350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋਂ ਅਰੰਭ ਹੋ ਕੇ ਗੁ: ਸੀਸ ਗੰਜ ਸਾਹਿਬ ਦਿੱਲੀ ਤੱਕ ਸਜਾਇਆ ਜਾਵੇਗਾ
ਅੰਮ੍ਰਿਤਸਰ:- 12 ਨਵੰਬਰ 2025- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਸ਼ਹੀਦੀ ਨਗਰ ਕੀਰਤਨ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਮਹਾਪੁਰਸ਼ਾਂ ਦੇ ਮੁਖੀ ਸਾਹਿਬਾਨ ਦੇ ਸਹਿਯੋਗ ਨਾਲ 13 ਨਵੰਬਰ 2025 ਨੂੰ ਦਿਨ ਵੀਰਵਾਰ ਨੂੰ ਸਵੇਰੇ 8:15 ਵਜੇ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਤੋਂ ਅਰੰਭ ਹੋ ਕੇ ਕਿਲ੍ਹਾ ਅਨੰਦਗੜ ਸਾਹਿਬ, ਪੰਜ ਪਿਆਰਾ ਪਾਰਕ, ਕੀਰਤਪੁਰ ਸਾਹਿਬ, ਗੁ: ਪਰਿਵਾਰ ਵਿਛੋੜਾ, ਭਰਤਗੜ੍ਹ, ਘਨੌਲੀ, ਮਲਕਪੁਰ, ਗੁ. ਭੱਠਾ ਸਾਹਿਬ (ਰੋਪੜ), ਸੋਲਖੀਆ ਟੋਲ ਪਲਾਜਾ, ਕੁਰਾਲੀ, ਪਡਿਆਲਾ, ਖਰੜ, ਸੱਤੇਵਾਲ, ਲਾਂਡਰਾ, ਬਨੂੜ, ਸ਼ੰਭੂ ਬਾਰਡਰ ਤੋਂ ਹੁੰਦਾ ਹੋਇਆ ਰਾਤ ਗੁ. ਮੰਜੀ ਸਾਹਿਬ (ਅੰਬਾਲਾ) ਵਿਖੇ ਵਿਸ਼ਰਾਮ ਕਰੇਗਾ। 14 ਨਵੰਬਰ 2025 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਅੰਬਾਲਾ ਕੈਂਟ, ਸ਼ਾਹਬਾਦ, ਪਿਪਲੀ, ਕੁਰੂਕਸ਼ੇਤਰ, ਤਰਾਵੜੀ ਮੋੜ, ਕਰਨਾਲ, ਘਰੋਂਡਾ, ਪਾਣੀਪਤ ਟੋਲ ਪਲਾਜਾ, ਸਮਾਲਖਾ, ਸੋਨੀਪਤ, ਕੁੰਡਲੀ, ਸਿੰਘੂ ਬਾਰਡਰ, ਬਾਈਪਾਸ, ਲਿਬਾਸਪੁਰ, ਗੁ. ਮਜਨੂੰ ਟਿੱਲਾ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ (ਦਿੱਲੀ) ਵਿਖੇ ਸੰਪੂਰਨ ਹੋਵੇਗਾ।