ਬਟਾਲਾ ਵਿੱਚ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ 'ਜ਼ੇਵਰ' ਬਾਰੇ ਸਾਹਿਤਕ ਗੋਸ਼ਟੀ
ਸੁਖਮਿੰਦਰ ਭੰਗੂ
ਲੁਧਿਆਣਾ 2 ਨਵੰਬਰ 2025
ਸਿਟੀਜਨ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ 'ਜ਼ੇਵਰ' ਬਾਰੇ ਸਾਹਿਤਕ ਗੋਸ਼ਟੀ ਕਰਵਾਈ ਗਈ।
ਇਸ ਗੋਸ਼ਟੀ ਵਿੱਚ ਪ੍ਰੋ ਸੁਖਵੰਤ ਸਿੰਘ ਗਿੱਲ, ਪ੍ਰਿੰਸੀਪਲ ਹਰਭਜਨ ਸਿੰਘ ਭਾਗੋਵਾਲੀਆ, ਪ੍ਰਸਿੱਧ ਸ਼ਾਇਰ ਵਿਜੇ ਅਗਨੀਹੋਤਰੀ, ਪ੍ਰਿੰਸੀਪਲ ਕੁਲਵੰਤ ਕੌਰ ਗਿੱਲ, ਵਿਦਵਾਨ ਆਲੋਚਕ ਡਾ. ਅਨੂਪ ਸਿੰਘ ਅਤੇ ਪੰਜਾਬੀ ਕਵੀ ਡਾ. ਰਵਿੰਦਰ ਸ਼ਾਮਿਲ ਹੋਏ। ਇਸ ਗੋਸ਼ਟੀ ਦੀ ਪ੍ਰਧਾਨਗੀ ਡਾ. ਅਨੂਪ ਸਿੰਘ ਨੇ ਕੀਤੀ। ਪ੍ਰੋ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਇਸ ਗਜ਼ਲ ਵਿੱਚ ਗੁਰਭਜਨ ਗਿੱਲ ਨੇ ਜਿੱਥੇ ਦੇਸ਼ ਦੇ ਹਾਕਮ ਨੂੰ ਸਹੀ ਰਾਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸੰਘਰਸ਼ਸ਼ੀਲ ਯੋਧਿਆਂ ਦੀ ਹਿੰਮਤ ਨੂੰ ਵੀ ਦਾਦ ਦਿੱਤੀ ਹੈ। ਉਸ ਨੇ “ਬਲਿਹਾਰੀ ਕੁਦਰਤ ਵਸਿਆ”ਔਰਤ ਜ਼ਾਤ ਦੀ ਹੋਂਦ ਅਤੇ ਉਸਦੇ ਅੰਦਰ ਸਿਦਕ, ਸਲੀਕਾ, ਸੇਵਾ ਅਤੇ ਚੰਗੇ ਕੰਮ ਕਰਨ ਦੀ ਸਮਰੱਥਾ, ਮਨੁੱਖ ਦੇ ਧੁੰਦਲੇ ਮਨਾਂ ਦੀ ਗੱਲ, ਕਿਰਤੀ ਪੁੱਤਰਾਂ ਦੀ ਰੋਟੀ ਤੋਂ ਲਾਚਾਰ ਹੋਣ ਦੀ ਸਥਿਤੀ, ਲੋਕ ਹਿੱਤਾਂ ਦੀ ਪਹਿਰੇਦਾਰੀ ਕਰਨ ਸਬੰਧੀ, ਅਜੋਕੀ ਦੁਨੀਆ ਵਿੱਚ ਸਵਾਰਥੀ ਰਿਸ਼ਤੇ, ਸਮੇਂ ਦੀ ਚਾਲ ਪੁੱਠੀ ਤੁਰਨ ਸਬੰਧੀ, ਮਨੁੱਖੀ ਰਿਸ਼ਤਿਆਂ ਵਿੱਚ ਆਪਸੀ ਸ਼ਰਤਨਾਮੇ ਨਾ ਹੋਣੇ, ਸਮਾਜ ਅੰਦਰ ਦੋਗਲਾਪਣ ਅਤੇ ਮਨੁੱਖੀ ਏਕਤਾ ਉੱਪਰ ਜ਼ੋਰ ਦਿੱਤਾ ਹੈ।
ਮਿਸਾਲ ਦੇ ਤੌਰ 'ਤੇ ਆਪਣੀ ਇਕ ਗਜ਼ਲ 'ਹਾਕਮ ਨੂੰ ਸਮਝਾਵੇ ਕਿਹੜਾ' ਵਿੱਚ ਦੇਸ਼ ਦੇ ਹਾਕਮ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ:
ਹਾਕਮ ਨੂੰ ਸਮਝਾਵੇ ਕਿਹੜਾ, ਦਿੱਲੀ ਹੁਣ ਦਰਬਾਰ ਨਹੀਂ ਹੈ।
ਮੈਂ ਪਰਜਾ, ਨਾ ਰਾਜਾ ਹੁਣ ਤੂੰ, ਮੁਗਲਾਂ ਦੀ ਸਰਕਾਰ ਨਹੀਂ ਹੈ।
ਜਨਪਥ ਅੰਦਰ ਵਰਜਿਤ ਜਨ ਹੈ, ਗਣ ਬਿਨ ਦਸ ਗਣਤੰਤਰ ਕਾਹਦਾ,
ਹਿੱਕ ਤੇ ਹੱਥ ਧਰੀਂ ਫਿਰ ਦੱਸੀਂ, ਕੀ ਇਹ ਅਤਿਆਚਾਰ ਨਹੀਂ ਹੈ?
