ਨਾਟਕ ਮੇਲੇ ਦੇ ਸਮਾਪਤੀ ਸਮਾਰੋਹ 'ਤੇ ਨਾਟਕ '-00000' ਤੇ ਹੱਸਦੇ ਦਰਸ਼ਕ ਸੋਚਣ ਲਈ ਹੋਏ ਮਜ਼ਬੂਰ
ਅਸ਼ੋਕ ਵਰਮਾ
ਬਠਿੰਡਾ, 14 ਨਵੰਬਰ 2025 : ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ, ਨਗਰ ਨਿਗਮ ਬਠਿੰਡਾ ਅਤੇ ਨਾਟਿਅਮ ਪੰਜਾਬ ਦੇ ਸਹਿਯੋਗ ਸਦਕਾ ਤਿੰਨ-ਰੋਜ਼ਾ ਰਾਜ-ਪੱਧਰੀ ਨਾਟਕ ਮੇਲੇ ਦੇ ਸਮਾਪਨ ਸਮਾਰੋਹ ਦੌਰਾਨ ਪੇਸ਼ ਕੀਤੇ ਨਾਟਕ '-00000' ਨੇ ਦਰਸ਼ਕਾਂ ਨੂੰ ਹਸਾਉਂਦੇ ਹੋਏ ਸੋਚਣ ਲਈ ਮਜਬੂਰ ਕੀਤਾ। ਜੱਸੀ ਜਸਪ੍ਰੀਤ ਦੇ ਲਿਖੇ ਇਸ ਨਾਟਕ ਨੂੰ ਟੀਮ ਨਾਟਿਅਮ ਪੰਜਾਬ ਨੇ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਖੇਡਿਆ। ਇਸ ਵਿਅੰਗ ਭਰਪੂਰ ਨਾਟਕ ਨੇ ਦਰਸ਼ਕਾਂ ਨੂੰ ਬਾਹਰੋਂ ਸ਼ਾਂਤੀ ਲੱਭਣ ਦੀ ਬਜਾਇ ਕਾਮ,ਕ੍ਰੋਧ, ਲੋਭ,ਮੋਹ ਤੇ ਅਹੰਕਾਰ ਤਿਆਗ ਕੇ ਆਪਣੇ ਅੰਤਰ ਮਨ 'ਚੋ ਸ਼ਾਂਤੀ ਲੱਭਣ ਲਈ ਪ੍ਰੇਰਿਆ। ਨਾਟਕ ਪੇਸ਼ਕਾਰੀ ਦੌਰਾਨ ਹਾਲ ਲਗਾਤਾਰ ਹਾਸਿਆਂ ਤੇ ਤਾੜੀਆਂ ਨਾਲ਼ ਗੂੰਜਦਾ ਰਿਹਾ। ਗੁਰਨੂਰ ਸਿੰਘ ਨੇ ਡਾ. ਦਿਲਦਾਰ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਪੁਲਿਸ ਵਾਲੇ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਲੋਟ-ਪੋਟ ਕਰ ਦਿੱਤਾ।
ਨਾਟ-ਉਤਸਵ ਦੇ ਸਮਾਪਨ ਸਮਾਰੋਹ ਵਿੱਚ ਸ਼੍ਰੀ ਪਦਮਜੀਤ ਮਹਿਤਾ ਮੇਅਰ ਨਗਰ ਨਿਗਮ ਬਠਿੰਡਾ, ਡਾ. ਅਸ਼ਵਨੀ ਗਰੋਵਰ ਨਿਊਰੋਸਰਜਨ, ਡਾ. ਜੋਤੀ ਭੱਲਾ ਗਰੋਵਰ ਪਲਾਸਟਿਕ ਸਰਜਨ ਰਿਵਾਇੰਡ ਨਿਊਰੋ ਐਂਡ ਪਲਾਸਟਿਕ ਸਰਜਰੀ ਹਸਪਤਾਲ ਅਤੇ ਸ਼੍ਰੀਮਤੀ ਬਬੀਤਾ ਮਹਿਤਾ ਨੇ ਸਤਿਕਾਰਿਤ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਅਤੇ ਨਾਟਿਅਮ ਪੰਜਾਬ ਦੇ ਸਹਿ ਸਰਪ੍ਰਸਤ ਸ. ਗੁਰਿੰਦਪਾਲ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਬੋਲਦਿਆਂ ਨਾਟਿਅਮ ਪੰਜਾਬ ਦੇ ਪ੍ਰਧਾਨ ਰਿੰਪੀ ਕਾਲੜਾ ਨੇ ਕਿਹਾ ਕਿ ਬਠਿੰਡਾ ਦੇ ਦਰਸ਼ਕਾਂ ਦੇ ਰੰਗਮੰਚ ਪ੍ਰਤੀ ਪਿਆਰ ਸਦਕਾ ਹੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਤਕਰੀਬਨ ਹਰ ਸਾਲ ਰਾਜ-ਪੱਧਰੀ ਨਾਟਕ ਮੇਲਾ ਇਸੇ ਸ਼ਹਿਰ ਨੂੰ ਮਿਲਦਾ ਹੈ ਅਤੇ ਉਮੀਦ ਹੈ ਕਿ ਇਹ ਪਿਆਰ ਅੱਗੇ ਤੋਂ ਵੀ ਇਸੇ ਤਰ੍ਹਾਂ ਬਰਕਰਾਰ ਰਹੇਗਾ।
ਅੰਤ ਵਿੱਚ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਤਜਿੰਦਰ ਗਿੱਲ ਅਤੇ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸ਼੍ਰੀ ਸੁਖਮਨੀ ਸਿੰਘ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ ਅਤੇ ਓਪਨ ਮਾਈਕ ਸੈਸ਼ਨ ਵਿੱਚ ਵੀ ਪੂਰੀ ਤਰ੍ਹਾਂ ਸਫ਼ਲ ਰਿਹਾ। ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਨੇ ਨਿਭਾਈ।
ਨਾਟਿਅਮ ਵਿੱਤ ਸਕੱਤਰ ਓ.ਪੀ.ਚਾਵਲਾ, ਮੈਡਮ ਮਾਲਵਿੰਦਰ ਕੌਰ ਡਾਇਰੈਕਟਰ ਸਿਲਵਰ ਓਕਸ ਸਕੂਲ, ਗੁਰਲਾਲ ਸਿੰਘ ਸਰਾਂ, ਪ੍ਰਿੰਸੀਪਲ ਨੀਲਮ ਵਰਮਾ, ਪ੍ਰਿੰਸੀਪਲ ਜਸਵਿੰਦਰ ਸੰਧੂ, ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ, ਅਨਿਲ ਕੁਮਾਰ, ਸ਼ੁਭਮ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵਿੱਚੋਂ ਜਸਪਾਲ ਮਾਨਖੇੜਾ, ਸੁਰਿੰਦਰਪ੍ਰੀਤ ਘਣੀਆ, ਰਮੇਸ਼ ਸੇਠੀ ਬਾਦਲ ਅਤੇ ਸਮੂਹ ਨਾਟਿਅਮ ਆਰਟਿਸਟ ਮੌਜੂਦ ਸਨ।