੋਧ ਅਤੇ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ। ਫਰੰਟ ਨੂੰ ਗਿਲਾ ਹੈ ਕਿ ਮੌਜੂਦਾ ਆਪ ਸਰਕਾਰ ਨੇ ਅਦਾਲਤ ਵਿੱਚ ਯੋਗ ਪੈਰਵਾਈ ਨਹੀਂ ਕੀਤੀ ਅਤੇ ਨਾ ਹੀ ਦਰੁਸਤ ਢੰਗ ਨਾਲ਼ ਰੀਵਿਊ ਪਟੀਸ਼ਨ ਦਾਇਰ ਕੀਤੀ ਜਿਸ ਦੇ ਨਤੀਜੇ ਵਜੋਂ ਸੁਪਰੀਮ ਕੋਰਟ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 25 ਸਾਲਾਂ ਬਾਅਦ ਨਿੱਕਲੀ ਭਰਤੀ ਰੱਦ ਕਰ ਦਿੱਤੀ। ਇਸ ਕਰਕੇ ਸਰਕਾਰੀ ਕਾਲਜਾਂ ਵਿੱਚ ਪੜ੍ਹਦੇ ਲੱਖਾਂ ਗ਼ਰੀਬ-ਲੋੜਵੰਦ ਵਿਦਿਆਰਥੀਆਂ ਸਮੇਤ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਭਵਿੱਖ ਦਾਅ ਉੱਤੇ ਲੱਗ ਗਿਆ ਹੈ।
ਫਰੰਟ ਆਗੂ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਪੰਜਾਬ ਦੇ ਸਭ ਤੋਂ ਵੱਧ ਪੜੇ ਲਿਖੇ ਨੌਜ਼ਵਾਨ ਹਨ ਜੋ ਪੀ.ਐਚ.ਡੀ. ਤੋਂ ਵੀ ਅੱਗੇ ਤੱਕ ਦੀ ਪੜ੍ਹਾਈ ਕਰਕੇ, ਵਿਭਾਗੀ ਟੈਸਟ ਦੇ ਕੇ, ਮੈਰਿਟ ਦੇ ਅਧਾਰ 'ਤੇ ਭਰਤੀ ਹੋਏ ਹਨ। ਹੁਣ ਸਰਕਾਰ ਆਪਣੀ ਵਿਭਾਗੀ ਨਾਕਾਮੀ ਦੀ ਸਜ਼ਾ ਉਹਨਾਂ ਨੂੰ ਬਿਨਾਂ ਕਸੂਰੋਂ ਦੇ ਰਹੀ ਹੈ। ਜਸਵਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕਰਕੇ ਜਾਂ ਵਿਧਾਨ ਸਭਾ ਵਿੱਚ ਐਕਟ ਬਣਾ ਕੇ ਬੜੀ ਆਸਾਨੀ ਨਾਲ਼ ਉਹਨਾਂ ਦਾ ਰੁਜ਼ਗਾਰ ਅਤੇ ਸਰਕਾਰੀ ਕਾਲਜ ਉਜੜਨ ਤੋਂ ਬਚਾ ਸਕਦੀ ਹੈ। ਪਰ ਸਰਕਾਰ ਉੱਪਰ ਵੱਡੀਆਂ ਨਿੱਜੀ ਯੂਨੀਵਰਸਿਟੀਆਂ-ਕਾਲਜਾਂ ਦਾ ਦਬਾਅ ਹੋਣ ਕਰਕੇ ਇਸ ਮਸਲੇ ਉੱਤੇ ਗੱਲ ਕਰਨ ਤੋਂ ਵੀ ਭੱਜ ਰਹੀ ਹੈ। ਸਿੱਖਿਆ ਮੰਤਰੀ ਲਗਾਤਾਰ ਪੰਜ ਵਾਰ ਲਿਖਤੀ ਅਤੇ ਛੇਵੀਂ ਵਾਰ ਜ਼ੁਬਾਨੀ ਮੀਟਿੰਗ ਦਾ ਭਰੋਸਾ ਦੇ ਕੇ ਮੀਟਿੰਗ ਤੋਂ ਵੀ ਮੁੱਕਰ ਗਏ ਹਨ। ਰੁਜ਼ਗਾਰ ਦਾ ਮਸਲਾ ਹੱਲ ਕਰਨ ਦੀ ਥਾਵੇਂ ਸਿੱਖਿਆ ਮੰਤਰੀ ਦੇ ਹੁਕਮਾਂ ਨਾਲ਼ ਵਿਭਾਗ ਨੇ ਬਦਲਾਖ਼ੋਰੀ ਦੀ ਨੀਤੀ ਤਹਿਤ ਪ੍ਰੋਫੈਸਰਾਂ ਦੀਆਂ ਹੱਕੀ ਕਮਾਈ, ਮੈਡੀਕਲ ਅਤੇ ਜੱਚਾ-ਬੱਚਾ ਦੇਖਭਾਲ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਹਨ।
ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਹੁਣ 1158 ਅਸਾਮੀਆਂ ਨੂੰ ਮੁੜ ਨਵੇਂ ਸਿਰੇ ਤੋਂ ਭਰਨ ਦਾ ਰਾਗ ਅਲਾਪ ਰਹੀ ਹੈ ਜਦੋਂ ਕਿ ਪਹਿਲਾਂ 2021 ਵਿੱਚ ਕੱਢੀ ਭਰਤੀ ਪਿਛਲੇ ਪੰਜ ਸਾਲਾਂ ਤੋਂ ਹਵਾ ਵਿੱਚ ਲਟਕ ਰਹੀ ਹੈ। ਇਸ ਸੰਤਾਪ ਦੇ ਮਾਰੇ ਸਾਡੇ ਇੱਕ ਸਾਥੀ ਪ੍ਰੋਫ਼ੈਸਰ ਬਲਵਿੰਦਰ ਕੌਰ ਨੇ ਮਜ਼ਬੂਰ ਹੋ ਕੇ ਖੁਦਕੁਸ਼ੀ ਕਰ ਲਈ ਅਤੇ ਕਈ ਸਾਥੀਆਂ ਦੀ ਮਾਨਸਿਕ ਹਾਲਤ ਉਸ ਹੱਦ ਤੱਕ ਗੰਭੀਰ ਹੈ ਕਿ ਉਹਨਾਂ ਨੂੰ ਵੀ ਖੁਦਕੁਸ਼ੀ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਵਿਖਦਾ ਪਿਆ। ਉਹਨਾਂ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ 2000 ਤੋਂ ਵਧੇਰੇ ਅਸਾਮੀਆਂ ਖਾਲੀ ਹਨ ਸਰਕਾਰ ਚਾਹੇ ਤਾਂ ਇਹਨਾਂ ਅਸਾਮੀਆਂ ਨੂੰ ਭਰ ਸਕਦੀ ਹੈ। ਪਰ ਉਹਨਾਂ ਨੂੰ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਪਰਿਵਾਰ-ਰੁਜ਼ਗਾਰ ਨੂੰ ਉਜਾੜ ਕੇ ਨਵੀਂ ਭਰਤੀ ਦਾ ਨਾਦਰਸ਼ਾਹੀ ਫਰਮਾਨ ਕਦੇ ਵੀ ਮਨਜ਼ੂਰ ਨਹੀਂ ਹੈ। ਇਸੇ ਕਰਕੇ ਉਹ 31 ਮਾਰਚ ਨੂੰ ਫਰੰਟ ਦੇ ਸੱਦੇ ਉੱਤੇ ਨੰਗਲ ਜਾਣਗੇ ਅਤੇ ਆਪ ਸਰਕਾਰ ਦੀ ਝੂਠੀ ਕ੍ਰਾਂਤੀ ਪੰਜਾਬ ਦੇ ਲੋਕਾਂ ਸਾਹਮਣੇ ਬੇ-ਪਰਦਾ ਕਰਨਗੇ। ਜਸਕਰਨ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ 1158 ਉਮੀਦਵਾਰਾਂ ਦੇ ਸਥਾਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰਦੀ ਅਤੇ ਸਰਕਾਰੀ ਕਾਲਜਾਂ ਦੀ ਨਿੱਘਰਦੀ ਹਾਲਤ ਉੱਤੇ ਗੰਭੀਰ ਨਹੀਂ ਹੁੰਦੀ ਤਾਂ ਆਉਂਦੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਦਾ ਤਿੱਖਾ ਵਿਰੋਧ ਜਾਰੀ ਰਹੇਗਾ।
Click to Follow Babushahi Facebook page →