ਦੇਸ਼ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ 500 ਤੋਂ ਵੱਧ ਵਿਦਿਆਰਥੀਆਂ ਨੇ ਡਿਜ਼ਾਇਨ ਖੇਤਰ ਨਾਲ ਸੰਬੰਧਿਤ ਮੁਕਾਬਲਿਆਂ 'ਚ ਕੀਤੀ ਸ਼ਮੂਲੀਅਤ
ਵਿਦਿਆਰਥੀ ਰੋਜ਼ਾਨਾ ਨਵੇਂ ਡਿਜ਼ਾਇਨਾਂ ਦੀ ਖੋਜ ਕਰਕੇ ਸਮਾਜ ਨੂੰ ਨਵੀਂ ਦਿਸ਼ਾ ਦੇਣ: ਪ੍ਰੋ. ਡੀ.ਐਸ ਕਪੂਰ
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਸ਼ਨ ਐਂਡ ਡਿਜ਼ਾਇਨਿੰਗ ਅਤੇ ਬੀ-ਡਿਜ਼ਾਇਨ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਡਿਜ਼ਾਇਨ ਅਤੇ ਰਚਨਾਤਮਕ ਮੀਟ-2019 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਡਿਜ਼ਾਇਨਿੰਗ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਮੁਹਾਰਤ ਰੱਖਣ ਫ਼ੈਸ਼ਨ ਡਿਜ਼ਾਇਨਰਾਂ, ਖੋਜੀਆਂ, ਬੁੱਧੀਜੀਵੀਆਂ ਅਤੇ ਵਿਸ਼ਾ ਮਾਹਿਰਾਂ ਨੇ ਵੱਖ-ਵੱਖ ਸਿੱਖਿਅਕ ਸੰਸਥਾਵਾਂ ਤੋਂ ਆਏ ਵਿਦਿਆਰਥੀਆਂ ਨਾਲ 'ਡਿਜ਼ਾਇਨ ਖੇਤਰ ਵਿੱਚ ਉੱਭਰ ਰਹੇ ਨਵੇਂ ਰੁਝਾਨਾਂ ਅਤੇ ਮੌਕਿਆਂ ਸਬੰਧੀ ਵਿਚਾਰ ਚਰਚਾ ਕੀਤੀ। ਇਸ ਸਮਾਗਮ ਦੌਰਾਨ ਪ੍ਰੋ. ਡੀ.ਐਸ ਕਪੂਰ ਓਐਸਡੀ, ਐਨਡੀ ਕੁਰੂਕੁਸ਼ੇਤਰ, ਸ੍ਰੀ ਕੰਵਲਜੀਤ ਸਿੰਘ ਪ੍ਰਸਿੱਧ ਫ਼ੈਸ਼ਨ ਡਿਜ਼ਾਇਨਰ ਮੁੰਬਈ ਅਤੇ ਸ੍ਰੀ ਰਾਜੀਵ ਨਾਗਰ ਸੀਨੀਅਰ ਮੈਨੇਜਰ ਹਯੂਨ ਨੇ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਦੇਸ਼ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੋਂ 500 ਤੋਂ ਵੱਧ ਵਿਦਿਆਰਥੀਆਂ ਨੇ ਫੈਸ਼ਨ ਸ਼ੋਅ, ਡਿਜ਼ਾਇਨ ਕੁਇਜ਼, ਰੰਗੋਲੀ, ਸੈਰਾਮਿਕ ਮੱਗ, ਪ੍ਰੋਡਕਟ ਡਿਜ਼ਾਇਨ, ਡਿਜੀਟਨ ਆਰਟ, ਬੁਟਿਕ ਪ੍ਰੀਟਿੰਗ, ਫ਼ੋਟੋਗ੍ਰਾਫ਼ੀ ਆਦਿ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਆਪਣੀਆਂ ਰਚਨਾਤਿਮਕ ਕਲਾਵਾਂ ਦੀ ਪੇਸ਼ਕਾਰੀ ਦਿੱਤੀ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਅਤੇ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਤੋਂ 500 ਤੋਂ ਵੱਧ ਵਿਦਿਆਰਥੀਆਂ ਨੇ ਡਿਜ਼ਾਇਨ ਖੇਤਰ ਨਾਲ ਸੰਬੰਧਿਤ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਜਿਸ ਦੌਰਾਨ 'ਬੇਟੀ ਬਚਾਓ' ਥੀਮ ਤਹਿਤ ਕਰਵਾਏ ਰੰਗੋਲੀ ਮੁਕਾਬਲੇ ਦੌਰਾਨ ਪਹਿਲਾ ਸਥਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਰਿਤਾ ਅਤੇ ਜਾਨਵੀ ਨੇ ਪ੍ਰਾਪਤ ਕੀਤਾ ਅਤੇ ਘਰੇਲੂ ਹਿੰਸਾ ਵਿਸ਼ੇ 'ਤੇ ਬੀ-ਡਿਜ਼ਾਇਨ ਵਿਭਾਗ ਦੀ ਉਨਤੀ ਅਤੇ ਅਨੀਸ਼ਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਫੈਸ਼ਨ ਸ਼ੋਅ ਦੌਰਾਨ ਬੈਸਟ ਕੁਲੈਕਸ਼ਨ ਮੁਕਾਬਲੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਜੇਤੂ ਰਹੀ ਅਤੇ ਪੁਨਰ ਨਿਰਮਾਣ ਵਿਸ਼ੇ 'ਤੇ ਹੋਏ ਬੈਸਟ ਡਰੈੱਸ ਮੁਕਾਬਲਿਆਂ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਜੇਤੂ ਰਹੀ ਅਤੇ ਬੈਸਟ ਇਨੋਵੇਟਿਵ ਡਿਜ਼ਾਇਨ ਮੁਕਾਬਲਿਆਂ ਦੌਰਾਨ ਸੀ.ਟੀ. ਯੂਨੀਰਵਸਿਟੀ ਲੁਧਿਆਣਾ ਦੀ ਟੀਮ ਨੇ ਬਾਜ਼ੀ ਮਾਰੀ। ਇਸੇ ਤਰ੍ਹਾਂ ਆਨਲਾਈਨ ਫ਼ੋਟੋਗ੍ਰਾਫ਼ੀ ਮੁਕਾਬਲੇ ਦੌਰਾਨ ਚੰਡੀਗੜ੍ਹ ਯੂਨੀਰਵਸਿਟੀ ਦੇ ਫ਼ੈਸ਼ਨ ਅਤੇ ਡਿਜ਼ਾਇਨ ਵਿਭਾਗ ਦੇ ਗੁਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਡਿਜ਼ਾਇਨ ਕੁਇਜ਼ ਮੁਕਾਬਲੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਫੈਸ਼ਨ ਐਂਡ ਡਿਜ਼ਾਇਨ ਵਿਭਾਗ ਦੇ ਅਤੁਜਾ, ਬਤਾਸ਼ਾ, ਮਨਕੀਰਤ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਜਾ ਸਥਾਨ ਬੀ-ਡਿਜ਼ਾਇਨ ਵਿਭਾਗ ਦੇ ਅਸਤਿਤਵਾ, ਅਭੀਸ਼ੇਕ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪ੍ਰਾਡਕਟ ਡਿਜ਼ਾਇਨ ਮੁਕਾਬਲੇ ਦੌਰਾਨ ਬੀ-ਡਿਜ਼ਾਇਨ ਦੇ ਸਿਮਰਾਮ ਸ਼ਰਮਾ ਨੇ ਪਹਿਲਾ ਅਤੇ ਦੂਜਾ ਸਥਾਨ ਤਾਨੀਆ ਤਨੇਜਾ ਨੇ ਪ੍ਰਾਪਤ ਕੀਤਾ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਡਾ. ਵੰਦਨਾ ਗੁਪਤਾ ਫੈਸ਼ਨ ਐਂਡ ਡਿਜ਼ਾਇਨ ਮੁਖੀ ਅਤੇ ਡਾ. ਹਰੀਸ਼ ਕੁਮਾਰ ਬੀ-ਡਿਜ਼ਾਇਨ ਵਿਭਾਗ ਮੁਖੀ ਦੀ ਅਗਵਾਈ ਵਿੱਚ ਡਿਜ਼ਾਇਨ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਰਚਨਾਤਮਿਕ ਅਤੇ ਵਿਦਿਆਰਥੀਆਂ ਦੇ ਹੁਨਰਾਂ ਨੂੰ ਬਿਆਨ ਕਰਦੀ ਕਲਾ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਫੁਲਕਾਰੀਆਂ, ਜੁੱਤੀਆਂ, ਲੱਕੜੀ ਤੋਂ ਤਿਆਰ ਕੀਤੀਆਂ ਮੂਰਤੀਆਂ ਅਤੇ ਤਕਨਾਲੋਜੀ ਯੁੱਗ ਦੀ ਤਰਜਮਾਨੀ ਕਰਦੇ ਪ੍ਰਾਜੈਕਟਾਂ ਦੀ ਨੁਮਾਇਸ਼ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਰਾਸ਼ਟਰ ਦੀਆਂ ਵੱਖ-ਵੱਖ ਕਲਾਵਾਂ ਅਤੇ ਸ਼ਿਲਪਕਾਰੀਆਂ ਸਬੰਧੀ ਹੱਥੀ ਤਜ਼ਰਬਾ ਦੇਣ ਹਿੱਤ ਵਰਕਸ਼ਾਪ ਵੀ ਲਗਾਈ ਗਈ। ਜਿਸ ਦੌਰਾਨ ਪ੍ਰਸਿੱਧ ਫ਼ੈਸ਼ਨ ਡਿਜ਼ਾਇਨਰ ਸ੍ਰੀ ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਖੇਤਰ ਦੀਆਂ ਬਾਰੀਕੀਆਂ ਅਤੇ ਪਾਰਦਿਰਸ਼ਤਾ ਸਬੰਧੀ ਮਹੱਤਵਪੂਰਣ ਜਾਣਕਾਰੀ ਦਿੱਤੀ।
