ਸਿਰਫ ਅਕਾਲੀ ਦਲ ਹੀ ਸੂਬੇ ਨੂੰ ਮੁੜ ਲੀਹ ’ਤੇ ਪਾ ਸਕਦੈ: ਸੁਖਬੀਰ ਸਿੰਘ ਬਾਦਲ
ਕਿਹਾ ਕਿ ਸੂਬੇ ਨੂੰ ਅਰਾਜਕਤਾ ਵਿਚ ਧੱਕਣ ਵਾਸਤੇ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ
ਆਪ ਸਰਕਾਰ ਵੱਲੋਂ ਲੋਕਪਾਲ ਦਾ ਅਹੁਦਾ ਪਿਛਲੇ 7 ਮਹੀਨਿਆਂ ਤੋਂ ਖਾਲੀ ਰੱਖਣ ਦੀ ਕੀਤੀ ਨਿਖੇਧੀ
ਜਗਤਾਰ ਸਿੰਘ / ਬਾਬੂਸ਼ਾਹੀ ਬਿਊਰੋ
ਸਮਾਣਾ, 24 ਮਈ 2026 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ ਤੇ ਆਮ ਆਦਮੀ ਪਾਰਟੀ ਦੇ ਰਾਜ ਵਿਚ ਪੁਲਿਸ ਫੋਰਸ ’ਤੇ ਵੀ ਹਮਲੇ ਹੋ ਰਹੇ ਹਨ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਮੁੜ ਲੀਹ ’ਤੇ ਪਾਉਣ ਵਾਸਤੇ ਮਿਉਂਸਪਲ ਚੋਣਾਂ ਵਿਚ ਅਕਾਲੀ ਦਲ ਨੂੰ ਵੋਟਾਂ ਪਾਉਣ।
ਇਥੇ ਹਲਕਾ ਇੰਚਾਰਜ ਸਰਦਾਰ ਜਗਮੀਤ ਸਿੰਘ ਹਰਿਆਊ ਦੇ ਨਾਲ ਮਿਲ ਕੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਇਕ ਸਬ ਇੰਸਪੈਕਟਰ ਜਦੋਂ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਤਾਂ ਮਜੀਠਾ ਵਿਚ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਅਪਰਾਧੀ ਅਨਸਰ ਇਸ ਤਰੀਕੇ ਬੇਖੌਫ ਹੋ ਗਏ ਹਨ ਕਿ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਆਮ ਆਦਮੀ ਦਾ ਕੀ ਬਣੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਨਸ਼ਿਆਂ ਦੇ ਪਸਾਰ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਅਤੇ ਲੁੱਟਾਂ ਖੋਹਾਂ ਤੇ ਡਕੈਤੀਆਂ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਸੂਬੇ ਵਿਚ ਸੰਵਿਧਾਨਕ ਮਸ਼ੀਨਰੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ ਤੇ ਸੂਬਾ ਅਰਾਜਕਤਾ ਵਿਚ ਧੱਕਿਆ ਗਿਆ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਨਿੱਤ ਦਿਹਾੜੇ ਗੈਂਗਵਾਰ ਚਲ ਰਹੀ ਹੈ ਤੇ ਹੁਣ ਤਾਂ ਕਪੂਰਥਲਾ ਦੀ ਮਾਡਰਨ ਜੇਲ੍ਹ ਵਰਗੀਆਂ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ ਵਿਚ ਵੀ ਆਪਸੀ ਦੁਸ਼ਮਣੀ ਕਾਰਨ ਉਥੇ ਅੱਗਾਂ ਲਗਾਈਆਂ ਗਈਆਂ ਤੇ ਰੱਜ ਕੇ ਗੁੰਡਾਗਰਦੀ ਹੋਈ।
ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਹਨ ਤੇ ਉਹਨਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਇਸ ਕਾਨੂੰਨ ਹੀਣਤਾ ਦੀ ਭਾਰੀ ਕੀਮਤ ਅਦਾ ਕਰ ਰਿਹਾ ਹੈ ਤੇ ਸੂਬੇ ਵਿਚੋਂ ਵਪਾਰ ਤੇ ਉਦਯੋਗ ਹਿਜ਼ਰਤ ਕਰ ਰਹੇ ਹਨ।
ਬਾਅਦ ਵਿਚ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਮੁੱਦੇ ’ਤੇ ਸੱਤਾ ਵਿਚ ਆਈ ਸੀ ਤੇ ਇਸ ਨੀਤੀ ਦਾ ਧੁਰਾ ਆਜ਼ਾਦ ਲੋਕਪਾਲ ਦਾ ਅਹੁਦਾ ਕਾਇਮ ਕਰਨਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿਚ ਮਜ਼ਬੂਤ ਲੋਕਪਾਲ ਹੀ ਨਹੀਂ ਬਣ ਸਕਿਆ ਤੇ ਇਹ ਅਹੁਦਾ ਪਿਛਲੇ 7 ਮਹੀਨਿਆਂ ਤੋਂ ਖਾਲੀ ਪਿਆ ਹੈ। ਉਹਨਾਂ ਕਿਹਾ ਕਿ ਲੋਕਪਾਲ ਕੋਲ 150 ਤੋਂ ਜ਼ਿਆਦਾ ਸ਼ਿਕਾਇਤਾਂ ਪਈਆਂ ਹਨ ਤੇ ਭ੍ਰਿਸ਼ਟਾਚਾਰ ਵਿਰੋਧੀ ਢਾਂਚੇ ਵਿਚ ਖਲਾਅ ਪੈਦਾ ਹੋ ਗਿਆ ਹੈ।
ਆਪ ਆਗੂਆਂ ਵੱਲੋਂ ਐਮ ਸੀ ਚੋਣਾਂ ਵਿਚ ਘਪਲੇਬਾਜ਼ੀ ਕਰਨ ਦੇ ਸ਼ਰ੍ਹੇਆਮ ਐਲਾਨ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਉਹਨਾਂ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਉਹਨਾਂ ਹੋਰ ਕਿਹਾ ਕਿ ਅਮਨ ਅਰੋੜਾ ਸਮੇਤ ਆਪ ਦੇ ਸਾਰੇ ਭ੍ਰਿਸ਼ਟ ਆਗੂਆਂ ਤੇ ਮੰਤਰੀਆਂ ਖਿਲਾਫ ਕੇਂਦਰੀ ਏਜੰਸੀਆਂ ਜਾਂਚ ਕਰ ਰਹੀਆਂ ਹਨ ਤੇ ਉਹਨਾਂ ਨੂੰ ਜਲਦੀ ਹੀ ਜੇਲ੍ਹ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਤੁਲਨਾ ਕਾਂਗਰਸ ਤੇ ਆਪ ਸਰਕਾਰ ਨਾਲ ਕਰਨ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਸਰਕਾਰਾਂ ਪੰਜਾਬ ਨੂੰ ਕਈ ਦਹਾਕੇ ਪਿੱਛੇ ਲੈ ਗਈਆਂ ਹਨ ਅਤੇ ਮਿਉਂਸਪਲ ਚੋਣਾਂ ਇਕ ਮੌਕਾ ਹਨ ਕਿ ਦਿੱਲੀ ਆਧਾਰਿਤ ਪਾਰਟੀਆਂ ਨੂੰ ਰੱਦ ਕੀਤਾ ਜਾਵੇ ਅਤੇ ਆਪਣੀ ਖੇਤਰੀ ਪਾਰਟੀ ’ਤੇ ਵਿਸ਼ਵਾਸ ਪ੍ਰਗਟ ਕੀਤਾ ਜਾਵੇ।
ਇਸ ਮੌਕੇ ਕਬੀਰ ਦਾਸ, ਜਸਪਾਲ ਸਿੰਘ ਬਿੱਟੂ ਚੱਠਾ, ਸਰਬਜੀਤ ਸਿੰਘ ਝਿੰਜਰ, ਰਾਜਿੰਦਰ ਵਿਰਕ ਤੇ ਅਮਿਤ ਰਾਠੀ ਵੀ ਮੌਜੂਦ ਸਨ।
- Download Babushahi App
-
-