ਚਿੜੀਆਂ ਮੌਤ, ਗੰਵਾਰਾਂ ਹਾਸਾ, ਸੁਣਿਆ ਸੀ, ਪਰ ਵੇਖ ਲਿਆ ਹੈ,
ਰਖਵਾਲੇ ਹੀ ਬਣੇ ਸ਼ਿਕਾਰੀ, ਕਿਣਕਾ ਰੂਹ ਤੇ ਭਾਰ ਨਹੀਂ ਹੈ।
ਪ੍ਰਿੰਸੀਪਲ ਹਰਭਜਨ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਗੁਰਭਜਨ ਗਿੱਲ ਸ੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਵਿੱਚ ਮੇਰਾ ਵਿਦਿਆਰਥੀ ਰਿਹਾ ਹੈ। ਪਰ ਐਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਨੇ ਮੇਰੇ ਨਾਲ ਅਧਿਆਪਕ-ਵਿਦਿਆਰਥੀ ਵਾਲਾ ਸੰਬੰਧ ਬਰਕਰਾਰ ਰੱਖਿਆ ਹੈ। ਇਹ ਉਸਦੀ ਵਿਲੱਖਣ ਸ਼ਖਸ਼ੀਅਤ ਦੀ ਇੱਕ ਬਹੁਤ ਵੱਡੀ ਖੂਬੀ ਹੈ। ਉਹਨਾਂ ਨੇ ਕਿਹਾ ਕਿ ਇਸ ਪੁਸਤਕ ਅੰਦਰ ਗੁਰਭਜਨ ਗਿੱਲ ਦੀਆਂ ਗਜ਼ਲਾਂ ਪੜ੍ਹਨ ਤੋਂ ਪਹਿਲਾਂ ਪਟਿਆਲਾ ਵੱਸਦੇ ਪੰਜਾਬੀ ਕਵੀ ਬਲਵਿੰਦਰ ਸੰਧੂ ਨੇ "ਭੈਣੇ! ਇਹ ਕਿਹੜਾ ਦਰਿਆ" ਸਿਰਲੇਖ ਅਧੀਨ ਗੁਰਭਜਨ ਦੀਆਂ ਕਿਤਾਬਾਂ ਅਤੇ ਗੁਰਭਜਨ ਦੀਆਂ ਰਚਨਾਵਾਂ ਸਬੰਧੀ ਇੱਕ ਲੰਮੀ ਖੂਬਸੂਰਤ ਕਵਿਤਾ ਲਿਖੀ ਹੈ। ਇਹ ਇਕ ਲੰਮੀ ਕਵਿਤਾ ਹੈ ਅਤੇ ਇਸ ਕਵਿਤਾ ਦੇ ਅੰਦਰ ਗੁਰਭਜਨ ਗਿੱਲ ਸਾਡੇ ਸਾਰਿਆਂ ਦੇ ਰੂਬਰੂ ਖੜਾ ਦਿਖਾਈ ਦਿੰਦਾ ਹੈ।
ਸ੍ਰੀ ਵਿਜੇ ਅਗਨੀਹੋਤਰੀ ਨੇ ਕਿਹਾ ਕਿ ਗੁਰਭਜਨ ਗਿੱਲ ਇੱਕ ਸੰਵੇਦਨਸ਼ੀਲ ਕਵੀ ਹੈ ਅਤੇ ਇਹ ਸੰਵੇਦਨਸ਼ੀਲਤਾ ਉਸ ਦੇ ਕਣ ਕਣ ਵਿੱਚ ਰਚੀ ਹੋਈ ਹੈ। ਇੱਕ ਸੰਜੀਦਾ ਕਵੀ ਵਾਂਗ ਉਹ ਪਹਿਲਾਂ ਸਮੱਸਿਆ ਨੂੰ ਸਮਝਣ ਦਾ ਯਤਨ ਕਰਦਾ ਹੈ ਫਿਰ ਇਸ ਦੇ ਕਾਰਨ ਸਮਝਦਾ ਹੈ ਅਤੇ ਫਿਰ ਉਹ ਉਸ ਸਮਸਿਆ ਦਾ ਇਲਾਜ ਕਰਨ ਲਈ ਸੁਝਾਅ ਵੀ ਦੇਂਦਾ ਹੈ। ਮਿਸਾਲ ਦੇ ਤੌਰ ਤੇ, ਇਸ ਗਜ਼ਲ ਸੰਗ੍ਰਹਿ ਅੰਦਰ "ਜੇਕਰ ਵਿਦਿਆ ਵਰਤੀ ਹੀ ਨਾ" ਨਾਂ ਦੀ ਗਜ਼ਲ ਅੰਦਰ ਉਹ ਲਿਖਦਾ ਹੈ:
