ਕੌਮਾਂਤਰੀ ਸ਼ੈਫ ਦਿਵਸ ਨੂੰ ਸਮਰਪਿਤ ਖਾਣਾ ਬਨਾਉਣ ਦੇ ਮੁਕਾਬਲੇ ਕਰਵਾਏ
ਅਸ਼ੋਕ ਵਰਮਾ
ਬਠਿੰਡਾ,21ਅਕਤੂਬਰ2021:ਮਿੱਤਲ ਇੰਸਟੀਚਿਊਟ ਆਫ਼ ਹੌਸਪੀਟੈਲਿਟੀ ਮੈਨੇਜਮੈਂਟ ਨੇ ‘ਕੌਮਾਂਤਰੀ ਸ਼ੈਫ ਦਿਵਸ’ ਨੂੰ ਸਮਰਪਿਤ ਖਾਣਾ ਪਕਾਉਣ ਦੇ ਮੁਕਾਬਲੇ ਕਰਵਾਏ ਜਿੰਨ੍ਹਾਂ ’ਚ ਵੱਖ ਵੱਖ ਸਕੂਲਾਂ, ਇੰਸਟੀਚਿਊਟਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ 21 ਟੀਮਾਂ ਨੇ ਭਾਗ ਲਿਆ। ਹੋਟਲ ਕੰਫਟ ਇੰਨ ’ਚ ਪੰਜ ਵੱਖ ਵੱਖ ਕੈਟਾਗਰੀਜ਼ ਨਾਲ ਸਬੰਧਤ ਮੁਕਾਬਲਿਆਂ ਲਈ ਕਰਵਾਏ ਸਮਾਗਮ ਦੌਰਾਨ ਡਾਇਰੈਕਟਰ ਮੈਡਮ ਸੁਨੀਤਾ ਮਿੱਤਲ ਤੋਂ ਇਲਾਵਾ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਬਿ੍ਰਕਰਮਜੀਤ ਸਿੰਘ ਸ਼ੇਰਗਿੱਲ ਅਤੇ ਹੋਟਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜੱਜਮੈਂਟ ਟੀਮ ਦੀ ਅਗਵਾਈ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਬਠਿੰਡਾ ਦੀ ਪਿ੍ਰੰਸੀਪਲ ਰਾਜਨੀਤ ਕੋਹਲੀ ਅਤੇ ਦਸ਼ਮੇਸ਼ ਸਕੂਲ ਦੇ ਡਾਇਰੈਕਟਰ ਤਸ਼ਵਿੰਦਰ ਸਿੰਘ ਮਾਨ ਨੇ ਕੀਤੀ।
ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਮੌਲੀ ਆਹੂਜਾ ਬੈਸਟ ਕੇਟ ਡੈਕੋਰੇਸ਼ਨ ’ਚ ਪਹਿਲੇ ਸਥਾਨ ਤੇ ਰਹੀ। ਬੈਸਟ ਰਿਜ਼ਨਲ ਸਟਾਰਟਰ ਰੈਸਪੀ ਮੁਕਾਬਲੇ ’ਚ ਐਮਆਈਐੱਚਐੱਮ ਦੀ ਵਿਦਿਆਰਥੀ ਸੋਨੀਆ ਅਤੇ ਅਨੁਰਾਗ ਜੇਤੂ ਰਹੇ। ਇਸੇ ਤਰ੍ਹਾਂ ਬੈਸਟ ਇੰਡੀਅਨ ਡਿਜ਼ਰਟ ਰੈਸਪੀ ਮੁਕਾਬਲੇ ’ਚ ਹੇਮਾਨਤੀ ਬਾਰਿਕ ਅਤੇ ਭਾਗਿਆ ਸ਼੍ਰੀ ਦਿਵਾਕਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੈਸਟ ਅੰਤਰਰਾਸ਼ਟਰੀ ਰੈਸਪੀ ’ਚ ਐੱਮਆਈਐੱਚਐੱਮ ਦੀ ਟੀਮ ਰਿਤੇਸ਼ ਅਤੇ ਅਰਨਵ ਨੇ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਬੈਸਟ ਫਿਊਸ਼ਨ ਸਟਾਰਟਰ ਰੈਸਪੀ ’ਚ ਆਈਐੱਚਐੱਮ ਦੇ ਵਿਦਿਆਰਥੀ ਸੰਦੀਪ ਕੁਮਾਰ ਅਤੇ ਜਤੀਨ ਨੇ ਮੁਕਾਬਲਾ ਜਿੱਤਿਆ।
ਜੇਤੂਆਂ ਨੂੰ ਐਮਆਈਐੱਚਐੱਮ ਤਰਫੋਂ ਸਰਟੀਫਿਕੇਟ ਅਤੇ ਇਨਾਮ ਵੀ ਵੰਡੇ ਗਏ। ਇਸ ਮੌਕੇ ਸੰਬੋਧਨ ਦੌਰਾਨ ਮੈਡਮ ਸੁਨੀਤਾ ਮਿੱਤਲ ਦਾ ਕਹਿਣਾ ਸੀ ਕਿ ਖਾਣਾ ਬਣਾਉਣਾ ਇੱਕ ਕਲਾ ਹੈ ਅਤੇ ਅਜਿਹੇ ਮੁਕਾਬਲੇ ਚੰਗੇ ਖਾਣ ਪੀਣ ਪ੍ਰਤੀ ਉਤਸ਼ਾਹਿਤ ਕਰਦੇ ਹਨ। ਹੋਟਲ ਕੰਫਟ ਇੰਨ ਦੇ ਜੀਐੱਮ ਡੀ ਥਿਆਗਿੰਨ ਮੈਨਨ ਨੇ ਮਹਿਮਾਨਾਂ ਦਾ ਸਮਾਗਮ ’ਚ ਸ਼ਾਮਲ ਹੋਣ ਲਈ ਧੰਨਵਾਦ ਅਤੇ ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਐੱਮਆਈਐੱਚਐੱਮ ਦੇ ਸੀਈਓ ਰਾਹੁਲ ਅਹੂਜਾ ਨੇ ਕੀਤਾ।