ਡੇਰਾ ਸਿਰਸਾ ਪੈਰੋਕਾਰ ਸੱਤਪਾਲ ਸਿੰਘ ਗਰੇਵਾਲ ਬਣੇ ਬਠਿੰਡਾ ਦੇ 126ਵੇਂ ਸਰੀਰਦਾਨੀ
ਅਸ਼ੋਕ ਵਰਮਾ
ਬਠਿੰਡਾ,7 ਦਸੰਬਰ 2025: ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦ 170 ਕਾਰਜਾਂ ਚੋਂ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 126ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦੇ ਏਰੀਆ ਮਾਡਲ ਟਾਊਨ ਦੇ ਡੇਰਾ ਸ਼ਰਧਾਲੂ ਸੇਵਾਦਾਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਸੱਤਪਾਲ ਸਿੰਘ ਗਰੇਵਾਲ ਇੰਸਾਂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ । ਇਸ ਮੌਕੇ ਹਾਜ਼ਰ ਡੇਰਾ ਪ੍ਰੇਮੀਆਂ ਨੇ ਸੇਵਾਦਾਰ ਸੱਤਪਾਲ ਗਰੇਵਾਲ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਸੱਤਪਾਲ ਗਰੇਵਾਲ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇਹ ਨੂੰ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਸੱਤਪਾਲ ਗਰੇਵਾਲ ਇੰਸਾਂ (85) ਸ਼ਿਵ ਮੰਦਿਰ ਗਲੀ, ਨੇੜੇ ਪਾਵਰ ਹਾਊਸ ਰੋਡ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਪ੍ਰਿਤਪਾਲ ਕੌਰ ਗਰੇਵਾਲ ਇੰਸਾਂ, ਪੁੱਤਰ ਗੁਰਜੀਤ ਸਿੰਘ ਗਰੇਵਾਲ ਇੰਸਾਂ, ਰਮਨਦੀਪ ਸਿੰਘ ਗਰੇਵਾਲ ਇੰਸਾਂ, ਧੀ ਗੁਰਪ੍ਰੀਤ ਇੰਸਾਂ, ਜਵਾਈ ਜਗਦੀਸ਼ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਸਕੂਲ ਆਫ ਮੈਡੀਕਲ ਸਾਇੰਸਜ ਐਂਡ ਰਿਸਰਚ ਸ਼ਾਰਦਾ ਹਸਪਤਾਲ, ਨਾਲੇਜ ਪਾਰਕ-3, ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ਨੂੰ ਸੌਂਪ ਦਿੱਤਾ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਮੋਹਿਤ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਵੀਰਪਾਲ ਇੰਸਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੱਤਪਾਲ ਇੰਸਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ। ਇਨ੍ਹਾਂ ਦੇ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ ਜਿਸ ਤੇ ਚਲਦਿਆਂ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕੀਤਾ ਗਿਆ ਹੈ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਮੇਘ ਰਾਜ ਇੰਸਾਂ ਨੇ ਦੱਸਿਆ ਕਿ ਸੱਤਪਾਲ ਇੰਸਾਂ 51 ਸਾਲ ਪਹਿਲਾਂ ਡੇਰਾ ਸੱਚਾ ਸੌਦਾ ਨਾਲ ਜੁੜੇ ਸਨ। ਇਨ੍ਹਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ। ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਰੀਤ ਧੀਆਂ-ਪੁੱਤਰ ਇੱਕ ਸਮਾਨ ਤੇ ਚਲਦਿਆਂ ਪੁੱਤਰਾਂ ਦੇ ਨਾਲ-ਨਾਲ ਧੀ, ਨੂੰਹਾਂ ਅਤੇ ਪੋਤਰੀ ਵੱਲੋਂ ਵੀ ਅਰਥੀ ਨੂੰ ਮੋਢਾ ਦਿੱਤਾ ਗਿਆ। ਇਸ ਮੌਕੇ ਏਰੀਆ ਮਾਡਲ ਟਾਊਨ ਦੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗਗਨ ਇੰਸਾਂ, ਬਲਜੀਤ ਇੰਸਾਂ, ਭੈਣ ਵੀਨਾ ਇੰਸਾਂ, ਸਤਵੀਰ ਇੰਸਾਂ, ਗੁਲਾਬੋ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਸੱਚੀ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।