ਜੇਕਰ ਵਿਦਿਆ ਵਰਤੀ ਹੀ ਨਾ, ਕਿਹੜੇ ਕੰਮ ਕਿਤਾਬਾਂ ਪੜ੍ਹੀਆਂ।
ਬੋਝ ਢੋਂਦਿਆਂ ਉਮਰ ਗੁਜ਼ਾਰੀ, ਟੁੱਟੀਆਂ ਨਾ ਜ਼ੰਜੀਰਾਂ, ਕੜੀਆਂ।
ਹੇ ਗਿਆਨੀ ਵਿਗਿਆਨੀ ਵੀਰਾ, ਝਾਤੀ ਮਾਰ ਕਦੇ ਮਨ ਅੰਦਰ, ਵਕਤ ਖਲੋਤਾ ਫੜਦਾ ਕਿਉਂ ਨਹੀਂ, ਵਾਹੋ-ਦਾਹੀ ਭੱਜਣ ਘੜੀਆੰ।
ਕਲਾਨੌਰ ਤੋਂ ਆਏ ਪੰਜਾਬੀ ਕਵੀ ਸ. ਗੁਰਮੀਤ ਸਿੰਘ ਬਾਜਵਾ ਨੇ ਕਿਹਾ ਕਿ “ਜ਼ੇਵਰ” ਦੇ ਲੇਖਕ ਗੁਰਭਜਨ ਗਿੱਲ ਦੀਆਂ ਕਵਿਤਾਵਾਂ , ਗੀਤਾਂ ਤੇ ਗ਼ਜ਼ਲਾਂ ਅਤੇ ਸ਼ੈਲੀ ਦਾ ਬਹੁਤ ਕਾਇਲ ਹਾਂ। ਇਹੋ ਹੀ ਨਹੀਂ, ਮੈਂ ਜਦੋਂ ਵੀ ਸਵੇਰੇ ਆਪਣੀ ਘਰ ਬਗੀਚੀ ਵਿੱਚ ਕੋਈ ਨਿੱਕਾ ਮੋਟਾ ਹੋਰ ਕੰਮ ਕਰ ਰਿਹਾ ਹੁੰਦਾ ਹਾਂ, ਤਾਂ ਮੈਂ ਗੁਰਭਜਨ ਗਿੱਲ ਹੁਰਾਂ ਦਾ ਕੋਈ ਪਾਡਕਾਸਟ ਲਗਾ ਲੈਂਦਾ ਹਾਂ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਹਨਾਂ ਦੀਆਂ ਜੋ ਗੱਲਾਂ ਹੁੰਦੀਆਂ ਨੇ, ਮੈਂ ਉਹਨਾਂ ਦੀ ਹਰ ਗੱਲ ਤੋਂ ਬਹੁਤ ਹੀ ਪ੍ਰਭਾਵਿਤ ਹੁੰਦਾ ਹਾਂ। ਉਹਨਾਂ ਦੀ ਯਾਦ ਸ਼ਕਤੀ ਵੀ ਬਹੁਤ ਹੈ। ਜਿੱਥੋਂ ਮਰਜ਼ੀ ਸ਼ੁਰੂ ਕਰ ਲਓ, ਉਹ ਦੱਸ ਦੇਣਗੇ ਕਿ ਫਲਾਣਾ ਗੀਤ, ਫਲਾਣੇ ਵੇਲੇ ਕਿਸ ਨੇ ਗਾਇਆ ? ਕੋਈ ਵੀ ਵਿਸ਼ਾ ਇਹੋ ਜਿਹਾ ਨਹੀਂ ਹੁੰਦਾ, ਜਿਹੜਾ ਉਹਨਾਂ ਦੀ ਪਹੁੰਚ ਤੋਂ ਬਾਹਰ ਹੋਵੇ।
ਉਹਨਾਂ 'ਚ ਮੈਂ ਸਭ ਤੋਂ ਵੱਧ ਵੇਖਦਾ ਹਾਂ ਕਿ ਕੋਈ ਛੋਟੇ ਤੋਂ ਛੋਟਾ ਬੰਦਾ ਵੀ ਜਦੋਂ ਉਹਨਾਂ ਦੇ ਲਾਗੇ ਆ ਜਾਵੇ, ਤਾਂ ਉਹ ਉਹਨੂੰ ਛੋਟਾ ਨਹੀਂ ਮਹਿਸੂਸ ਨਹੀਂ ਕਰਨ ਦਿੰਦੇ ਸਗੋਂ ਉਸ ਦਾ ਕੱਦ ਉੱਚਾ ਚੁੱਕ ਦਿੰਦੇ ਹਨ ਤੇ ਉਹ ਉਸ ਛੋਟੇ ਨੂੰ ਵੱਡਾ ਕਰਕੇ ਦਰਸਾਉਂਣ ਦਾ ਯਤਨ ਕਰਦੇ ਨੇ।
