ਮੈਰਾਥਨ ਦੌੜਾਕ ਫੌਜਾ ਸਿੰਘ ਦੇ ਪਰਿਵਾਰ ਨਾਲ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਦੁਖ ਸਾਂਝਾ ਕੀਤਾ
ਅੰਮ੍ਰਿਤਸਰ:-20 ਜੁਲਾਈ 2025 - ਸਿੱਖ ਦੌੜਾਕ ਫੌਜਾ ਸਿੰਘ ਦੇ ਅਕਾਲ ਚਲਾਣੇ ਤੇ ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਉਨ੍ਹਾਂ ਦੇ ਗ੍ਰਹਿ ਬਿਆਸ ਵਿਖੇ ਪੁਜੇ ਅਤੇ ਉਨ੍ਹਾਂ ਦੇ ਬੇਟੇ ਸ. ਸੁਖਵਿੰਦਰ ਸਿੰਘ ਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।

ਉਨ੍ਹਾਂ ਕਿਹਾ ਬਾਬਾ ਫੌਜਾ ਸਿੰਘ ਨੇ ਸੰਸਾਰ ਵਿੱਚ ਵੱਖ-ਵੱਖ ਸਮੇਂ ਦੌੜਾਂ ਵਿੱਚ ਸ਼ਾਮਲ ਹੋ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਿੱਖ ਦੀ ਦਸਤਾਰ ਦੇ ਮਾਣ ਨੂੰ ਪ੍ਰਚਾਰਨ ਵਿੱਚ ਵੱਡੀ ਤੇ ਸ਼ਾਨਦਾਰ ਭੂਮਿਕਾ ਨਿਭਾਈ ਹੈ। ਖੇਡ ਜਗਤ ਵਿੱਚ ਇਸ ਸਿੱਖ ਖਿਡਾਰੀ ਸ. ਫੌਜਾ ਸਿੰਘ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸ. ਫੌਜਾ ਸਿੰਘ ਨੇ ਆਪਣੇ ਦੇਸ, ਸੂਬੇ, ਖਾਸ ਕਰ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਵੱਲੋਂ ਸ. ਸੁਖਵਿੰਦਰ ਸਿੰਘ ਤੇ ਉਨ੍ਹਾਂ ਦੀ ਬੇਟੀ ਨੂੰਹ ਨੂੰ ਸਿਰਪਾਓ ਬਖਸ਼ਿਸ਼ ਕੀਤੀ।