ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਦਿੱਤਾ ਕਾਲ਼ੀਆਂ ਰਾਤਾਂ ਰੁਸ਼ਨਾਉਣ ਦਾ ਹੋਕਾ
ਮੁੱਖ ਵਕਤਾ ਮੁਹੰਮਦ ਯੂਸਫ਼ ਤਾਰੀਗਾਮੀ ਅਤੇ ਡਾ. ਨਵਸ਼ਰਨ ਨੇ ਕੀਤਾ ਸੰਬੋਧਨ
ਜਲੰਧਰ 2 ਨਵੰਬਰ : ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਖ਼ਰਲੀ ਰਾਤ ਚੇਤਨਾ, ਸੰਗਰਾਮ ਅਤੇ ਮੁਕਤੀ ਦਾ ਪੈਗ਼ਾਮ ਵੰਡਦੇ ਚਾਨਣ ਨੇ ਰੁਸ਼ਨਾ ਦਿੱਤੀ।
ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ, ਅਜਮੀਤ ਔਲਖ ਦੁਆਰਾ ਨਿਰਦੇਸ਼ਤ ਕੀਤੇ ਨਾਟਕ ''ਤੂੰ ਚਰਚਾ ਘੂਕਦਾ ਰੱਖ ਜ਼ਿੰਦੇ'' ਦਾ ਮੰਚਣ ਲੋਕ ਕਲਾ ਮੰਚ ਮਾਨਸਾ ਦੀ ਟੀਮ ਵੱਲੋਂ ਕੀਤਾ ਗਿਆ। ਬਹੁਤ ਸਮਾਂ ਪਹਿਲਾਂ ਹੀ ਪ੍ਰੋ. ਅਜਮੇਰ ਸਿੰਘ ਔਲਖ ਦੀ ਬੌਧਿਕ ਸੰਵੇਦਨਾ ਅਤੇ ਦੂਰ-ਦ੍ਰਿਸ਼ਟੀ ਦੁਆਰਾ ਸੋਚੇ ਵਿਚਾਰੇ ਇਸ ਨਾਟਕ ਨੇ ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਮੌਕੇ ਇਸ ਇਤਿਹਾਸਕ ਧਰੋਹਰ ਨੂੰ ਮਾਣ-ਮੱਤਾ ਸਥਾਨ ਮਿਲਿਆ।
ਮਾਲਾ ਹਾਸ਼ਮੀ ਦੀ ਨਿਰਦੇਸ਼ਨਾ 'ਚ ਜਨ ਨਾਟਿਆ ਮੰਚ ਦਿੱਲੀ ਦੇ ਕਲਾਕਾਰਾਂ ਨੇ 'ਏਕ ਬੇਰੁਜ਼ਗਾਰ ਕੀ ਅਧੂਰੀ ਲਵ ਸਟੋਰੀ'' ਨਾਟਕ ਰਾਹੀਂ ਹਕੂਮਤੀ ਦਰਬਾਰ ਦੇ ਲੋਕਾਂ ਨਾਲ ਕੀਤੇ ਜਾਂਦੇ ਛਲਾਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ। ਨਾਟਕ ਨੇ ਤਿੱਖੇ ਵਿਅੰਗ ਕਸੇ ਕਿ ਕਿਵੇਂ ਅਖੌਤੀ ਵਿਕਾਸ ਨੇ ਮੁਲਕ ਦੀ ਜੁਆਨੀ ਨੂੰ ਭੰਬਲਭੂਸੇ ਪਾਉਣ ਅਤੇ ਉਹਨਾਂ ਨੂੰ 'ਹਨੇਰ ਨਗਰੀ' ਵਿੱਚ ਧੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਜਲੰਧਰ ਦੂਰਦਰਸ਼ਨ ਦੇ ਸਾਬਕਾ ਡਾਇਰੈਕਟਰ ਹਰਜੀਤ ਦਾ ਲਿਖਿਆ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ 'ਚ ਮੰਚ ਰੰਗ ਮੰਚ ਅੰਮ੍ਰਿਤਸਰ ਦੁਆਰਾ ਪੇਸ਼ ਨਾਟਕ 'ਸਾਂਦਲਬਾਰ' ਬਰਤਾਨਵੀ ਸਾਮਰਾਜ ਮੌਕੇ ਸਾਡੇ ਮੁਲਕ ਦੇ ਲੋਕਾਂ ਦੇ ਜ਼ਮੀਨਾਂ ਤੋਂ ਕੀਤੇ ਉਜਾੜੇ 'ਚੋਂ ਉਤਪੰਨ ਸੰਕਟ ਦੀ ਦਾਸਤਾਂ ਨੂੰ ਇਉਂ ਪੇਸ਼ ਕਰਨ 'ਚ ਸਫ਼ਲ ਰਿਹਾ ਕਿ ਕਦੇ ਛਲਾਵੇ 'ਚ ਲੈ ਕੇ ਕਦੇ ਜ਼ਬਰ ਦੇ ਜ਼ੋਰ ਧਰਤੀ ਜਾਏ ਕਿਰਤੀ ਕਿਸਾਨਾਂ ਨੂੰ ਉਜਾੜੇ ਦੇ ਮੂੰਹ ਧੱਕਣ ਦੀ ਕਹਾਣੀ ਹੀ ਦੁਹਰਾਈ ਜਾ ਰਹੀ ਹੈ। ਜਦੋਂ ਲੈਂਡ ਪੂਲਿੰਗ, ਜ਼ਬਰੀ ਜ਼ਮੀਨਾਂ ਖੋਹਣ, ਵੇਚਣ ਦਾ ਚੌਤਰਫ਼ਾ ਹੱਲਾ ਬੋਲਿਆ ਜਾ ਰਿਹਾ ਹੈ। ਇਹ ਨਾਟਕ ਸੰਕੇਤਕ ਤੌਰ 'ਤੇ ਸਾਡੀ ਨਜ਼ਰ ਪਵਾ ਗਿਆ ਕਿ ਖਿੱਤਾ ਆਦਿਵਾਸੀਆਂ ਦਾ ਹੋਵੇ ਜਾਂ ਪੰਜਾਬ ਦਾ, ਕਾਰਪੋਰੇਟ ਘਰਾਣਿਆਂ ਦੀ ਜ਼ਮੀਨਾਂ ਹਥਿਆਉਣ ਦੀ ਨੀਤੀ ਨੂੰ ਭਾਂਜ ਦੇਣ ਦੀ ਲੋੜ ਹੈ।
ਪ੍ਰੋਗਰੈਸਿਵ ਆਰਟਿਸਟਸ ਲੀਗ ਨਵੀਂ ਦਿੱਲੀ ਤੋਂ ਆਈ ਨਾਟਕ ਅਤੇ ਗੀਤ-ਸੰਗੀਤ ਮੰਡਲੀ ਨੇ 'ਦਾਸਤਾਂ-ਏ-ਗੰਗੂ' ਰਾਹੀਂ ਫਾਸ਼ੀਵਾਦ ਉਪਰ ਤਿੱਖੀਆਂ ਚੋਟਾਂ ਮਾਰਦਿਆਂ ਅਜੋਕੇ ਭਾਰਤੀ ਹੁਕਮਰਾਨਾਂ ਦੀਆਂ ਫ਼ਿਰਕੂ ਫਾਸ਼ੀ
ਨੀਤੀਆਂ ਦੇ ਲੋਕ-ਵਿਰੋਧੀ ਮਨਸ਼ਿਆਂ ਦਾ ਪਰਦਾਫਾਸ਼ ਕੀਤਾ।
