ਵੈਟਰਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਵਿਖੇ 'ਬੱਕਰੀ ਪਾਲਣ' ਸਬੰਧੀ ਸਿਖਲਾਈ ਪ੍ਰੋਗਰਾਮ ਸਮਾਪਤ
ਅਸ਼ੋਕ ਵਰਮਾ
ਬਠਿੰਡਾ,10 ਜੂਨ 2025:ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਅਧੀਨ ਆਉਂਦੇ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ (ਬਠਿੰਡਾ) ਵਿਖੇ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਲਈ “ਬੱਕਰੀ ਪਾਲਣ” ਦਾ ਪੰਜ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਸਮਾਪਤ ਹੋ ਗਿਆ ਹੈ।
ਵੈਟਰਨਰੀ ਅਤੇ ਪਸ਼ੂਪਾਲਣ ਪਸਾਰ ਸਿੱਖਿਆ ਵਿਭਾਗ ਦੇ ਹੁਨਰ ਵਿਕਾਸ ਕੇਂਦਰ ਵਿਖੇ ਕਰਵਾਏ ਸੱਤ ਦਿਨ ਦੇ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 8 ਔਰਤਾਂ ਸਮੇਤ 22 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਸਿਖਲਾਈ ਪ੍ਰੋਗਰਾਮ ਵਿੱਚ ਬੱਕਰੀਆਂ ਦੇ ਪ੍ਰਬੰਧ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਬਾਰੇ ਪ੍ਰੈਕਟੀਕਲ ਕਰਵਾਏ ਗਏ ਅਤੇ ਬੱਕਰੀਆਂ ਲਈ ਲੋੜੀਂਦੀ ਰਿਹਾਇਸ਼, ਖੁਰਾਕ, ਪ੍ਰਜਨਨ, ਸਿਹਤ-ਸੰਭਾਲ ਅਤੇ ਉਤਪਾਦਾਂ ਰਾਹੀਂ ਮੁੱਲ ਵਾਧੇ ਬਾਰੇ ਲੈਕਚਰ ਸ਼ਾਮਲ ਕੀਤੇ ਗਏ।ਸਿਖਿਆਰਥੀਆਂ ਨੂੰ ਵੱਖ-ਵੱਖ ਉੱਦਮਾਂ ਦੇ ਨਾਲ ਬੱਕਰੀਆਂ ਦੇ ਏਕੀਕਰਣ, ਨਵੀਆਂ ਮੰਡੀਕਰਨ ਤਕਨੀਕਾਂ, ਬੱਕਰੀਆਂ ਤੋਂ ਮਨੁਖਾਂ ਵਿੱਚ ਆਉਣ ਵਾਲਿਆਂ ਬਿਮਾਰੀਆਂ ਸਮੇਤ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਦੇ ਉਪਾਅ ਬਾਰੇ ਵੀ ਜਾਣੂ ਕਰਵਾਇਆ ਗਿਆ।
ਵੈਟਨਰੀ ਅਤੇ ਪਸ਼ੂਪਾਲਣ ਪਸਾਰ ਸਿੱਖਿਆ ਵਿਭਾਗ ਦੇ ਡਾ. ਸੰਦੀਪ ਕਸਵਾਂ (ਸਹਿਯੋਗੀ ਪ੍ਰੋਫੈਸਰ) ਅਤੇ ਡਾ. ਅਮਨਦੀਪ ਸਿੰਘ (ਸਹਾਇਕ ਪ੍ਰੋਫੈਸਰ) ਨੇ ਬਤੋਰ ਕੋਆਰਡੀਨੇਟਰ ਤੋਂ ਇਲਾਵਾ ਡਿਪਟੀ ਡਾਇਰੈਕਟਰ, ਪਸ਼ੂ ਪਾਲਣ (ਬਠਿੰਡਾ) ਅਤੇ ਬੈਂਕ (ਐਸ.ਬੀ.ਆਈ.) ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਵਿਸ਼ਿਆਂ ਦੇ 30 ਤੋਂ ਵੱਧ ਮਾਹਿਰਾਂ ਨੇ ਤਕਨੀਕੀ ਲੈਕਚਰ ਦਿਤੇ । ਇਸ ਤੋਂ ਇਲਾਵਾ, ਸਿਖਿਆਰਥੀਆਂ ਨੂੰ ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ ਸਥਿਤ ਬੀਟਲ ਬੱਕਰੀ ਫਾਰਮ ਵਿਖੇ ਅਪਣਾਈਆਂ ਗਈਆਂ ਤਕਨੀਕਾਂ ਅਤੇ ਵੱਖ-ਵੱਖ ਪਹਿਲੂਆਂ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਗਈ।ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੁਆਰਾ ਵਿਕਸਤ ਵੱਖ-ਵੱਖ ਵਿਕਣਯੋਗ ਉਤਪਾਦਾਂ ਦੇ ਨਾਲ-ਨਾਲ ਮੁਫਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਪਸਾਰ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਿਖਿਆਰਥੀਆਂ ਨੂੰ ਨਿਰੰਤਰ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਵਟਸਐਪ ਗਰੁੱਪ ਵੀ ਬਣਾਇਆ ਗਿਆ ।
ਕੋਰਸ ਡਾਇਰੈਕਟਰ ਅਤੇ ਵੈਟਨਰੀ ਕਾਲਜ, ਰਾਮਪੁਰਾ ਫੂਲ ਦੇ ਡੀਨ ਡਾ. ਦਿਗਵਿਜੇ ਸਿੰਘ ਨੇ ਦੱਸਿਆ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਦੀ ਮਾਲਵਾ ਖੇਤਰ ਵਿੱਚ ਵੱਧ ਲੋੜ ਹੈ ਕਿਉਂਕਿ ਇੱਥੇ ਵੱਧ ਗਿਣਤੀ ਵਿੱਚ ਬੱਕਰੀਆਂ ਰਵਾਇਤੀ ਲੀਹਾਂ 'ਤੇ ਪਾਲੀਆਂ ਜਾਂਦੀਆਂ ਹਨ । ਡਾ. ਆਰ. ਐਸ. ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ (ਵੈਟਨਰੀ ਯੂਨੀਵਰਸਿਟੀ) ਨੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਤਕਨੀਕੀ ਸੇਵਾਵਾਂ ਪ੍ਰਦਾਨ ਕਰਨ ਲਈ ਅਤੇ ਬੱਕਰੀ ਪਾਲਣ ਦੇ ਕਿੱਤੇ ਨੂੰ ਵਿਗਿਆਨਕ ਲੀਹਾਂ 'ਤੇ ਪ੍ਰਸਾਰ ਕਰਨ ਲਈ ਕਾਲਜ ਸਟਾਫ਼ ਨੂੰ ਵਧਾਈ ਦਿੱਤੀ। ਡਾ. ਜੇ.ਪੀ.ਐਸ. ਗਿੱਲ (ਉਪ ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ) ਨੇ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਾਲਜ ਦੇ ਸਟਾਫ਼ ਨੂੰ ਭਵਿੱਖ ਵਿੱਚ ਵੀ ਅਜਿਹੇ ਸਿਖਲਾਈ ਪ੍ਰੋਗਰਾਮ ਲਗਾਤਾਰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ।