ਦੇਸ਼ ਦੇ ੭੨ਵੇਂ ਅਜਾਦੀ ਦਿਹਾੜੇ ਦੇ ਮੌਕੇ 'ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਇਸ ਚਾਂਸਲਰ ਡਾ. ਆਰ. ਐਸ. ਬਾਵਾ ਦੁਆਰਾ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਰੱਖੇ ਗਏ ਇੱਕ ਭਰਵੇਂ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਰਾਇਆ ਗਿਆ। ਇਸ ਮੌਕੇ 'ਤੇ ਉਨ੍ਹਾਂ ਨੇ ਦੇਸ਼ ਦੇ ਮਹਾਨ ਸ਼ਹੀਦਾਂ 'ਤੇ ਦੇਸ਼ ਭਗਤਾਂ ਦੇ ਦੁਆਰਾ ਦਿੱਤੀਆਂ ਗਈਆਂ ਕੁਰਬਾਨੀਆਂ ਭਰੇ ਸੰਘਰਸ਼ ਨੂੰ ਸਜਦਾ ਕਰਦਿਆਂ ਸਮੂਹ ਦੇਸ਼ ਵਾਸੀਆਂ, ਵਿਦਿਆਰਥੀਆਂ, ਅਧਿਆਪਕਾਂ 'ਤੇ ਸਟਾਫ ਨੂੰ ੭੧ ਸਾਲ ਪਹਿਲਾਂ ਹਾਸਿਲ ਹੋਈ ਆਜ਼ਾਦੀ ਦੇ ਇਸ ਇਤਿਹਾਸਿਕ ਦਿਹਾੜੇ ਦੀ ਵਧਾਈ ਦਿੱਤੀ । ਸਮਾਗਮ ਦੀ ਸ਼ੁਰੁਆਤ ਦੇ ਮੌਕੇ ਤੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਐਨ.ਸੀ.ਸੀ. ਕੈਡੇਟ, ਸੁਰੱਖਿਆ ਬਲਾਂ ਤੇ ਵਿਦਿਆਰਥੀ ਬੈਂਡ ਦੀਆਂ ਟੁਕੜੀਆਂ ਦੀ ਪਰੇਡ ਦਾ ਨਿਰੀਖਣ ਕੀਤਾ 'ਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਵੱਲੋਂ ਸਲਾਮੀ ਵੀ ਲਈ । ਚੰਡੀਗੜ੍ਹ ਯੂਨੀਵਰਸਿਟੀ ਦੀਆਂ ਕੁੜੀਆਂ ਦੀ ਟੁਕੜੀ ਨੇ ਮਾਰਚ ਪਾਸਟ ਵਿੱਚ ਭਾਗ ਲੈਕੇ ਨਾਰੀ ਸਸ਼ਕਤੀਕਰਣ ਦੀ ਇੱਕ ਮਿਸਾਲ ਪੇਸ਼ ਕੀਤੀ ।
ਮਾਰਚ ਪਾਸਟ ਦੀ ਸਲਾਮੀ ਲੈਣ ਤੋਂ ਬਾਅਦ ਵਾਈਸ ਚਾਂਸਲਰ ਡਾ. ਬਾਵਾ ਨੇ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਨੋਜੁਆਨ ਪੀੜ੍ਹੀ ਹੀ ਦੇਸ਼ ਦਾ ਭਵਿੱਖ ਹੈ, ਇਸ ਲਈ ਦੇਸ਼ ਨੂੰ ਹਰ ਖੇਤਰ ਵਿੱੱਚ ਅੱਗੇ ਲੈਕੇ ਜਾਣ ਦੇ ਲਈ ਨੋਜੁਆਨਾਂ ਨੂੰ ਹਰ ਖੇਤਰ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦਿਖਾਉਣਾ ਹੋਵੇਗਾ। ਇਹੋ ਹੀ ਦੇਸ਼ ਦੀ ਆਜਾਦੀ ਦੇ ਘੋਲ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦਾਂ ਨੂੰ ਸੱਚੀ ਸ਼ਰੱਧਾਂਜਲੀ ਹੋਵੇਗੀ । ਡਾ. ਬਾਵਾ ਨੇ ਨੌਜਵਾਨਾਂ ਨੂੰ ਦੇਸ਼ ਦੀ ਅਮੁੱਲੀ ਸੰਪਤੀ ਦੱਸਦਿਆਂ ਉਹਨਾਂ ਨੂੰ ਆਪਣੇ ਨਿਜੀ ਲਾਭਾਂ ਦਾ ਲਾਲਚ ਛੱਡਦਿਆਂ ਧਾਰਮਿਕ, ਸਮਾਜਿਕ, ਸਾਂਸਕ੍ਰਿਤਿਕ, ਮਾਨਵੀ ਤੇ ਭਾਸ਼ਾਈ ਵਿਭਿੰਨਤਾਵਾਂ ਤੋਂ ਅੱਗੇ ਨਿਕਲ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਦਭਾਵਨਾ ਨੂੰ ਹੋਰ ਮਜਬੂਤ ਕਰਨ ਦੇ ਲਈ ਪ੍ਰੇਰਿਆ। ਵਾਈਸ ਚਾਂਸਲਰ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ 'ਵਰਸਿਟੀ ਵਿਖੇ ਪੜ੍ਹ ਰਹੇ ਦੇਸ਼ ਦੇ ੨੯ ਰਾਜਾਂ ਦੇ ਵਿਦਿਆਰਥੀਆਂ ਨੂੰ ਇੱਕੋ ਮੰਚ 'ਤੇ ਇਕੱਠੇ ਰੱਖਕੇ ਸੰਗਠਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਇਸ ਮੌਕੇ 'ਤੇ ਵੱਖੋ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਰੰਗ-ਬਰੰਗੀਆਂ ਪੁਸ਼ਾਕਾਂ ਵਿੱਚ ਦੇਸ਼ ਦੇ ਵੱਖ –ਵੱਖ ਕੋਨਿਆਂ ਦੇ ਸੱਭਿਆਚਾਰ ਨੂੰ ਪੇਸ਼ ਕਰਦੇ ਹੋਏ ਇੱਕ ਕਲਾਤਮਿਕ ਗੀਤ-ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਦੇਸ਼ ਭਗਤੀ ਦਾ ਜਜਬਾ, ਸ਼ਹੀਦਾਂ ਪ੍ਰਤੀ ਸਤਿਕਾਰ 'ਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਹੋਕਾ ਦੇਣ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਜਿਸ ਦੌਰਾਨ ਵਿਦਿਆਰਥੀਆਂ ਨੇ ਹਿੰਦੀ-ਪੰਜਾਬੀ ਗੀਤਾਂ ਦੇ ਨਾਲ ਨਾਲ ਹਰਿਆਣਵੀ, ਰਾਜਸਥਾਨੀ, ਹਿਮਾਚਲੀ ਲੋਕ-ਗੀਤ, ਨਾਚ ਆਦਿ ਦੀਆਂ ਪੇਸ਼ਕਾਰੀਆਂ ਦੇ ਕੇ ਦੇਸ਼ ਦੇ ਅਮੀਰ ਵਿਰਸੇ ਨੂੰ ਇੱਕੋਂ ਮੰਚ ਉੱਤੇ ਪੇਸ਼ ਕੀਤਾ । ਸਮਾਗਮ ਦੌਰਾਨ ਯੂਨੀਵਰਸਿਟੀ ਦੇ ਅੇਰੋਸਪੇਸ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਹਵਾ ਵਿੱਚ ਡਰੋਨ ਅਤੇ ਅੇਰੋਮੌਡਲ ਦੇ ਰਾਹੀਂ ਤਿਰੰਗੇ ਨੂੰ ਸਲਾਮੀ ਵੀ ਦਿੱਤੀ।
ਸਮਾਗਮ ਦੌਰਾਨ ਲਾਗਲੇ ਪਿੰਡਾਂ ਦੇ ਸਰਪੰਚ ਵੀ ਵਿਸ਼ੇਸ਼ ਤੌਰ'ਤੇ ਪਹੁੰਚੇ ਸਨ। ਐਨਸੀਸੀ ਦੇ ਸੀਈਈ ਇਮਤਿਹਾਨ ਵਿੱਚ 'ਏ' ਗ੍ਰੇਡ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਸੀਨੀਅਰ ਅੰਡਰ ਆੱਫੀਸਰ ਜਸਪ੍ਰੀਤ ਕੌਰ, ਅੰਡਰ ਆੱਫੀਸਰ ਬੀਰਪ੍ਰਤਾਪ ਸਿੰਘ 'ਤੇ ਅਦਿੱਤੀ; ਕੈਡੇਟਾਂ ਦੀ ਸੂਚੀ ਵਿੱਚ ਵਿਕਾਸ ਕੁਮਾਰ, ਸ਼ਵੇਤਾ ਕੁਮਾਰੀ, ਪ੍ਰਸ਼ਾਂਤ ਕੁਮਾਰ ਅਤੇ ਅਕਸ਼ੈ ਚੌਹਾਨ ਦਾ ਸਨਮਾਨ ਕੀਤਾ ਗਿਆ ਜਦਕਿ ਬੇਸਿਕ ਲੀਡਰਸ਼ਿਪ ਕੈਂਪ ਲਗਾਉਣ ਵਾਲੇ ਵਿਦਿਆਰਥੀਆਂ ਵਿੱਚ ਅੰਡਰ ਆੱਫਸਿਰਾਂ ਵਿੱਚ ਆਸ਼ੀਸ਼ ਕੁਮਾਰ, ਵਿਭਵ ਸਾਹਨੀ, ਜੋਲਿਨ ਪਾਰਿਖ, ਵਿਕ੍ਰਾਂਤ ਪਠਾਨੀਆਂ ਅਤੇ ਕੈਡੇਟ ਅਖਿਲ; ਇਸ ਦੇ ਨਾਲ ਹੀ ਆਈਐਮਏ ਅਟੈਚਮੈਂਟ ਕੈਂਪ ਲਗਵਾਉਣ ਵਾਲੇ ਪੀਐਸ ਮਾਨ ਦਾ ਸਨਮਾਨ ਕੀਤਾ ਗਿਆ।