ਇਸ ਦੌਰਾਨ 'ਡਿਜ਼ਾਇਨ ਖੇਤਰ ਵਿੱਚ ਉਭਰਦੇ ਰੁਝਾਨਾਂ' ਵਿਸ਼ੇ 'ਤੇ ਡਿਜ਼ਾਇਨ ਖੇਤਰ ਦੇ ਮਾਹਿਰਾਂ ਦੀ ਮੌਜੂਦਗੀ ਵਿੱਚ ਹੋਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਡੀ.ਐਸ ਕਪੂਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਡਿਜ਼ਾਇਨ ਰੋਜ਼ਾਨਾ ਜੀਵਨ ਦੀ ਜ਼ਰੂਰਤ ਬਣ ਗਿਆ ਹੈ, ਉਹ ਚਾਹੇ ਕਿਸੇ ਵੀ ਖੇਤਰ ਨਾਲ ਸੰਬੰਧਿਤ ਹੋਵੇ। ਉਨ੍ਹਾਂ ਕਿਹਾ ਕਿ ਡਿਜ਼ਾਇਨ ਦਾ ਖੇਤਰ ਵਿਦਿਆਰਥੀਆਂ ਲਈ ਅੱਜ ਵਿਸ਼ਾਲ ਖੇਤਰ ਬਣ ਗਿਆ ਹੈ, ਜਿਸ ਵਿੱਚ ਉਹ ਹਰ ਰੋਜ਼ ਆਪਣੇ ਨਵੇਂ ਰਚਨਾਤਮਿਕ ਡਿਜ਼ਾਇਨਾਂ, ਕਲਾਵਾਂ ਅਤੇ ਹੁਨਰਾਂ ਨੂੰ ਹੋਂਦ ਵਿੱਚ ਲਿਆ ਕੇ ਆਪਣੇ ਬਿਹਤਰੀਨ ਭਵਿੱਖ ਦੀ ਸਿਰਜਣਾ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ 64 ਪ੍ਰਕਾਰ ਦੇ ਖੇਤਰ ਡਿਜ਼ਾਇਨ ਨਾਲ ਸੰਬੰਧਿਤ ਹਨ, ਉਹ ਚਾਹੇ ਆਈਟੀ ਡਿਜ਼ਾਇਨ, ਫ਼ਿਲਮ ਡਿਜ਼ਾਇਨ, ਫਾਈਨ ਆਰਟ ਡਿਜ਼ਾਇਨ, ਸੈਰਾਮਿਕ ਡਿਜ਼ਾਇਨ, ਹੈਲਥ ਕੇਅਰ ਡਿਜ਼ਾਇਨ ਅਤੇ ਰਿਵਾਇਤੀ ਡਿਜ਼ਾਇਨ ਆਦਿ ਹੋਵੇ। ਇਸ ਮੌਕੇ ਸ੍ਰੀ ਰਾਜੀਵ ਨਾਗਰ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਸਮਾਜ ਦੀ ਰੌਜ਼ਾਨਾਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੇਂ ਡਿਜ਼ਾਇਨਾਂ ਦੀ ਖੋਜ ਕਰਕੇ ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ। ਉਨ੍ਹਾਂ ਕਿਹਾ ਇੱਕ ਡਿਜ਼ਾਇਨਰ ਦੀ ਜ਼ਿੰਦਗੀ ਵਿੱਚ ਤਕਨਾਲੋਜੀ, ਹੁਨਰ ਅਤੇ ਸਹੀ ਔਜ਼ਾਰਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ, ਜਿਨ੍ਹਾਂ ਦੇ ਸਹੀ ਗਿਆਨ ਅਤੇ ਸਹੀ ਵਰਤੋਂ ਨਾਲ ਵਿਦਿਆਰਥੀ ਇਸ ਖੇਤਰ ਵਿੱਚ ਅੱਗੇ ਵੱਧ ਸਕਦਾ ਹੈ।
ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਜਿਹੇ ਮੁਕਾਬਲੇ ਮਹੱਤਵਪੂਰਣ ਰੋਲ ਅਦਾ ਕਰਦੇ ਹਨ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਹੰਭਲੇ ਮਾਰੇ ਜਾਣਗੇ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼-ਵਿਦੇਸ਼ ਦੇ ਵਿਦਿਆਰਥੀਆਂ ਨੂੰ ਉਚਕੋਟੀ ਦੀ ਅਕਾਦਮਿਕ ਸਿੱਖਿਆ ਅਤੇ ਰੋਜ਼ਗਾਰ ਪੱਖੋਂ ਮੌਕੇ ਪ੍ਰਦਾਨ ਕਰਵਾਉਣ ਲਈ ਵੀ ਵਚਨਬੱਧ ਹੈ।