ਆਈਟੀਆਈ ਨਵਾਂਸ਼ਹਿਰ ਵਿਖੇ ਐਨਐਸਐਸ ਦੇ ਸੱਤ ਰੋਜ਼ਾ ਕੈਂਪ ਦੀ ਸਮਾਪਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 02 ਨਵੰਬਰ 2025 -ਸਰਕਾਰੀ ਆਈਟੀਆਈ ਨਵਾਂਸ਼ਹਿਰ ਵਿਖੇ 27 ਅਕਤੂਬਰ ਤੋਂ ਦੋ ਨਵੰਬਰ ਤੱਕ ਸੱਤ ਦਿਨਾਂ ਐਨਐਸਐਸ ਕੈਂਪ ਸੰਪੂਰਨ ਹੋਇਆ। ਸੱਤ ਦਿਨਾਂ ਵਿੱਚ 50 ਐਨਐਸਐਸ ਵਲੰਟਰੀਅਰਾਂ ਨੇ ਆਈਟੀਆਈ ਦੀ ਸੁੰਦਰਤਾ ਨੂੰ ਸਵਾਰਨ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਮਿਹਨਤ ਕਰਕੇ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਵਿੱਚ ਪੂਰੇ ਤਨ ਮਨ ਤੋਂ ਸਹਿਯੋਗ ਕੀਤਾ। ਅੱਜ ਆਖਰੀ ਦਿਨ ਬੱਚਿਆਂ ਨੂੰ ਲੰਗਰ ਛਕਾਉਣ ਉਪਰੰਤ ਸਰਟੀਫਿਕੇਟ ਵੰਡ ਸਮਾਰੋ ਕੀਤਾ ਗਿਆ ਜਿਸ ਵਿੱਚ ਇਲਾਕੇ ਦੀ ਮਹਾਨ ਸ਼ਖਸ਼ੀਅਤ ਜਸਪਾਲ ਸਿੰਘ ਗਿੱਦਾ ਸਾਬਕਾ ਪ੍ਰਿੰਸੀਪਲ ਆਈਟੀਆਈ, ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੇ ਪ੍ਰਧਾਨ ਅਤੇ ਬਲੱਡ ਬੈਂਕ ਦੇ ਜਨਰਲ ਸਕੱਤਰ ਸ਼ਾਮਿਲ ਹੋਏ ਜਿਨਾਂ ਨੇ ਬੱਚਿਆਂ ਨਾਲ ਰੂਬਰੂ ਹੁੰਦੇ ਹੋਏ ਖੂਨ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਨਾਲ ਨਾਲ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜੋ ਨਸ਼ਿਆਂ ਅਤੇ ਭਰੂਣ ਹੱਤਿਆ ਦੇ ਖਿਲਾਫ ਕੰਮ ਕਰਦੀ ਹੈ। ਉਹਨਾਂ ਦੇ ਨਾਲ ਸ੍ਰੀ ਜਗਤਾਰ ਸਿੰਘ ਮਹਿੰਦੀਪੁਰ ਬਲਾਕ ਸੰਮਤੀ ਮੈਂਬਰ ਵੀ ਸ਼ਾਮਿਲ ਹੋਏ ਜਿਨਾਂ ਨੇ ਬੱਚਿਆਂ ਨੂੰ ਸਫਾਈ ਦੀ ਜੰਗ ਜਾਰੀ ਰੱਖਣ ਲਈ ਪ੍ਰੇਰਤ ਕੀਤਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਵੈਲਡਰ ਇੰਸਟਰਕਟਰ ਨੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ। ਇੰਦਰਜੀਤ ਸਿੰਘ ਮੋਟਰ ਮਕੈਨਿਕ ਇੰਸਟਰੱਕਟਰ ਨੇ ਬੱਚਿਆਂ ਨੂੰ ਨਸ਼ੇ ਤੋਂ ਬਚਕੇ ਆਪਣੇ ਮਨ ਨੂੰ ਸਾਫ ਰੱਖਣ ਲਈ ਤੇ ਚੰਗੀਆਂ ਆਦਤਾਂ ਗ੍ਰਹਿਣ ਕਰਨ ਲਈ ਸੰਬੋਧਨ ਕੀਤਾ। ਕੁਮਾਰੀ ਸਿਮਰਤੀ ਰਾਓ ਨੇ ਵੀ ਬੱਚਿਆਂ ਨੂੰ ਸੱਤ ਦਿਨ ਆਈਟੀਆਈ ਵਿੱਚ ਸਫਾਈ ਅਤੇ ਹਰ ਪਹਿਲੂ ਤੋਂ ਆਈਟੀਆਈ ਵਾਸਤੇ ਬੱਚਿਆਂ ਦੀ ਸਮਰਪਿਤ ਭਾਵਨਾ ਨੂੰ ਸਰਾਂਹਦੇ ਹੋਏ ਬੱਚਿਆਂ ਨੂੰ ਸ਼ਾਬਾਸ਼ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਨ ਲਈ ਪ੍ਰੇਰਤ ਕੀਤਾ। ਇਸ ਤੋਂ ਇਲਾਵਾ ਮਿਸ ਸਪਨਾ ਪਰਿਹਾਰ ਜੋ ਐਨਐਸਐਸ ਯੂਨਿਟ ਨੂੰ ਚਲਾਉਣ ਲਈ ਪ੍ਰੋਗਰਾਮ ਅਫਸਰ ਸ੍ਰੀ ਜਤਿੰਦਰ ਕਾਟਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਨ ਉਹਨਾਂ ਨੇ ਵੀ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ 15 ਇਕ ਰੋਜਾ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ। ਸ਼੍ਰੀ ਜਤਿੰਦਰ ਕਾਟਲ ਪ੍ਰੋਗਰਾਮ ਅਫਸਰ ਨੇ ਬੱਚਿਆਂ ਨੂੰ ਸ਼ਿਦਤ ਨਾਲ ਕੰਮ ਕਰਨ ਲਈ ਸ਼ਾਬਾਸ਼ ਦਿੱਤੀ ਅਤੇ ਪ੍ਰਿੰਸੀਪਲ ਸ੍ਰੀ ਓਮਕਾਰ ਸਿੰਘ ਸੀਂਹਮਾਰ ਦਾ ਧੰਨਵਾਦ ਕੀਤਾ ਜਿਨਾਂ ਦੇ ਕਰ ਕਮਲਾਂ ਸਦਕਾ ਇਹ ਸੱਤ ਰੋਜ਼ਾ ਕੈਂਪ ਮੁਕੰਮਲ ਹੋਇਆ। ਆਖਰ ਵਿੱਚ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਨੇ ਆਏ ਹੋਏ ਸਾਰੇ ਪਤਵੰਤੇ ਸੱਜਣ ਸਮੂਹ ਸਟਾਫ ਅਤੇ ਬੱਚਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜੇ ਹੋਰ ਕੰਮ ਕਰਨੇ ਬਹੁਤ ਬਾਕੀ ਹਨ ਜੋ ਆਉਣ ਵਾਲੇ ਦਿਨਾਂ ਵਿੱਚ ਇੱਕ ਰੋਜ਼ਾ ਕੈਂਪਾਂ ਦੌਰਾਨ ਕੀਤੇ ਜਾਣੇ ਹਨ। ਐਨ ਐਸ ਐਸ ਯੂਨਿਟ ਦੇ ਤਕਰੀਬਨ 25 ਬੱਚੇ ਡਲਹੌਜੀ ਟੂਰ ਵਾਸਤੇ ਟਰੇਨਿੰਗ ਪਰਪਜ ਲਈ ਵੀ ਜਾਣਗੇ। ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ ਤੇ ਆਈਆਂ ਮਹਾਨ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨਾਲ ਵਾਅਦਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਆਈਟੀਆਈ ਨੂੰ ਹੋਰ ਸੁੰਦਰ ਬਣਾਉਣ ਲਈ ਸਾਰਿਆਂ ਦੇ ਸਹਿਯੋਗ ਨਾਲ ਹੋਰ ਵਧੀਆ ਉਪਰਾਲੇ ਕੀਤੇ ਜਾਣਗੇ। ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਜਾਦਵਿੰਦਰ ਸਿੰਘ ਹਾਊਸ ਕੀਪਰ ਇੰਸਟਰੱਕਟਰ ਅਤੇ ਕਰੀਨਾ ਕੁਮਾਰੀ ਫੂਡ ਪ੍ਰੋਡਕਸ਼ਨ ਇੰਸਟਰਕਟਰ ਅਤੇ ਹੋਰ ਬਹੁਤ ਸਾਰੇ ਸਟਾਫ ਮੈਂਬਰ ਮੌਜੂਦ ਸਨ।