ਸ੍ਰ ਗੁਰਮੀਤ ਸਿੰਘ ਬਾਜਵਾ ਨੇ ਕਿਹਾ ਕਿ ਕਿ ਸਾਡਾ ਇਹ ਯਤਨ ਹੌਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪੁਸਤਕ ਸੱਭਿਆਚਾਰ ਨੂੰ ਪਰਪੱਕ ਕੀਤਾ ਜਾਵੇ।
ਬਟਾਲਾ ਵਾਸੀ ਪ੍ਹਸਿੱਧ ਪੰਜਾਬੀ ਕਵੀ ਡਾ ਰਵਿੰਦਰ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਸਾਰੀ ਸ਼ਾਇਰੀ ਧਰਤੀ ਨਾਲ ਜੁੜੀ ਹੋਈ ਹੈ। ਉਸ ਦੀ ਸ਼ਾਇਰੀ ਆਪਣੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ ਵਾਲੀ ਸ਼ਾਇਰੀ ਹੈ। ਉਸ ਦੀ ਸ਼ਾਇਰੀ ਅਜਿਹੀ ਕਵਿਤਾ ਹੈ, ਜਿਹੜੀ ਦੋਵਾਂ ਪੰਜਾਬਾਂ ਨੂੰ ਜੋੜਨ ਵਾਲੇ ਪੁਲ਼ ਦਾ ਕੰਮ ਵੀ ਕਰਦੀ ਹੈ। ਉਸ ਦੀ ਸਮੁੱਚੀ ਕਵਿਤਾ ਊਰਜਾ ਦੇ ਨਾਲ ਭਰਪੂਰ ਹੈ। ਉਹ ਸਿਰਫ ਇੱਕ ਸ਼ਾਇਰ ਦੇ ਤੌਰ ਤੇ ਨਹੀਂ, ਸਗੋਂ ਉਹ ਇਕ ਸਫਲ ਸਾਹਿੱਤਕ ਪ੍ਰਬੰਧਕ ਵੀ ਹੈ। ਉਹ ਪੰਜਾਬੀਅਤ ਦਾ ਇੱਕ ਪਿਆਰਾ ਬੰਦਾ ਹੈ ਜੋ ਇਸ ਵੇਲੇ ਸਾਰੀ ਦੁਨੀਆਂ ਦੇ ਵਿੱਚ ਪੰਜਾਬੀ ਪੰਜਾਬ ਪੰਜਾਬੀਅਤ ਦੀ ਹੂਕ ਹੈ। ਉਸ ਦੇ ਇਹ ਬੋਲ 1990-91 ਵਿੱਚ ਅਤਿਵਾਦ ਵੇਲੇ ਬਹੁਤ ਪ੍ਰਵਾਨ ਹੋਏ ਸਨ।
ਹਟ ਹਾਕਮਾਂ ਤੇ ਤੂੰ ਵੀ ਟਲ਼ ਸ਼ੇਰ ਬੱਲਿਆ।
ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ।
ਪ੍ਰਧਾਨਗੀ ਭਾਸ਼ਣ ਦੇਂਦਿਆਂ ਡਾ. ਅਨੂਪ ਸਿੰਘ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਨਵੀਂ ਪੁਸਤਕ “ਜ਼ੇਵਰ”ਬਾਰੇ ਗੱਲਬਾਤ ਕਰਨ ਲਈ, ਇਹ ਜਿਹੜਾ ਉਪਰਾਲਾ ਫੋਰਮ ਵੱਲੋਂ ਕੀਤਾ ਗਿਆ ਹੈ ਇਸ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਦਾ ਮੈਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿੱਚ ਗੁਰਭਜਨ ਗਿੱਲ ਦੀ ਪ੍ਰੇਰਨਾ ਤੇ ਸੰਗ ਸਾਥ ਸਰਗਰਮ ਹੋਇਆਂ ਹਾਂ, ਮੈਂ ਉਹਨਾਂ ਦੀਆਂ ਕਵਿਤਾ ਵਿੱਚ ਇਹ ਖੂਬੀ ਵੇਖੀ ਹੈ ਕਿ ਉਹਨਾਂ ਦੀ ਕਵਿਤਾ ਦੇ ਅਰਥ ਸਮਝਣ ਲਈ ਪਾਠਕ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ। ਜਦੋਂ ਕਿ ਕਈ ਹੋਰ ਉੱਚ ਪੱਧਰ ਦੇ ਗ਼ਜ਼ਲਕਾਰਾਂ ਦੀਆਂ ਕੁਝ ਗ਼ਜ਼ਲਾਂ ਅਜਿਹੀਆਂ ਹਨ ਜਿੰਨ੍ਹਾਂ ਦੇ ਅਰਥ ਸਮਝਣ ਲਈ ਜਾਂ ਤਾਂ ਤੁਹਾਨੂੰ ਕਿਸੇ ਨਾਲ ਵਿਚਾਰ ਵਟਾਂਦਰਾ ਕਰਨਾ ਪੈਂਦਾ ਹੈ, ਜਾਂ ਮਨ ਤੇ ਵਾਧੂ ਬੋਝ ਲੈਣਾ ਪੈਂਦਾ ਹੈ। ਮੈਂ ਗੁਰਭਜਨ ਗਿੱਲ ਦੀ ਪਹਿਲੀ ਗ਼ਜ਼ਲ ਕਿਤਾਬ, “ਹਰ ਧੁੱਖਦਾ ਪਿੰਡ ਮੇਰਾ ਹੈ” ਉੱਪਰ 1986 ਵਿੱਚ ਪੇਪਰ ਵੀ ਲਿਖਿਆ ਸੀ ਜੋ ਉਦੋਂ ਲੋਕ ਲਹਿਰ ਵਿੱਚ ਛਪਿਆ ਸੀ। ਇਸ ਵਿੱਚ ਮੈਂ ਲਿਖਿਆ ਸੀ ਕਿ ਗੁਰਭਜਨ ਗਿੱਲ ਸਰਲ ਸਾਦਾ ਤੇ ਸਪਸ਼ਟ ਲਿਖਣ ਵਾਲਾ ਆਦਮੀ ਹੈ। ਇਸ ਦੀ ਕਵਿਤਾ ਵਿੱਚ ਸਾਡੇ ਲੋਕਾਂ ਦਾ ਦਰਦ ਹੈ। ਉਸ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ ਕਿ ਜਿੱਥੇ ਸਾਡੇ ਕੁਝ ਸਾਹਿਤਕਾਰ ਕਈ ਵਾਰ ਗੱਲ ਕਰਦੇ ਕਰਦੇ ਉਲਾਰੂ ਹੋ ਜਾਂਦੇ ਹਨ, ਪਰ ਉਹ ਸੰਤੁਲਤ ਪਹੁੰਚ ਨਹੀਂ ਤਿਆਗਦਾ। ਉਹ ਆਪਣੀਆਂ ਲਿਖਤਾਂ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨਹੀਂ ਭੁੱਲਦਾ।
ਇਸ ਮੌਕੇ ਡਾ. ਅਨੂਪ ਸਿੰਘ ਨੇ ਆਪਣੀ ਨਵੀਂ ਸੰਪਾਦਿਤ ਪੁਸਤਕ "ਸ਼ਹੀਦ ਭਗਤ ਸਿੰਘ ਹੋਣ ਦੇ ਅਰਥ" ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ ਨੂੰ ਭੇਂਟ ਕੀਤੀ।