ਰੋਮ, 14 ਮਈ, 2017 : ਯੂਜ਼ਰਸ ਤੋਂ ਬਿਨ੍ਹਾਂ ਪੁੱਛੇ ਉਨ੍ਹਾਂ ਦਾ ਪ੍ਰਾਈਵੇਟ ਡੇਟਾ ਫੇਸਬੁੱਕ 'ਤੇ ਸ਼ੇਅਰ ਕਰਨਾ ਵਟਸਐਪ ਨੂੰ ਕਾਫੀ ਮਹਿੰਗਾ ਪੈ ਗਿਆ। ਇਟਲੀ 'ਚ ਕੁਝ ਅਜਿਹਾ ਹੀ ਹੋਇਆ, ਜਿੱਥੇ ਮੈਸੇਜਿੰਗ ਐਪ ਵਟਸਐਪ 'ਤੇ ਮਿਲੀਅਨ ਯੂਰੋ (ਤਕਰੀਬਨ 21 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਯੂਰਪੀ ਸੰਘ ਦੀ 28 ਮੈਂਬਰੀ ਡਾਟਾ ਪ੍ਰੋਟੈਕਸ਼ਨ ਅਥਾਰਿਟੀ ਨੇ ਪਿਛਲੇ ਸਾਲ ਵਟਸਐਪ ਨੂੰ ਯੂਜ਼ਰਸ ਦੇ ਡੇਟਾ ਨੂੰ ਫੇਸਬੁੱਕ ਨਾਲ ਸ਼ੇਅਰ ਕਰਨ ਤੋਂ ਮਨ੍ਹਾਂ ਕੀਤਾ ਸੀ। ਡੇਟਾ ਸ਼ੇਅਰਿੰਗ ਨੂੰ ਲੈ ਕੇ ਯੂਜ਼ਰਸ ਦੀ ਸਹਿਮਤੀ ਨਾ ਲੈਣ ਕਾਰਨ ਇਹ ਕਦਮ ਚੁੱਕਿਆ ਗਿਆ ਸੀ।
ਜ਼ਿਕਰਯੋਗ ਹੈ ਕਿ 2014 'ਚ ਫੇਸਬੁੱਕ ਨੇ ਵਟਸਐਪ ਨੂੰ ਖਰੀਦ ਲਿਆ ਸੀ। ਉਸ ਸਮੇਂ ਕੰਪਨੀ ਦਾ ਕਹਿਣਾ ਸੀ ਕਿ ਵਟਸਐਪ ਇਕ ਅਲੱਗ ਯਾਨੀ ਸੁਤੰਤਰ ਕੰਪਨੀ ਦੇ ਰੂਪ 'ਚ ਕੰਮ ਕਰੇਗੀ ਅਤੇ ਉਸ ਦੇ ਯੂਜ਼ਰਸ ਦੇ ਡੇਟਾ, ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਆਪਸ 'ਚ ਸ਼ੇਅਰ ਨਹੀਂ ਕੀਤੇ ਜਾਣਗੇ।
ਪਰ ਅਗਸਤ 2016 'ਚ ਵਟਸਐਪ ਨੇ ਆਪਣੀ ਪ੍ਰਾਈਵੇਸੀ ਪਾਲਿਸੀ 'ਚ ਬਦਲਾਅ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਯੂਜ਼ਰਸ ਦੇ ਅਕਾਊਂਟ ਇਨਫਰਮੇਸ਼ਨ ਨਾਲ ਜੁੜਿਆ ਡੇਟਾ ਆਪਣੀ ਮਾਲਕ ਕੰਪਨੀ ਫੇਸਬੁੱਕ ਨੂੰ ਉੱਪਲਬਧ ਕਰਾਉਣ ਦੀ ਇਜ਼ਾਜਤ ਮਿਲ ਗਈ।
ਵਟਸਐਪ ਦੇ ਇਸ ਕਦਮ ਨੂੰ ਲੈ ਕੇ ਭਾਰਤ ਸਮੇਤ ਕਈ ਦੇਸ਼ਾਂ 'ਚ ਕਾਫੀ ਵਿਰੋਧ ਹੋਇਆ। ਭਾਰਤ 'ਚ ਇਸ ਦੇ ਵਿਰੁੱਧ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਗਈ। ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਸ ਮਾਮਲੇ 'ਚ ਸਖਤ ਕਾਨੂੰਨ ਬਣਾਉਣ ਦੀ ਦਿਸ਼ਾ 'ਚ ਕੰਮ ਹੋ ਰਿਹਾ ਹੈ।