ਤਪਾ ਮੰਡੀ ਦੇ 26 ਸਾਲਾ ਫੌਜੀ ਲਵਲੀ ਗਿੱਲ ਦੀ ਡਿਊਟੀ ਦੌਰਾਨ ਮੌਤ
ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕਮਲਜੀਤ ਸਿੰਘ
ਤਪਾ ਮੰਡੀ (ਬਰਨਾਲਾ) – ਜ਼ਿਲ੍ਹਾ ਬਰਨਾਲਾ ਦੀ ਤਪਾ ਮੰਡੀ ਨਾਲ ਸਬੰਧਤ 26 ਸਾਲਾ ਫੌਜੀ ਲਵਲੀ ਗਿੱਲ ਪੁੱਤਰ ਸੁਰਜੀਤ ਸਿੰਘ ਦੀ ਅਸਾਮ ਦੇ ਗੁਹਾਟੀ ਵਿਖੇ ਡਿਊਟੀ ਦੌਰਾਨ ਮੌਤ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮੌਤ ਦਾ ਕਾਰਨ ਅਚਾਨਕ ਬਿਮਾਰੀ ਦੱਸਿਆ ਜਾ ਰਿਹਾ ਹੈ।
ਗਰੀਬ ਪਰਿਵਾਰ ਦਾ ਇੱਕਲੌਤਾ ਸਹਾਰਾ: ਲਵਲੀ ਗਿੱਲ, ਜੋ ਕਿ ਆਨੰਦਪੁਰ ਬਸਤੀ, ਦਰਾਜ ਰੋਡ, ਤਪਾ ਮੰਡੀ ਦਾ ਰਹਿਣ ਵਾਲਾ ਸੀ ਅਤੇ ਇੱਕ ਗਰੀਬ SC ਕੈਟਾਗਰੀ ਪਰਿਵਾਰ ਨਾਲ ਸਬੰਧਤ ਸੀ। ਉਹ 2018 ਵਿੱਚ 18 ਸਿੱਖ ਲਾਈ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਮ੍ਰਿਤਕ ਫੌਜੀ ਆਪਣੇ ਮਾਪਿਆਂ, ਇੱਕ ਛੋਟੇ ਭਰਾ ਅਤੇ ਛੋਟੀ ਭੈਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕੀ ਹੋਇਆ ਸੀ। ਉਸਦੇ ਪਿਤਾ ਸੁਰਜੀਤ ਸਿੰਘ ਮਜ਼ਦੂਰੀ ਕਰਦੇ ਹਨ। ਮਾਤਾ ਨੇ ਰੋਂਦਿਆਂ ਕੁਰਲਾਉਂਦਿਆਂ ਕਿਹਾ ਕਿ ਉਸਦਾ ਪੁੱਤ ਘਰ ਦਾ ਇੱਕਲੌਤਾ ਕਮਾਊ ਸੀ ਅਤੇ ਦੇਸ਼ ਲਈ ਕੁਰਬਾਨ ਹੋਇਆ ਹੈ।
ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ: ਮ੍ਰਿਤਕ ਫੌਜੀ ਦੀ ਮ੍ਰਿਤਕ ਦੇਹ ਅਸਾਮ ਤੋਂ ਫੌਜ ਦੀ ਟੁਕੜੀ ਰਾਹੀਂ ਤਪਾ ਮੰਡੀ ਲਿਆਂਦੀ ਗਈ। ਧਾਰਮਿਕ ਰੀਤੀ-ਰਿਵਾਜਾਂ ਤੋਂ ਇਲਾਵਾ, ਫੌਜ ਦੀ ਟੁਕੜੀ ਨੇ ਲਵਲੀ ਗਿੱਲ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਤਪਾ ਮੰਡੀ ਦੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਦੁੱਖ ਸਾਂਝਾ ਕੀਤਾ।
ਸਰਕਾਰੀ ਸਹੂਲਤਾਂ ਦੀ ਮੰਗ: ਇਸ ਮੌਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ, ਜਦਕਿ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਪਰਿਵਾਰਿਕ ਮੈਂਬਰਾਂ ਅਤੇ ਸਾਬਕਾ ਚੇਅਰਮੈਨ ਧਾਲੀਵਾਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਨੂੰ ਉਚਿਤ ਆਰਥਿਕ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ, ਤਾਂ ਜੋ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ।
ਮੌਜੂਦਾ ਸਰਕਾਰ ਦੀ ਗੈਰ-ਹਾਜ਼ਰੀ: ਇਸ ਦੁੱਖ ਦੀ ਘੜੀ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਸਨ, ਉੱਥੇ ਮੌਜੂਦਾ 'ਆਪ' ਸਰਕਾਰ ਦਾ ਕੋਈ ਵੀ ਵੱਡਾ ਲੀਡਰ ਅੰਤਿਮ ਸੰਸਕਾਰ ਮੌਕੇ ਨਜ਼ਰ ਨਹੀਂ ਆਇਆ।
ਫੌਜ ਦੇ ਅਧਿਕਾਰੀ ਚੁੱਪ: ਮੌਕੇ 'ਤੇ ਪਹੁੰਚੇ ਫੌਜ ਦੇ ਉੱਚ ਅਧਿਕਾਰੀਆਂ ਨੇ ਮੀਡੀਆ ਸਾਹਮਣੇ ਮੌਤ ਦੇ ਕਾਰਨਾਂ ਜਾਂ ਹੋਰ ਸਪਸ਼ਟੀਕਰਨ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।