ਬੀਜੇਪੀ ਆਗੂ ਅਨੁਰਾਗ ਠਾਕੁਰ ਨੇ ਭਾਜਪਾ ਨੂੰ ਦੱਸਿਆ ਦੁੱਧ ਧੋਤੀ ਤੇ ਦੁੱਖਾਂ ਲਈ ਜਿੰਮੇਵਾਰ ਪੰਜਾਬ ਸਰਕਾਰ
ਅਸ਼ੋਕ ਵਰਮਾ
ਬਠਿੰਡਾ,20 ਜੁਲਾਈ2025 : ਭਾਰਤੀ ਜੰਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਗਈ ਹੈ ਜਿਸ ਕਰਕੇ ਪੰਜਾਬ ਦੇ ਲੋਕ ਹੁਣ ਭਾਜਪਾ ’ਚ ਆਪਣਾ ਭਵਿੱਖ ਦੇਖਣ ਲੱਗੇ ਹਨ। ਉਨ੍ਹਾਂ ਕਿਹਾ ਕਿ ਅਸਲ ’ਚ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਦਿੱਲੀ ਸ਼ਰਾਬ ਘੁਟਾਲੇ ’ਚ ਜੇਲ੍ਹ ਜਾਕੇ ਆਏ ਤਿੰਨ ਵਿਅਕਤੀ ਰਿਮੋਟ ਰਾਹੀਂ ਸਰਕਾਰ ਚਲਾ ਰਹੇ ਹਨ। ਏਮਜ਼ ਬਠਿੰਡਾ ਦੀ ਗਵਰਨਿੰਗ ਕਮੇਟੀ ਦੇ ਮੈਂਬਰ ਵਜੋਂ ਸ੍ਰੀ ਠਾਕੁਰ ਅੱਜ ਏਮਜ਼ ਦੀ ਮੀਟਿੰਗ ’ਚ ਸ਼ਾਮਲ ਹੋਣ ਉਪਰੰਤ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੈਸ ਕਾਨਫਰੰਸ ਦੌਰਾਨ ਅਨੁਰਾਗ ਠਾਕੁਰ ਨੇ ਜਿਆਦਾਤਰ ਸਮਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਭੰਡਣ ਤੇ ਲਾਇਆ। ਉਨ੍ਹਾਂ ਕਿਹਾ ਕਿ ਜੋ ਲੈਂਡ ਪੂÇਲੰਗ ਨੀਤੀ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਲਾਗੂ ਕਰਵਾਈ ਜਾ ਰਹੀ ਹੈ ਉਸ ਪਿੱਛੇ ਵੀ ਦਿੱਲੀ ਵਾਲਿਆਂ ਦਾ ਹੱਥ ਹੈ।
ਉਨ੍ਹਾਂ ਕਿਹਾ ਕਿ ਇਹ ਨੀਤੀ ਵੱਡਾ ਘੁਟਾਲਾ ਹੈ ਜਿਸ ’ਚ ਮੁੱਖ ਮੰਤਰੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਸਾਬਕਾ ਮੰਤਰੀ ਅਨਮੋਲ ਗਗਨ ਮਾਨ ਦਾ ਨਾਮ ਲਏ ਬਗੈਰ ਸ੍ਰੀ ਠਾਕੁਰ ਨੇ ਕਿਹਾ ਕਿ ਜਲਦੀ ਹੀ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਸਿਆਸੀ ਜੁਆਲਾ ਮੁਖੀ ਫਟਣ ਵਾਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇ ਮਹੀਨਿਆਂ ਬਾਅਦ ਇੰਨ੍ਹਾਂ ਦੇ ਵਿਧਾਇਕਾਂ ਅਤੇ ਹੋਰ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿਣਾ ਸ਼ੁਰੂ ਕਰ ਦੇਣਾ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਇਸ ਪਾਰਟੀ ’ਚ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸੁਫਨੇ ਵੱਡੇ ਵੱਡੇ ਦਿਖਾਏ ਸਨ ਪਰ ਕੋਈ ਪੂਰਾ ਨਹੀਂ ਕੀਤਾ ਜਿਸ ਦੇ ਚਲਦਿਆਂ ਇੰਨ੍ਹਾਂ ਦੇ ਆਪਣੇ ਵਰਕਰ ਅਤੇ ਆਮ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਪੰਜ ਲੱਖ ਰੁਪਏ ਦੇ ਮੁਫਤ ਇਲਾਜ ਵਾਲੀ ਸਕੀਮ ਲਾਗੂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਹਜ਼ਾਰ ਰੁਪਿਆ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੋ ਭਗਵੰਤ ਮਾਨ ਕਿਹਾ ਕਰਦੇ ਸਨ ਕਿ ਉਹ ਲੋਕਾਂ ’ਚ ਪੈਦਲ ਚੱਲਿਆ ਕਰਨਗੇ ਹੁਣ ਉਨ੍ਹਾਂ ਦਾ ਪੈਰ ਗੱਡੀਓਂ ਹੇਠਾਂ ਨਹੀਂ ਉਤਰਦਾ ਹੈ। ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਦੀ ਸੰਵਿਧਾਨ ਬਚਾਓ ਯਾਤਰਾ ਨੂੰ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਮਾਣ ਸਨਮਾਨ ਨਹੀਂ ਦਿੱਤਾ ਉਹ ਸੰਵਿਧਾਨ ਦਿਵਸ ਮਨਾਉਣ ਦੀਆਂ ਗੱਲਾਂ ਕਰਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦਿਵਸ ਅਸਲ ’ਚ ਮੋਦੀ ਸਰਕਾਰ ਨੇ ਮਨਾਇਆ ਹੈ ਜਿਸ ਤਹਿਤ ਵੱਡੀਆਂ ਵੱਡੀਆਂ ਗਤੀਵਿਧੀਆਂ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਸ੍ਰੀ ਠਾਕੁਰ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਂਦਿਆਂ ਪਾਰਟੀ ਨੂੰ ਮਜਬੂਤ ਕਰਨ ਲਈ ਜੁਟਣ ਦਾ ਸੱਦਾ ਦਿੱਤਾ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਨੂੰ ਬੂਥ ਪੱਧਰ ਤੱਕ ਮਜਬੂਤ ਕਰਨ ਤਾਂ ਜੋ ਸਾਲ 2027 ’ਚ ਭਾਜਪਾ ਦੀ ਸਰਕਾਰ ਬਨਾਉਣ ਲਈ ਰਾਹ ਪੱਧਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦੀਆਂ ਪ੍ਰਸਥਿਤੀਆਂ ਚੋਂ ਪੰਜਾਬ ਗੁਜ਼ਰ ਰਿਹਾ ਹੈ ਉਸ ਨੂੰ ਦੇਖਦਿਆਂ ਸੂਬੇ ਦੇ ਲੋਕ ਹੁਣ ਭਾਰਤੀ ਜੰਤਾ ਪਾਰਟੀ ਨੂੰ ਬਦਲ ਵਜੋਂ ਦੇਖਣ ਲੱਗੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬੀਆਂ ਦੀਆਂ ਆਸ਼ਾਵਾਂ ਤੇ ਖਰਾ ਉਤਰਨ ਲਈ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਜਿਲ੍ਹਾ ਜਰਨਲ ਸਕੱਤਰ ਅਸ਼ੋਕ ਬਲਿਆਂ ਵਾਲੀ, ਜਿਲ੍ਹਾ ਮੀਤ ਪ੍ਰਧਾਨ ਵਰਿੰਦਰ ਸ਼ਰਮਾ ਅਤੇ ਸੁਨੀਲ ਸਿੰਗਲਾ ਤੋਂ ਇਲਾਵਾ ਪਾਰਟੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।