ਪੰਜਾਬ ਸੈਰ-ਸਪਾਟਾ ਵਿਭਾਗ ਨੇ ਕਰਵਾਈ ਆਪਣੀ ਤਰ੍ਹਾਂ ਦੀ ਪਹਿਲੀ ਰੋਮਾਂਚ ਭਰਪੂਰ ‘ਸਜੋਬਾ ਰੈਲੀ’
- ਗੜ੍ਹਸ਼ੰਕਰ ਦਾ ਗੱਜ ਰਿਟ੍ਰੀਟ ਕਾਰ ਚਾਲਕਾਂ ਤੇ ਬਾਈਕਰਸ ਦੀ ਸਾਹਸੀ ਰੇਸ ਦਾ ਬਣਿਆ ਗਵਾਹ
ਹੁਸ਼ਿਆਰਪੁਰ, 4 ਮਾਰਚ 2023 - ਸੂਬੇ ਵਿਚ ਰੋਮਾਂਚ ਨਾਲ ਭਰਪੂਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸੈਰ-ਸਪਾਟਾ ਵਿਭਾਗ ਵੱਲੋਂ ਕਰਵਾਈ ਗਈ ਆਪਣੀ ਕਿਸਮ ਦੀ ਪਹਿਲੀ ‘ਸਜੋਬਾ ਰੈਲੀ 2023’ (ਸੇਂਟ ਜੌਹਨ ਓਲਡ ਸਕੂਲ ਬੁਆਏਜ਼ ਐਸੋਸੀਏਸ਼ਨ ਰੈਲੀ 2023) ਬੀਤੀ ਰਾਤ ਸ਼ਹੀਦ ਭਗਤ ਸਿੰਘ ਨਗਰ ਤੋਂ ਹੁਸ਼ਿਆਰਪੁਰ ਦੀ ਸਬ-ਡਵੀਜ਼ਨ ਗੜ੍ਹਸ਼ੰਕਰ ਦੇ ਗੱਜ ਰੀਟ੍ਰੀਟ ਪਹੁੰਚੀ, ਜਿਥੇ ਦੋ ਦਿਨ ਕਾਰ ਚਾਲਕਾਂ ਅਤੇ ਬਾਈਕਰਸ ਦੀ ਸਾਹਸੀ ਰੇਸ ਹੋਈ। ਰੋਮਾਂਚ ਨਾਲ ਭਰਪੂਰ ਇਹ ਰੈਲੀ 5 ਮਾਰਚ ਤੱਕ ਚੱਲੇਗੀ। ਇਸ ਰੈਲੀ ਵਿਚ 23 ਚਾਰ ਪਹੀਆ ਅਤੇ 54 ਦੋਪਹੀਆ ਵਾਹਨ ਚਾਲਕਾਂ ਨੇ ਸ਼ਮੂਲੀਅਤ ਕੀਤੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਗੱਜ ਰੀਟ੍ਰੀਟ ਤੋਂ ਸ਼ੁਰੂ ਹੋ ਕੇ ਇਹ ਰੈਲੀ ਸ਼ਾਹਪੁਰ, ਜੰਡਿਆਲਾ, ਕੁਠਾਰ, ਜੇਜੋਂ, ਢੋਲਬਾਹਾ, ਥਾਨਾ, ਕੂਕਾਨੇਟ ਹੁੰਦੇ ਹੋਏ ਵਾਪਸ ਗੱਜ ਰੀਟ੍ਰੀਟ ਆ ਕੇ ਸਮਾਪਤ ਹੋਈ। ਇਸ ਸਮੁੱਚੀ ਰੈਲੀ ਦੇ ਜੇਤੂਆਂ ਨੂੰ 6 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ।
ਪੰਜਾਬ ਸੈਰ-ਸਪਾਟਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਾਹਸਿਕ ਰੈਲੀ ਇਕ ਹਫ਼ਤਾ ਪਹਿਲਾਂ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2023 ਵਿਚ ਪੇਸ਼ ਕੀਤੀ ਗਈ ‘ਪੰਜਾਬ ਐਡਵੈਂਚਰ ਟੂਰਿਜ਼ਮ ਪਾਲਿਸੀ 2023’ ਦੇ ਅਗਲੇ ਕਦਮ ਵਜੋਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੇਂਟ ਜੌਹਨ ਓਲਡ ਸਕੂਲ ਬੁਆਏਜ਼ ਐਸੋਸੀਏਸ਼ਨ ਆਪਣੀ 36ਵੀਂ ਰੈਲੀ ਕੱਢ ਰਹੀ ਹੈ, ਪਰੰਤੂ ਇਸ ਵਾਰ ਸੂਬਾ ਸਰਕਾਰ ਨੇ ਵੀ ਇਸ ਰੈਲੀ ਨੂੰ ਸਹਿ-ਪ੍ਰਯੋਜਿਤ ਕਰ ਕੇ ਆਪਣੀ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਥਾਨਕ ਸਾਹਸੀ ਚਾਲਕਾਂ ਨੂੰ ਵੀ ਸਥਾਨਕ ਪੱਧਰ ਦੇੇ ਪੜਾਅ ਵਿਚ ਭਾਗ ਲੈਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਹਸੀ ਸੈਰ-ਸਪਾਟੇ ਅਤੇ ਜਲ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਦੋਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਤਸ਼ਾਹਿਤ ਕਰ ਰਹੀ ਹੈ।
‘ਸਜੋਬਾ ਰੈਲੀ 2023’ ਨੂੰ ਗੱਜ ਰੀਟ੍ਰੀਟ ਗੜ੍ਹਸ਼ੰਕਰ ਤੋਂ ਰਵਾਨਾ ਕੀਤਾ ਗਿਆ, ਜੋ ਕਿ ਵਾਪਸ ਇਥੇ ਹੀ ਆ ਕੇ ਸਮਾਪਤ ਹੋਈ। ਇਸ ਮੁਕਾਬਲੇ ਦੌਰਾਨ ਭਾਗੀਦਾਰਾਂ ਦੇ ਚਾਰ ਪਹੀਆ ਅਤੇ ਦੋਪਹੀਆ ਵਾਹਨਾਂ ਨੇ ਰੋਮਾਂਚ ਭਰਪੂਰ ਦੌੜ ਪੇਸ਼ ਕੀਤੀ। ਇਸ ਮੌਕੇ ’ਤੇ ਮੌਜੂਦ ਸੇਂਟ ਜੌਹਨ ਓਲਡ ਸਕੂਲ ਬੁਆਏਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਪੁੰਨ ਮੈਹਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸੇਂਟ ਜੌਹਨ ਹਾਈ ਸਕੂਲ ਚੰਡੀਗੜ੍ਰ ਦੇ ਪੁਰਾਣੇ ਵਿਦਿਆਰਥੀਆਂ ਦਾ ਸਮੂਹ ਹੈ, ਜਿਸ ਵਿਚ 4500 ਤੋਂ ਵੱਧ ਰਜਿਸਟਰਡ ਮੈਂਬਰ ਵਿਸ਼ਵ ਭਰ ਵਿਚ ਫੈਲੇ ਹੋਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਇਸ ਸਾਲ ਆਪਣੀ ਸਥਾਪਨਾ ਦੀ 42ਵੀਂ ਵਰ੍ਹੇਗੰਢ ਮਨਾ ਰਹੀ ਹੈ, ਜਿਸ ਦੀ ਸ਼ੁਰੂਆਤ 19 ਜੁਲਾਈ 1980 ਨੂੰ ਕੀਤੀ ਗਈ ਸੀ। ਉਨ੍ਹਾਂ ਸੇਂਟ ਜੌਹਨ ਓਲਡ ਬੁਆਏਜ਼ ਐਸੋਸੀਏਸ਼ਨ ਕਾਰ ਰੈਲੀ 2023 ਲਈ ਸਹਿ-ਪ੍ਰਯੋਜਕ ਦੇ ਤੌਰ ’ਤੇ ਸਹਿਯੋਗ ਕਰਨ ਲਈ ਪੰਜਾਬ ਸਰਕਾਰ ਅਤੇ ਪੰਜਾਬ ਸੈਰ-ਸਪਾਟਾ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿਚ ਐਡਵੈਂਚਰ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ 3 ਤੋਂ 5 ਮਾਰਚ ਤੱਕ ਕਰਵਾਈ ਜਾ ਰਹੀ ਇਹ ਰੈਲੀ ਹੋਰ ਰੋਮਾਂਚ ਭਰਪੂਰ ਗਤੀਵਿਧੀਆਂ ਕਰੇਗੀ। ਇਸ ਮੌਕੇ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਮੁਕਾਬਲੇ ਦੇ ਵੱਖ-ਵੱਖ ਪੜਾਵਾਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਸਨ।