ਜ਼ਹਿਰਾਂ ਵਾਲੇ ਖੇਤ ਬੀਜ ਲਏ ਕੋਈ ਕੀਤੀ ਨਾ ਧਰਮ ਵਾਲੀ ਖੇਤੀ
*ਸੰਤ ਸੀਚੇਵਾਲ ਵੱਲੋਂ ਜ਼ਹਿਰ ਮੁਕਤ ਖੇਤੀ ਕਰਨ ਦਾ ਸੱਦਾ*
*ਤੀਜਾ ‘ਹਰਾ ਨਗਰ ਕੀਰਤਨ’ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਪਹੁੰਚਿਆ*
*ਵੱਡੇ ਪੱਧਰ ਤੇ ਕਿਸਾਨਾਂ ਵੱਲੋ ਇਸ ਵਾਰ ਨਹੀ ਲਗਾਈ ਗਈ ਪਰਾਲੀ ਨੂੰ ਅੱਗ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ਸੀਚੇਵਾਲ, 02 ਨਵੰਬਰ2025
ਨਗਰ ਕੀਰਤਨ ਦੌਰਾਨ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਹਿਰਾਂ ਤੋਂ ਮੁਕਤ ਖੇਤੀ ਕਰਨ ਨੂੰ ਤਰਜੀਹ ਦੇਣ। ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲਿਆ ਤੀਜਾ ‘ਹਰਾ ਨਗਰ ਕੀਰਤਨ’ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਸੁਲਤਾਨਪੁਰ ਲੋਧੀ ਪਹੁੰਚਿਆ। ਨਗਰ ਕੀਰਤਨ ਦੌਰਾਨ ਪਿੰਡਾਂ ਦੇ ਲੋਕਾਂ ਨੇ ਥਾਂ-ਥਾਂ ਸਵਾਗਤ ਕੀਤਾ ਨਿੱਘਾ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਵਿੱਚ ਖੇਤੀ ਕਰਦਿਆ ਗੁਜ਼ਾਰਿਆ ਸੀ। ਗੁਰੁ ਸਾਹਿਬ ਨੇ ਆਪਣੇ ਹੱਥੀ ਕਿਰਤ ਕਰਨ ਦਾ ਸੰਕਲਪ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅੱਜ ਮੁਨਾਫ਼ਾ ਕਮਾਉਣ ਦੀ ਦੌੜ ਵਿੱਚ ਫਸੇ ਮਨੁੱਖ ਨੇ ਫਸਲਾਂ ਨੂੰ ਜ਼ਹਿਰ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਸਲਾਂ ਵਿੱਚ ਪਾਈਆਂ ਜ਼ਹਿਰਾਂ ਮਾਂ ਦੇ ਦੁੱਧ ਤੱਕ ਪਹੁੰਚ ਗਈਆਂ ਹਨ।
ਸੰਤ ਸੀਚੇਵਾਲ ਜੀ ਨੇ ਗੁਰੁ ਨਾਨਕ ਦੇਵ ਜੀ ਦੇ ਜੀਵਨ ਦਾ ਫਲਸਲਾ ਸਮਝਾਉਂਦਿਆ ਕਿਹਾ ਕਿ ਗੁਰੁ ਸਾਹਿਬ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੁਨੇਹਾ ਦਿੱਤਾ ਸੀ। ਉਨ੍ਹਾਂ ਚਾਰ ਉਦਾਸੀਆਂ ਰਾਹੀ ਦੁਨੀਆਂ ਭਰ ਦਾ ਦੌਰਾ ਕੀਤਾ। ਉੁਨ੍ਹਾਂ ਕਿਹਾ ਕਿ ਗੁਰੁ ਸਾਹਿਬ ਦਾ ਸਾਦਗੀ ਵਾਲਾ ਜੀਵਨ ਸੀ ਪਰ ਉਨ੍ਹਾਂ ਦੀ ਸੋਚ ਬ੍ਰਹਿਮੰਡੀ ਸੀ। ਇਸੇ ਲਈ ਉਨ੍ਹਾਂ ਨੇ ਹਵਾ, ਪਾਣੀ ਧਰਤੀ ਦੀ ਗੱਲ ਕਰਕੇ ਇਸ ਸਾਰੇ ਸੰਸਾਰ ਨੂੰ ਇੱਕ ਧਾਗੇ ਵਿੱਚ ਪਰੋ ਦਿੱਤਾ ਸੀ। ਉਹਨਾ ਦੱਸਿਆ ਕਿ ਇਸ ਵਾਰ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪਰਾਲੀ ਨੂੰ ਅੱਗ ਨਹੀ ਲਗਾਈ ਗਈ ਹੈ। ਇਹ ਇੱਕ ਸ਼ਲਾਘਾਯੋਗ ਕਦਮ ਹੈ ਕਿਉਂਕਿ ਪਰਾਲੀ ਸ਼ਰਾਪ ਨਹੀ ਖੇਤਾਂ ਲਈ ਵਰਦਾਨ ਹੈ।
ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਸਭ ਤੋਂ ਵੱਧ ਧਿਆਨ ਵਾਤਾਵਰਨ ‘ਤੇ ਕੇਂਦਰਿਤ ਕੀਤਾ। ਇੰਨ੍ਹਾਂ ਨਗਰ ਕੀਰਤਨਾਂ ਵਿੱਚ ਵੱਡੀ ਪੱਧਰ ‘ਤੇ ਸ਼ਾਮਿਲ ਹੁੰਦੀਆਂ ਸੰਗਤਾਂ ਵਾਤਾਵਰਨ ਨੁੰ ਸਾਫ ਸੁਥਰਾ ਅਤੇ ਹਰਿਆ-ਭਰਿਆ ਰੱਖਣ ਦਾ ਸੁਨੇਹਾ ਲੈਕੇ ਜਾਂਦੀਆਂ ਹਨ। ਇੰਨਾਂ ਹਰੇ ਨਗਰ ਕੀਰਤਨਾਂ ਨੂੰ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲਣ ਵਾਲੇ ਨਗਰ ਕੀਰਤਨਾਂ ਵੱਜੋਂ ਵੀ ਦੇਖਿਆ ਜਾਣ ਲੱਗਾ।
ਇਸ ਨਗਰ ਕੀਰਤਨ ਵਿੱਚ ਇੱਕ ਵੱਡੇ ਟੱਰਕ ‘ਤੇ ਸੀਚੇਵਾਲ ਮਾਡਲ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਅਤੇ ਪਵਿੱਤਰ ਵੇਈਂਂ ਦੀ ਕਾਰ ਸੇਵਾ ਦੇ 25 ਸਾਲਾਂ ਦੇ ਇਤਿਹਾਸ ਬਾਬਤ ਬਾਖੂਬੀ ਦੱਸਿਆ ਗਿਆ ਸੀ। ਸਕੂਲ ਦੇ ਬੱਚਿਆਂ ਵਲੋਂ ਵੀ ਵਾਤਾਵਰਨ ਦਾ ਸੁਨੇਹਾ ਦਿੰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਨਗਰ ਕੀਰਤਨ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5600 ਬੂਟਿਆਂ ਦਾ ਪ੍ਰਸ਼ਾਦ ਵੰਡਿਆ।
ਸੀਚੇਵਾਲ ਤੋਂ ਚੱਲੇ ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਖ-ਵੱਖ ਪਿੰਡਾਂ ਰਾਹੀ 40 ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕੀਤਾ। ਇਸ ਨਗਰ ਕੀਰਤਨ ਵਿੱਚ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਵੀ ਨਗਰ ਕੀਰਤਨ ਦੀਆਂ ਸੇਵਾਵਾਂ ਵਿੱਚ ਵੱਡਾ ਯੋਗਦਾਨ ਪਾਇਆ। ਸਕੂਲ ਦੇ ਬੱਚਿਆ ਵੱਲੋਂ ਨਗਰ ਕੀਰਤਨ ਦੌਰਾਨ ਪਲਾਸਿਟਕ ਦੀਆਂ ਬੋਤਲਾਂ ਤੇ ਹੋਰ ਰਹਿੰਦ-ਖਹਿੰਦ ਨੂੰ ਨਾਲੋਂ ਨਾਲ ਚੁੱਕਿਆ ਜਾ ਰਿਹਾ ਸੀ।
*ਸਿਰਸਾ ਤੋਂ ਸੰਤ ਜੀਤ ਸਿੰਘ ਨੇ ਲਿਆ ਹਿੱਸਾ*
ਬਾਊਪੁਰ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ 16 ਤੋਂ ਵੱਧ ਟ੍ਰੈਕਟਰ ਲਿਆਏ ਸਨ। ਅੱਜ ਵੀ ਸੰਤ ਜੀਤ ਸਿੰਘ ਸੰਗਤਾਂ ਸਮੇਤ ਸਿਰਸਾ ਤੋਂ ਉਚੇਚਾ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਆਏ ਹੋਏ ਹਨ।ਉਨ੍ਹਾਂ ਜਿੱਥੇ ਸ਼ਬਦ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਹੀ ਦੱਸਿਆ ਕਿ ਸਿਰਸਾ ਤੋਂ ਤਿੰਨ ਪਿੰਡਾਂ ਦੀ ਸੰਗਤ ਆਈਸ ੀ।ਹੁਣ ਵੀ ਉਹ ਪ੍ਰੋਗਰਾਮ ਬਣਾ ਰਹੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਿਸਾਨਾਂ ਦੀ ਕਣਕ ਦੀ ਬਿਜਾਈ ਵਿੱਚ ਮੱਦਦ ਕਰਕੇ ਜਾਣ।