ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਡਾ. ਸਾਹਿਬ ਸਿੰਘ ਵੱਲੋਂ ਨਾਟਕ 'ਤੂੰ ਅਗਲਾ ਵਰਕਾ ਫੋਲ' ਦੀ ਸਫਲ ਪੇਸ਼ਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 12 ਨਵੰਬਰ 2025- ਅੱਜ ਸਰਕਾਰੀ ਕਾਲਜ ਗੁਰਦਾਸਪੁਰ ਦੇ ਮੰਚ ’ਤੇ ਪ੍ਰਸਿੱਧ ਥੀਏਟਰ ਆਰਟਿਸਟ ਡਾ. ਸਾਹਿਬ ਸਿੰਘ ਵੱਲੋਂ ‘ਤੂੰ ਅਗਲਾ ਵਰਕਾ ਫੋਲ’ ਨਾਟਕ ਦੀ ਅਰਥਪੂਰਨ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਸੀ। ਮੌਕੇ ’ਤੇ ਸ਼ਹੀਦ ਸਰਾਭਾ ਜੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ ਵੀ ਕਰਵਾਇਆ ਗਿਆ।
ਇਸ ਵਿਸ਼ੇਸ਼ ਸਮਾਰੋਹ ਵਿੱਚ ਮੁੱਖ ਮਹਿਮਾਨ ਸ੍ਰੀ ਅਵਤਾਰ ਸਿੰਘ ਸਿੱਧੂ, ਸਾਬਕਾ ਪ੍ਰਿੰਸੀਪਲ, ਸਰਕਾਰੀ ਕਾਲਜ ਗੁਰਦਾਸਪੁਰ, ਹਾਜ਼ਰ ਸਨ। ਇਸਦੇ ਨਾਲ ਹੀ ਕਈ ਪਤਵੰਤੇ ਸੱਜਣ, ਅਧਿਆਪਕ ਤੇ ਵਿਦਿਆਰਥੀ ਵੀ ਇਸ ਮੌਕੇ ਸ਼ਾਮਿਲ ਹੋਏ।
ਡਾ. ਸਾਹਿਬ ਸਿੰਘ ਨੇ ਆਪਣੀ ਕਲਾ ਰਾਹੀਂ ਮਨੁੱਖੀ ਪ੍ਰਵਿਰਤੀਆਂ, ਆਤਮ-ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੇ ਸਵਾਲ ਉਠਾਏ।
ਉਹਨਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਹਰ ਪੀੜੀ ਨੂੰ ਆਪਣੀ ਅਗਲੀ ਪੀੜੀ ਲਈ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਸਮਾਜਕ ਸੰਰਚਨਾ ਨੂੰ ਸੁਧਾਰਨ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ ਨੇ ਡਾ. ਸਾਹਿਬ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ — “ਡਾ. ਸਾਹਿਬ ਸਿੰਘ ਵਰਗੇ ਕਲਾਕਾਰ ਸਾਡੇ ਸਮਾਜ ਦੇ ਆਇਨੇ ਹਨ। ਉਹ ਸਾਨੂੰ ਆਪਣੀ ਸੋਚ, ਕਰਮ ਅਤੇ ਆਦਰਸ਼ਾਂ ਬਾਰੇ ਗਹਿਰਾਈ ਨਾਲ ਸੋਚਣ ਲਈ ਪ੍ਰੇਰਿਤ ਕਰਦੇ ਹਨ। ‘ਤੂੰ ਅਗਲਾ ਵਰਕਾ ਫੋਲ’ ਸਿਰਫ਼ ਨਾਟਕ ਨਹੀਂ, ਸਗੋਂ ਜੀਵਨ ਦਾ ਦਰਪਣ ਹੈ ਜੋ ਹਰ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ ਲਈ ਮਜਬੂਰ ਕਰਦਾ ਹੈ।”
ਉਹਨਾਂ ਕਿਹਾ ਕਿ ਕਾਲਜ ਹਮੇਸ਼ਾਂ ਅਜਿਹੀਆਂ ਰਚਨਾਤਮਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਦਾ ਰਹੇਗਾ ਜਿਹੜੀਆਂ ਵਿਦਿਆਰਥੀਆਂ ਵਿੱਚ ਸਿਰਫ਼ ਵਿਦਿਅਕ ਹੀ ਨਹੀਂ, ਸੱਭਿਆਚਾਰਕ ਤੇ ਨੈਤਿਕ ਚੇਤਨਾ ਵੀ ਜਗਾਉਂਦੀਆਂ ਹਨ।
ਅੰਤ ਵਿੱਚ ਪ੍ਰਿੰਸੀਪਲ ਨੇ ਡਾ. ਸਾਹਿਬ ਸਿੰਘ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਮੁੱਖ ਮਹਿਮਾਨ ਡਾ. ਅਵਤਾਰ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ — “ਮੈਨੂੰ ਬਹੁਤ ਖੁਸ਼ੀ ਹੈ ਕਿ ਸਰਕਾਰੀ ਕਾਲਜ ਗੁਰਦਾਸਪੁਰ ਹਮੇਸ਼ਾਂ ਕਲਾ ਅਤੇ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਵਿੱਚ ਅਗੇਤਰ ਰਿਹਾ ਹੈ।
ਡਾ. ਸਾਹਿਬ ਸਿੰਘ ਦਾ ਇਹ ਨਾਟਕ ਸਿਰਫ਼ ਮਨੋਰੰਜਨ ਨਹੀਂ, ਸਗੋਂ ਇੱਕ ਆਇਨਾ ਹੈ ਜੋ ਸਾਨੂੰ ਆਪਣੇ ਅੰਦਰ ਦੀ ਅਸਲ ਤਸਵੀਰ ਵਿਖਾਉਂਦਾ ਹੈ।” ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀਆਂ ਕਲਾਤਮਕ ਪੇਸ਼ਕਾਰੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਕਿਉਂਕਿ ਕਲਾ ਸਾਨੂੰ ਸੋਚਣ, ਸਮਝਣ ਅਤੇ ਮਨੁੱਖ ਬਣਨ ਦਾ ਮੌਕਾ ਦਿੰਦੀ ਹੈ।