ਅਮਰੀਕਾ: ਹਿਰਾਸਤ ਵਿਚਲੇ ਤਕਰੀਬਨ ਇੱਕ ਤਿਹਾਈ ਗੈਰਕਾਨੂੰਨੀ ਪ੍ਰਵਾਸੀਆਂ ਨੇ ਦਿੱਤਾ ਕੋਰੋਨਾ ਵੈਕਸੀਨ ਨੂੰ ਜਵਾਬ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 23 ਜੁਲਾਈ 2021 - ਅਮਰੀਕਾ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ ਸੀ ਈ) ਦੀ ਹਿਰਾਸਤ ਵਿੱਚ ਲੱਗਭਗ ਇੱਕ ਤਿਹਾਈ ਗੈਰਕਾਨੂੰਨੀ ਪ੍ਰਵਾਸੀਆਂ ਨੇ ਕੋਰੋਨਾ ਵਾਇਰਸ ਟੀਕਾ ਲਗਵਾਉਣ ਤੋਂ ਇਨਕਾਰ ਕੀਤਾ ਹੈ।
ਆਈ ਸੀ ਈ ਅਧਿਕਾਰੀਆ ਅਨੁਸਾਰ ਸਾਰੇ ਨਜ਼ਰਬੰਦੀ ਕੇਂਦਰਾਂ ਵਿੱਚ ਟੀਕੇ ਘਟਣ ਦੀ ਦਰ 30 ਪ੍ਰਤੀਸ਼ਤ ਹੈ। ਆਈ ਸੀ ਈ ਨੇ ਬੁੱਧਵਾਰ ਤੱਕ ਇਸ ਸਮੇਂ ਹਿਰਾਸਤ ਵਿੱਚ ਬੰਦ ਕੈਦੀਆਂ ਵਿਚਕਾਰ 1,376 ਕੋਵਿਡ -19 ਮਾਮਲੇ ਦਰਜ ਕੀਤੇ ਹਨ ਜਦਕਿ ਕੈਦੀਆਂ ਦੀ ਕੁੱਲ ਗਿਣਤੀ 16 ਜੁਲਾਈ ਨੂੰ ਖਤਮ ਹੋਏ ਹਫ਼ਤੇ ਤੱਕ 27,067 ਦਰਜ ਕੀਤੀ ਗਈ। ਆਈ ਸੀ ਈ ਦੇ ਅੰਕੜਿਆਂ ਦੇ ਅਨੁਸਾਰ ਸੈਨ ਐਂਟੋਨੀਓ, ਐਲ ਪਾਸੋ, ਹਿਊਸਟਨ, ਫੀਨਿਕਸ ਅਤੇ ਸੈਨ ਡਿਏਗੋ ਵਿੱਚ ਫੀਲਡ ਦਫਤਰਾਂ ਦੀ ਨਿਗਰਾਨੀ ਅਧੀਨ ਸਹੂਲਤਾਂ ਵਿੱਚ 1,095 ਕੋਵਿਡ -19 ਮਾਮਲੇ (ਕੁੱਲ ਦਾ 79.5 ਪ੍ਰਤੀਸ਼ਤ) ਦਰਜ ਕੀਤੇ ਗਏ ਹਨ।
ਇਸਦੇ ਇਲਾਵਾ ਛੇ ਹੋਟਲਾਂ ਵਿੱਚ ਵੀ 69 ਕੋਰੋਨਾ ਕੇਸ ਦਰਜ ਕੀਤੇ ਗਏ ਹਨ ਜੋ ਕਿ ਅਸਥਾਈ ਪ੍ਰਵਾਸੀ ਸਹੂਲਤਾਂ ਵਜੋਂ ਵਰਤੇ ਜਾ ਰਹੇ ਹਨ। ਸਿਹਤ ਮਾਹਿਰ ਦੱਖਣੀ ਸਰਹੱਦ 'ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਚੱਲ ਰਹੇ ਵਾਧੇ ਕਾਰਨ ਕੋਰੋਨਾ ਵਾਇਰਸ ਦੀ ਲਾਗ ਵਿੱਚ ਵਾਧੇ ਸਬੰਧੀ ਚਿੰਤਤ ਹਨ । ਜੂਨ ਵਿੱਚ 188,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਯੂ ਐੱਸ-ਮੈਕਸੀਕੋ ਦੀ ਸਰਹੱਦ 'ਤੇ ਫੜਿਆ ਗਿਆ, ਜੋ ਕਿ ਇਸ ਮਹੀਨੇ ਵਿੱਚ ਘੱਟੋ-ਘੱਟ 22 ਸਾਲਾਂ ਦੀ ਮਿਆਦ ਵਿੱਚ ਸਭ ਤੋਂ ਵੱਧ ਕੁੱਲ ਗਿਣਤੀ ਹੈ।