ਡਾ. ਸਾਹਿਬ ਸਿੰਘ ਦਾ ਲਿਖਿਆ, ਉਹਨਾਂ ਦੁਆਰਾ ਨਿਰਦੇਸ਼ਤ ਨਾਟਕ ''ਤੂੰ ਅਗਲਾ ਵਰਕਾ ਫੋਲ' ਉਹਨਾਂ ਦੀ ਹੀ ਅਦਾਕਾਰੀ 'ਚ ਗਹਿਰ ਗੰਭੀਰ ਸੰਵੇਦਨਾਵਾਂ ਨੂੰ ਝੰਜੋੜਨ ਵਿੱਚ ਸਫ਼ਲ ਰਿਹਾ। ਉਹਨਾਂ ਦੇ ਨਾਟਕ ਨੇ ਹਲੂਣਵੇਂ ਅੰਦਾਜ਼ ਵਿੱਚ ਕਿਹਾ ਕਿ ਬੇਗ਼ਮਪੁਰਾ ਅਤੇ ਸਾਂਝੀਵਾਲਤਾ ਸਿਰਜਣ ਲਈ ਰਵਾਇਤੀ ਰਾਹਾਂ 'ਤੇ ਤੁਰਨ ਜਾਂ ਕਿਸੇ ਪੀਰ ਔਲੀਏ 'ਤੇ ਟੇਕ ਰੱਖਣ ਦੀ ਬਜਾਏ ਸਾਨੂੰ ਅਗਲੇ ਕਦਮ ਪੁੱਟਦਿਆਂ, ਅਤੀਤ ਤੋਂ ਸਿਖਦੇ ਹੋਏ ਵਰਤਮਾਨ ਦੀਆਂ ਪੇਚੀਦਾ ਗੁੰਝਲਾਂ ਨੂੰ ਸੁਲਝਾਉਣ ਲਈ ਅਗਲੇ ਵਰਕਾ ਫਰੋਲਣ ਲਈ ਉਚੇਰੀ ਪਰਵਾਜ਼ ਭਰਨ ਦੀ ਲੋੜ ਹੈ।
ਗੁਰਸ਼ਰਨ ਸਿੰਘ ਦੁਆਰਾ ਲਿਖਿਆ ਹੜ੍ਹ ਪੀੜ੍ਹਤਾਂ ਦਾ ਦਰਦ ਬਿਆਨਦਾ ਨਾਟਕ 'ਰਾਹਤ' ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਰੰਗ ਟੋਲੀ ਨੇ ਏਕੱਤਰ ਦੀ ਨਿਰਦੇਸ਼ਨਾ 'ਚ ਪੇਸ਼ ਕੀਤਾ ਗਿਆ। ਇਹ ਨਾਟਕ ਭਾਵੇਂ ਗੁਰਸ਼ਰਨ ਸਿੰਘ ਵੱਲੋਂ ਦਹਾਕਿਆਂ ਪਹਿਲਾਂ ਲਿਖਿਆ ਗਿਆ ਪਰ ਬੀਤੇ ਦਿਨੀਂ ਪੰਜਾਬ 'ਚ ਆਏ ਹੜ੍ਹਾਂ ਮੌਕੇ ਹਕੂਮਤ ਦੀ ਢੀਠਤਾਈ ਅਤੇ ਲੋਕਾਂ ਦੁਆਰਾ ਪੀੜਤ ਲੋਕਾਂ ਦੀ ਬਾਂਹ ਫੜਨ ਦੀ ਬਾ ਮਿਸਾਲ ਭੂਮਿਕਾ ਬਾਰੇ ਚਾਨਣ ਪਾਉਣ 'ਚ ਸਫ਼ਲ ਰਿਹਾ।
ਇਪਟਾ ਮੋਗਾ ਦੇ ਅਵਤਾਰ ਚੜਿੱਕ ਅਤੇ ਉਸਦੇ ਸਾਥੀ ਨੇ ਬਹੁਤ ਹੀ ਸਾਰਥਕ ਅਤੇ ਅਰਥ ਭਰਪੂਰ ਵਿਅੰਗ ਕਸੇ। ਭੰਡ ਕਲਾ ਦੀ ਇਸ ਵਿਧਾ ਦਾ ਲੋਕਾਂ ਸਾਹ ਰੋਕ ਕੇ ਆਨੰਦ ਮਾਣਿਆ।
ਪ੍ਰੋਗਰੈਸਿਵ ਆਰਟਿਸਟਸ ਲੀਗ ਨਵੀਂ ਦਿੱਲੀ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ ਦੂਜਾ ਨਾਟਕ 'ਫ਼ਲਸਤੀਨ ਜ਼ਿੰਦਾਬਾਦ' ਗ਼ਦਰ ਦੇਸ਼ ਭਗਤਾਂ ਦੀ ਕੌਮਾਂਤਰੀਵਾਦੀ ਸੋਚ-ਦ੍ਰਿਸ਼ਟੀ, ਸਾਮਰਾਜਵਾਦ ਵਿਰੋਧੀ ਜਾਗਦੇ ਲੋਕਾਂ ਦੀ ਭੂਮਿਕਾ ਨੂੰ ਰੌਸ਼ਨੀ 'ਚ ਲਿਆਉਣ ਵਿੱਚ ਸਫ਼ਲ ਰਿਹਾ। ਸਰਘੀ ਵੇਲੇ ਨਾਟਕਾਂ ਦੀ ਰਾਤ ਦੇ ਸਿਖਰ 'ਤੇ ਹੋਏ ਇਸ ਨਾਟਕ ਨੇ ਵਿਸ਼ਵ ਮੰਚ ਤੇ ਸਭ ਦਾ ਧਿਆਨ ਖਿੱਚ ਰਹੇ ਫ਼ਲਸਤੀਨ ਦੇ ਮੁੱਦੇ ਬਾਰੇ ਨਾਟਕ ਰਾਹੀਂ ਸਾਮਰਾਜਵਾਦ ਦਾ ਖੁੰਖਾਰ ਚਿਹਰਾ ਨੰਗਾ ਕੀਤਾ।
ਗੀਤਾਂ ਭਰੀ ਰਾਤ ਮੌਕੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਮਸਾਣੀ, ਰੇਲਾ ਛਤੀਸਗੜ੍ਹ ਤੋਂ ਆਈ ਸੰਗੀਤ ਮੰਡਲੀ, ਪ੍ਰੋਗਰੈਸਿਵ ਆਰਟਿਸਟਸ ਲੀਗ ਨਵੀਂ ਦਿੱਲੀ, ਲੋਕ ਸੰਗੀਤ ਮੰਡਲੀ ਮਸਾਣੀ ਧਰਮਿੰਦਰ ਮਸਾਣੀ, ਸ਼ਬਦੀਸ਼, ਤਾਰੀ ਅਟਵਾਲ ਇੰਗਲੈਂਡ, ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ, ਕਮਲਦੀਪ ਜਲੂਰ, ਤਮੰਨਾ ਅਤੇ ਕੋਮਲ (ਪੰਜਾਬ ਸਟੂਡੈਂਟਸ ਯੂਨੀਅਨ), ਪ੍ਰੋ. ਲਾਲ ਬਹਾਦਰ, ਜਸਪਾਲ ਜੱਸੀ, ਅੰਮ੍ਰਿਤਪਾਲ ਬੰਗੇ ਬਠਿੰਡਾ ਨੇ ਰੰਗ ਬੰਨੇ।
ਨਾਟਕਾਂ ਅਤੇ ਗੀਤਾਂ ਭਰੀ ਰਾਤ ਦੇ ਸਮਾਗਮ ਨੂੰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੰਬੋਧਨ ਕਰਦਿਆਂ ਤਿੰਨ ਰੋਜ਼ਾ ਸਫ਼ਲ ਮੇਲੇ 'ਤੇ ਮੁਬਾਰਕਵਾਦ ਦਿੱਤੀ। ਉਹਨਾਂ ਨੇ ਕਮੇਟੀ ਦੀ ਤਰਫ਼ੋਂ ਮੇਲੇ ਦੇ ਏਸੇ ਦਿਨ 1984 'ਚ ਦਿੱਲੀ ਅਤੇ ਹੋਰ ਥਾਵਾਂ ਤੇ ਬੇਗੁਨਾਹ ਸਿੱਖਾਂ ਅਤੇ ਦਹਾਕਾ ਭਰ ਪੰਜਾਬ ਅੰਦਰ ਹਿੰਦੂਆਂ ਅਤੇ ਕਮਿਊਨਿਸਟਾਂ ਨੂੰ ਚੋਣਵਾਂ ਨਿਸ਼ਾਨਾ ਬਣਾਏ ਜਾਣ ਖ਼ਿਲਾਫ਼ ਲੋਕਾਂ ਦੇ ਹੱਥ ਖੜ੍ਹੇ ਕਰਵਾਕੇ ਮਤਾ ਪਾਸ ਕੀਤਾ।
