ਜਗਰਾਉਂ: ਸਰਕਾਰੀ ਡਿਊਟੀ 'ਚ ਵਿਘਨ ਪਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ ਭੈਣ-ਭਰਾ ਸਮੇਤ ਪੰਜ ਖਿਲਾਫ਼ FIR ਦਰਜ
ਜਗਰਾਉਂ (ਦੀਪਕ ਜੈਨ): ਥਾਣਾ ਹਠੂਰ ਦੀ ਪੁਲਿਸ ਨੇ ਵਾਰੰਟ ਦਖਲ ਦੀ ਕਾਰਵਾਈ ਦੌਰਾਨ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਕੁੱਟਮਾਰ ਕਰਨ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਹੇਠ ਭੈਣ-ਭਰਾ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਹਠੂਰ ਦੇ ਮੁੱਖ ਅਫਸਰ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਏਐਸਆਈ ਗੀਤਇੰਦਰਪਾਲ ਸਿੰਘ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਕਿ ਉਹ ਮਾਣਯੋਗ ਸਹਾਇਕ ਕੁਲੈਕਟਰ ਦਰਜਾ ਪਹਿਲਾ, ਲੁਧਿਆਣਾ ਜੀ ਦੇ ਹੁਕਮਾਂ ਅਨੁਸਾਰ ਵਾਰੰਟ ਦਖਲ ਦੀ ਕਾਰਵਾਈ ਕਰਦਿਆਂ ਤਕਸੀਮ ਕੀਤੀ ਗਈ ਜ਼ਮੀਨ 'ਤੇ ਨਿਸ਼ਾਨ ਲਗਾ ਰਹੇ ਸਨ।
ਏਐਸਆਈ ਨੇ ਦੱਸਿਆ ਕਿ ਕਾਰਵਾਈ ਦੌਰਾਨ ਮੌਕੇ 'ਤੇ ਹਾਜ਼ਰ ਭੁਪਿੰਦਰ ਕੌਰ ਉਰਫ਼ ਰਾਣੋ ਪੁੱਤਰੀ ਜਗਰਾਜ ਸਿੰਘ ਅਤੇ ਉਸਦੇ ਭਰਾ ਗੋਰਾ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਪਿੰਡ ਰਣਧੀਗੜ੍ਹ ਵੱਲੋਂ ਦੂਜੀ ਧਿਰ ਦੇ ਹਾਜ਼ਰੀਨ ਨਾਲ ਕਾਫੀ ਤਲਖੀ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਉਨ੍ਹਾਂ ਨੇ ਇੱਕ ਦੂਜੇ ਨੂੰ ਗਾਲੀ ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ।ਦਖਲ ਵਾਰੰਟ ਦੀ ਕਾਰਵਾਈ ਦੌਰਾਨ ਭੁਪਿੰਦਰ ਕੌਰ ਉਰਫ਼ ਰਾਣੋ, ਉਸਦੇ ਭਰਾ ਗੋਰਾ ਸਿੰਘ ਅਤੇ ਉਨ੍ਹਾਂ ਵੱਲੋਂ ਹਾਜ਼ਰ ਆਏ 02-03 ਨਾ ਮਾਲੂਮ ਵਿਅਕਤੀਆਂ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ।ਦਖਲ ਵਾਰੰਟ ਦੀ ਕਾਰਵਾਈ ਹੋਣ ਉਪਰੰਤ ਜਦੋਂ ਚਮਕੌਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਪਿੰਡ ਰਣਧੀਰਗੜ੍ਹ ਨੇ ਆਪਣੇ ਟਰੈਕਟਰ ਨੂੰ ਸਟਾਰਟ ਕੀਤਾ, ਤਾਂ ਗੋਰਾ ਸਿੰਘ, ਉਸਦੀ ਭੈਣ ਭੁਪਿੰਦਰ ਕੌਰ ਉਰਫ਼ ਰਾਣੋ ਅਤੇ 02-03 ਅਣਪਛਾਤੇ ਵਿਅਕਤੀਆਂ ਨੇ ਚਮਕੌਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮਲਸੀਹਾਂ ਸਾਹਲਾ ਨਗਰ (ਥਾਣਾ ਸਾਹਕੋਟ, ਜ਼ਿਲ੍ਹਾ ਜਲੰਧਰ) ਦੀ ਕੁੱਟਮਾਰ ਕੀਤੀ।
ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਗੀਤਇੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਭੁਪਿੰਦਰ ਕੌਰ ਉਰਫ਼ ਰਾਣੋ ਪੁੱਤਰੀ ਜਗਤਾਰ ਸਿੰਘ, ਗੋਰਾ ਸਿੰਘ ਪੁੱਤਰ ਜਗਤਾਰ ਸਿੰਘ (ਦੋਵੇਂ ਵਾਸੀ ਪਿੰਡ ਰਣਧੀਗੜ੍ਹ) ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।