Political Special - ਨਿਗਮ ਚੋਣਾਂ : ਵੋਟਾਂ ਖਾਤਰ ਡੇਰਾ ਸਿਰਸਾ ਪੈਰੋਕਾਰਾਂ ਦੀ ਸਿਆਸੀ ਖੰਘ ’ਚ ਖੰਘਣ ਲੱਗੇ ਨੇਤਾ
ਅਸ਼ੋਕ ਵਰਮਾ
ਬਠਿੰਡਾ, 24 ਮਈ 2026 : ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੌਰਾਨ ਕਈ ਵਾਰਡਾਂ ’ਚ ਟੱਕਰ ਕਰੜੀ ਹੋਣ ਕਾਰਨ ਸਿਆਸੀ ਧਿਰਾਂ ਨੇ ਡੇਰਾ ਪੈਰੋਕਾਰਾਂ ਦੀਆਂ ਚੁੱਪ ਚੁਪੀਤੇ ਦੇਹਲੀਆਂ ਨੀਵੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬਠਿੰਡਾ ਹਲਕੇ ਦੀ ਪੁਣਛਾਣ ਕਰੀਏ ਤਾਂ ਸ਼ਹਿਰ ’ਚ ਡੇਰਾ ਸਿਰਸਾ ਪੈਰੋਕਾਰਾਂ ਦੀ ਗਿਣਤੀ ਕਾਫੀ ਵੱਡੀ ਹੈ। ਹੁਣ ਜਦੋਂ ਵੋਟਾਂ ਪੈਣ ’ਚ 48 ਘੰਟੇ ਤੋਂ ਘੱਟ ਦਾ ਸਮਾਂ ਬਾਕੀ ਬਚਿਆ ਹੈ ਤਾਂ ਉਮੀਦਵਾਰਾਂ ਨੇ ਕੱਲੀ ਕੱਲੀ ਵੋਟ ਹਾਸਲ ਕਰਨ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇੱਕ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਲਾਈਨੋ ਪਾਰ ਇਲਾਕੇ ਨਾਲ ਸਬੰਧਤ ਕਈ ਵਾਰਡਾਂ ’ਚ ਡੇਰਾ ਪੈਰੋਕਾਰਾਂ ਦਾ ਫੈਸਲਾਕੁੰਨ ਵੋਟ ਬੈਂਕ ਹੈ ਅਤੇ ਸ਼ਹਿਰ ਦੇ ਹੋਰ ਵੀ ਕਈ ਵਾਰਡ ਡੇਰਾ ਪ੍ਰੇਮੀਆਂ ਦੇ ਅਸਰ ਹੇਠ ਹਨ। ਮੰਨਿਆ ਜਾ ਰਿਹਾ ਹੈ ਕਿ ਜਿਸ ਵੀ ਸਿਆਸੀ ਧਿਰ ਨੂੰ ਇਹ ਬੱਝਵੀਂ ਵੋਟਾਂ ਪਈਆਂ ਉਸ ਦਾ ਝੰਡਾ ਬੁਲੰਦ ਹੋ ਸਕਦਾ ਹੈ।