ਜਲੰਧਰ ਪ੍ਰਸਾਸ਼ਨ ਵੱਲੋਂ ਹਾਲ ਦੇ ਮੁੱਖ ਦੁਆਰ ਸਾਹਮਣੇ ਲਾਈ ਸਾਊਂਡ ਕਾਰਨ ਮੇਲੇ 'ਚ ਪੈਦਾ ਹੁੰਦੀ ਰਹੀ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਵੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਲਾਇਬ੍ਰੇਰੀ ਅਤੇ ਮੇਲੇ ਵਰਗੀਆਂ ਸਰਗਰਮੀਆਂ ਮੌਕੇ ਇਸ ਕਾਰਨ ਆਉਂਦੀ ਮੁਸ਼ਕਲ ਦਾ ਧਿਆਨ ਰੱਖਦਿਆਂ ਇਸਨੂੰ ਹਟਾਉਣ ਦੀ ਮੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ ਨਾਟਕਾਂ ਦੀ ਰਾਤ ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿਨ ਦੇ ਮੁੱਖ ਬੁਲਾਰੇ ਮੁਹੰਮਦ ਯੂਸਫ਼ ਤਾਰੀਗਾਮੀ ਅਤੇ ਡਾ. ਨਵਸ਼ਰਨ ਨੇ ਆਪਣੇ ਸੰਬੋਧਨ ਰਾਹੀਂ ਮੁਲਕ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕ ਕੀਤਾ। ਇਹਨਾਂ ਬੁਲਾਰਿਆਂ ਨੇ ਕਿਤਾਬਾਂ ਤੇ ਪਾਬੰਦੀ ਮੜ੍ਹੇ ਜਾਣ ਅਤੇ ਜਮਹੂਰੀ ਹੱਕਾਂ ਦੇ ਘਾਣ ਬਾਰੇ ਚੌਕੰਨੇ ਕਰਦਿਆਂ ਕਿਹਾ ਕਿ ਅਗਲੇ ਦਿਨਾਂ 'ਚ ਬੁੱਧੀਜੀਵੀ ਵਰਗ ਅਤੇ ਯੂਨੀਵਰਸਿਟੀਆਂ ਨੂੰ ਚੋਣਵਾਂ ਨਿਸ਼ਾਨਾ ਬਣਾਏ ਜਾਣ ਤੋਂ ਚੌਕਸ ਰਹਿੰਦਿਆਂ ਜ਼ਬਰਦਸਤ ਜਨਤਕ ਆਵਾਜ਼ ਲਾਮਬੰਦ ਕਰਨ ਦੀ ਲੋੜ ਹੈ।
ਪੰਜਾਬੀ ਰੰਗ ਮੰਚ ਅਤੇ ਸਭਿਆਚਾਰਕ ਉਤਸਵਾਂ ਵਿੱਚ ਨਵਾਂ ਵਰਕਾ ਜੜਨ ਦਾ ਕੰਮ ਕਰਨ ਵਾਲੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ ਲਈ ਕਮੇਟੀ ਨੇ ਬਾਹਰੋਂ ਆਏ ਮੇਲਾ ਪ੍ਰੇਮੀਆਂ ਅਤੇ ਪੰਜਾਬ ਦੀਆਂ ਸਮੁੱਚੀਆਂ ਲੋਕ ਪੱਖੀ ਸੰਸਥਾਵਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ। ਰਾਤ ਦੇ ਸਮਾਗਮ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।