ਹਾਲਾਂਕਿ ਡੇਰਾ ਸਿਰਸਾ ਨੇ ਪੰਜਾਬ ਦੀਆਂ ਮਿਊਂਸਿਪਲ ਚੋਣਾਂ ’ਚ ਸਿੱਧਾ ਦਖਲ ਦੇਣ ਤੋਂ ਪਾਸਾ ਵੱਟਿਆ ਹੈ ਅਤੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਹਦਾਇਤ ਨਾਂ ਦੇਣ ਦੀ ਗੱਲ ਸਾਹਮਣੇ ਆਈ ਹੈ ਪਰ ਸਿਆਸੀ ਧਿਰਾਂ ਡੇਰਾ ਸਿਰਸਾ ਪੈਰੋਕਾਰਾਂ ਦੀਆਂ ਵੋਟਾਂ ’ਤੇ ਅੱਖ ਟਿਕਾਈ ਬੈਠੀਆਂ ਹਨ। ਪਿਛਲੇ ਕੌੜੇ ਤਜ਼ਰਬਿਆਂ ਨੂੰ ਦੇਖਦਿਆਂ ਡੇਰਾ ਸਿਰਸਾ ਵੀ ਹੁਣ ਬੋਚ ਬੋਚ ਕੇ ਪੱਬ ਧਰਨ ਲੱਗਿਆ ਹੈ। ਸੂਤਰ ਦੱਸਦੇ ਹਨ ਕਿ ਨਗਰ ਨਿਗਮ ਬਠਿੰਡਾ ਦੀ ਚੋਣ ਲਈ ਹਮਾਇਤ ਵਾਸਤੇ ਕਈ ਸਿਆਸੀ ਧਿਰਾਂ ਨੇ ਡੇਰਾ ਆਗੂ ਪ੍ਰਬੰਧਕਾਂ ਤੱਕ ਪਹੁੰਚ ਵੀ ਕੀਤੀ ਹੈ ਪਰ ਕਿਸੇ ਵੱਲੋਂ ਵੀ ਕੋਈ ਭਰੋਸਾ ਜਾਂ ਵਾਅਦਾ ਨਹੀਂ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ’ਚ ਸ਼ੁਮਾਰ ਹੁੰਦੇ ਇੱਕ ਡੇਰਾ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਥਾਨਕ ਪੱਧਰ ’ਤੇ ਹਮਾਇਤ ਨਾਲ ਧੜੇਬੰਦੀ ਬਣਦੀ ਹੈ ਜਿਸ ਕਰਕੇ ਸਿਆਸੀ ਲੋਕਾਂ ਦੇ ਜਿਆਦਾ ਨੇੜੇ ਜਾਣ ਤੋਂ ਸੰਕੋਚ ਕੀਤਾ ਗਿਆ ਹੈ।
ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਨਗਰ ਨਿਗਮ ਬਠਿੰਡਾ ਦੀ ਚੋਣ ਮੁੱਛ ਦਾ ਸਵਾਲ ਬਣਨ ਕਰਕੇ ਭਾਜਪਾ ਤਾਂ ਡੇਰਾ ਪ੍ਰੇਮੀਆਂ ਦੇ ਭਗਵਾ ਪਾਰਟੀ ਦੇ ਹੱਕ ’ਚ ਭੁਗਤਣ ਪ੍ਰਤੀ ਪੂਰਨ ਆਸਵੰਦ ਹੈ। ਸ਼੍ਰੋਮਣੀ ਅਕਾਲੀ ਦਲ ਛੱਡਕੇ ਭਾਜਪਾ ’ਚ ਸ਼ਮੂਲੀਅਤ ਕਰਨ ਵਾਲੇ ਭਾਜਪਾ ਦੇ ਮੌਜੂਦਾ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਵਿਧਾਨ ਸਭਾ ਚੋਣਾਂ 2007 ਦੌਰਾਨ ਅਕਾਲੀਆਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਪੈਦਾ ਹੋਈ ਖਟਾਸ ਕਾਰਨ ਬਠਿੰਡਾ ’ਚ ਵਾਪਰੀ ਖੁਦਕਸ਼ੀ ਦੀ ਇੱਕ ਅਣਸੁਖਾਵੀਂ ਘਟਨਾ ਤੋਂ ਬਾਅਦ ਬਣੀਆਂ ਦੂਰੀਆਂ ਖਤਮ ਕਰਨ ਵਿੱਚ ਵੀ ਸਫਲਤਾ ਹਾਸਲ ਕਰ ਲਈ ਹੈ। ਸ੍ਰੀ ਸਿੰਗਲਾ ਨੇ ਆਪਣਾ ਅਸਰ ਰਸੂਖ ਵਰਤ ਕੇ ਕੁੱਝ ਸਮਾਂ ਪਹਿਲਾਂ ਕਈ ਡੇਰਾ ਸ਼ਰਧਾਲੂ ਪ੍ਰੀਵਾਰਾਂ ਨੂੰ ਬੀਜੇਪੀ ‘ਚ ਵੀ ਸ਼ਾਮਲ ਕਰਵਾਇਆ ਸੀ। ਭਾਜਪਾ ਨੇ ਤਾਂ ਨਗਰ ਨਿਗਮ ਬਠਿੰਡਾ ਦੇ ਚੋਣ ਮੈਦਾਨ ’ਚ ਵਾਰਡ ਨੰਬਰ 42 ਤੋਂ ਇੱਕ ਸਰਗਰਮ ਮਹਿਲਾ ਡੇਰਾ ਪੈਰੋਕਾਰ ਰਿਤੂ ਜਿੰਦਲ ਨੂੰ ਉਮੀਦਵਾਰ ਵੀ ਬਣਾਇਆ ਹੈ।
ਨਗਰ ਨਿਗਮ ਚੋਣਾਂ 2021 ਦੌਰਾਨ ਕਾਂਗਰਸ ਨੇ ਇੱਕ ਡੇਰਾ ਸਿਰਸਾ ਪੈਰੋਕਾਰ ਨੂੰ ਟਿਕਟ ਦਿੱਤੀ ਸੀ ਜਿਸ ਦਾ ਫਾਇਦਾ ਮਿਲਿਆ ਸੀ। ਇਸੇ ਕਾਰਨ ਸਿੰਗਲਾ ਨੂੰ ਡੇਰਾ ਪ੍ਰੇਮੀਆਂ ਦਾ ਵੱਡਾ ਹਿੱਸਾ ਭਾਜਪਾ ਦੇ ਹੱਕ ’ਚ ਭੁਗਤਣ ਦੀ ਉਮੀਦ ਹੈ। ਪਤਾ ਲੱਗਿਆ ਹੈ ਕਿ ਕੁੱਝ ਮੋਹਰੀ ਪ੍ਰੇਮੀਆਂ ਨੇ ਗੁਪਤ ਮੀਟਿੰਗਾਂ ਕਰਨ ਦੀ ਵਿਉਂਤਬੰਦੀ ਕੀਤੀ ਸੀ ਪਰ ਮਗਰੋਂ ਪਾਸਾ ਵੱਟ ਲਿਆ। ਭਾਜਪਾ 50 ਵਾਰਡਾਂ ਚੋਂ 49 ਵਿੱਚ ਚੋਣ ਲੜ ਰਹੀ ਹੈ । ਵਾਰਡ ਨੰਬਰ 46 ਤੋਂ ਭਾਜਪਾ ਉਮੀਦਵਾਰ ਨੇ ਚੁੱਪ ਚੁਪੀਤੇ ਕਾਗਜ ਵਾਪਿਸ ਲੈ ਲਏ ਸਨ ਜਿਸ ਕਰਕੇ ’ਆਪ ਉਮੀਦਵਾਰ ਪਦਮਜੀਤ ਮਹਿਤਾ ਬਿਨਾਂ ਮੁਕਾਬਲਾ ਜਿੱਤ ਗਏ ਸਨ। ਦਿਲਚਸਪ ਇਹ ਹੈ ਕਿ ਆਮ ਆਦਮੀ ਪਾਰਟੀ ਡੇਰਾ ਹਲਕਿਆਂ ਅਤੇ ਪੰਥਕ ਧਿਰਾਂ ’ਚ ਘੁਸਪੈਠ ਕਰਨ ’ਚ ਜੁਟੀ ਹੋਈ ਹੈ । ਸ਼੍ਰੋਮਣੀ ਅਕਾਲੀ ਦਲ ਹੁਣ ਡੇਰਿਆਂ ਦੀ ਵੋਟਾਂ ਲਾਗੇ ਜਾਣ ਤੋਂ ਡਰਦਾ ਹੈ ਜਿਸ ਕਰਕੇ ਸਿੱਖ ਵੋਟਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ।
ਵੋਟਾਂ ਤੋਂ ਦੂਰ ਡੇਰਾ ਸਿਰਸਾ
ਜਾਣਕਾਰੀ ਮੁਤਾਬਕ ਡੇਰਾ ਸਿਰਸਾ ਹੁਣ ਆਪਣਾ ਪੂਰਾ ਫੋਕਸ ਸਮਾਜਸੇਵਾ ਦੇ ਕੰਮਾਂ ’ਤੇ ਕਰ ਰਿਹਾ ਹੈ। ਸਿਆਸੀ ਵਿੰਗ ਭੰਗ ਹੋਣ ਕਾਰਨ ਡੇਰਾ ਪੈਰੋਕਾਰਾਂ ਵੱਲੋਂ ਸਥਾਨਕ ਪੱਧਰ ’ਤੇ ਆਪੋ ਆਪਣੀ ਮਰਜੀ ਨਾਲ ਵੋਟਾਂ ਪਾਉਣ ਦੀ ਸੰਭਾਵਨਾ ਹੈ। ਹਰ ਵਾਰਡ ’ਚ ਡੇਰਾ ਪੈਰੋਕਾਰਾਂ ਦੀਆਂ 150 ਤੋਂ 300 ਵੋਟਾਂ ਹਨ ਜਦੋਂਕਿ ਕਈ ਵਾਰਡਾਂ ’ਚ ਇਹ ਗਿਣਤੀ ਕਾਫੀ ਵੱਡੀ ਹੈ। ਡੇਰਾ ਪੈਰੋਕਾਰ ਕਿਸ ਨੂੰ ਸਿਆਸੀ ਆਸਰਾ ਦਿੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਨਾਲ ਸਿਆਸਤ ’ਚ ਨਵੀਂ ਹਲਚਲ ਪੈਦਾ ਹੋ ਸਕਦੀ ਹੈ।
ਹੋਰਨਾਂ ਡੇਰਿਆਂ ਦਾ ਵੀ ਆਸਰਾ
ਬਠਿੰਡਾ ’ਚ ਡੇਰਾ ਰਾਧਾ ਸੁਆਮੀ ਦਾ ਚੋਖਾ ਪ੍ਰਭਾਵ ਹੈ ਜਿਸ ਦੇ ਸ਼ਰਧਾਲੂ ਬਿਨਾਂ ਕਿਸੇ ਰੌਲੇ ਰੱਪੇ ਦੇ ਵੋਟਾਂ ਪਾਉਂਦੇ ਹਨ। ਡੇਰਾ ਬਿਆਸ ਦੀਆਂ ਵੋਟਾਂ ’ਤੇ ਭਾਜਪਾ ਦੀ ਅੱਖ ਹੈ। ਏਦਾਂ ਹੀ ਨਿਰੰਕਾਰੀ ਮਿਸ਼ਨ , ਡੇਰਾ ਨੂਰ ਮਹਿਲ , ਸੰਤ ਰਾਮਪਾਲ ਦੇ ਸੱਤਲੋਕ ਆਸ਼ਰਮ , ਡੇਰਾ ਸੱਚ ਖੰਡ ਬੱਲਾਂ ਅਤੇ ਵਿਸ਼ਵਾਸ਼ ਮਿਸ਼ਨ ਦੇ ਸ਼ਰਧਾਲੂ ਵੀ ਕਈ ਥਾਈਂ ਪ੍ਰਭਾਵ ਰੱਖਦੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਹਾਲਾਤਾਂ ਨੂੰ ਦੇਖਦਿਆਂ ਨਗਰ ਨਿਗਮ ਬਠਿੰਡਾ ਦੀ ਚੋਣ ਦੌਰਾਨ ਡੇਰਿਆਂ ਦੇ ਵੋਟ ਬੈਂਕ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਜਿਸ ਤਰ੍ਹਾਂ ਦੀ ਸਿਆਸੀ ਸਥਿਤੀ ਹੈ ਉਸ ਨੂੰ ਦੇਖਦਿਆ ਹਰ ਵੋਟ ਕੀਮਤੀ ਮੰਨੀ ਜਾ ਰਹੀ ਹੈ।
- Download Babushahi App
-
-