ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨੌਕਰੀ ਤੋਂ ਫਾਰਗ ਕੀਤੇ ਪ੍ਰੋਫ਼ੈਸਰਾਂ ਦੇ ਧਰਨੇ 'ਚ ਸ਼ਮੂਲੀਅਤ
ਦਲਜੀਤ ਕੌਰ
ਸੰਗਰੂਰ, 10 ਜੂਨ, 2023: ਸਥਾਨਕ ਸਰਕਾਰੀ ਰਣਬੀਰ ਕਾਲਜ਼ ਦੀ ਇਕਾਈ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਅਕਾਲ ਡਿਗਰੀ ਕਾਲਜ (ਲੜਕੀਆਂ) ਦੇ ਕਾਲਜ਼ ਵਿੱਚ ਨੌਕਰੀ ਤੋਂ ਫਾਰਗ ਕਿੱਤੇ ਪ੍ਰੋਫ਼ੈਸਰਾਂ ਦੇ ਪੱਕੇ ਧਰਨੇ ਵਿੱਚ ਕੀਤੀ ਗਈ ਸ਼ਿਰਕਤ । ਧਰਨਾ ਦਾ ਅੱਜ 10ਵਾਂ ਦਿਨ ਸੀ।
ਪੀ ਐੱਸ ਯੂ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀ ਕਾਲਜ ਮੈਨੇਜਮੈੰਟ ਦੇ ਇਸ ਫੈਸਲੇ ਦੀ ਨਿਖੇਧੀ ਕਰਦੀ ਹੈ। ਉਹਨਾਂ ਨੇ ਪ੍ਰੋਫ਼ੈਸਰਾਂ ਦੀਆਂ ਮੰਗਾਂ ਪੂਰੀਆ ਹੋਣ ਤੱਕ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇੱਥੇ ਜ਼ਿਕਰਯੋਗ ਹੈ ਕਿ ਕਾਲਜ ਮੈਨੇਜਮੈਟ ਵਲੋਂ ਕੁੱਝ ਦਿਨ ਪਹਿਲਾਂ ਬੀ.ਏ. ਕੋਰਸ ਵਿੱਚ ਨਿਯੁਕਤ ਸਹਾਇਕ ਪ੍ਰੋਫ਼ੈਸਰਾਂ ਨੂੰ ਅਚਾਨਕ ਉਨ੍ਹਾਂ ਦੀਆਂ ਸੇਵਾਵਾਂ ਤੋਂ ਲੇਅ ਆਫ਼ ਕਰ ਦਿੱਤਾ ਗਿਆ ਸੀ। ਕਾਲਜ ਮੈਨੇਜਮੈਟ ਲੋਕਾਂ ਦੁਆਰਾ ਦਾਨ ਕੀਤੀ ਇਸ ਕਾਲਜ਼ ਦੀ ਜ਼ਮੀਨ ਆਪਣੇ ਨਿੱਜੀ ਹਿਤਾਂ ਲਈ ਵਰਤਣਾ ਚਾਹੁੰਦੀ ਹੈ। ਇੱਥੇ ਕੋਰਸ ਬੰਦ ਕਰਕੇ ਨਿੱਜੀ ਸਕੂਲ ਅਤੇ ਕੋਰਸ ਸ਼ੁਰੂ ਕਰਨਾ ਚਾਹੁੰਦੀ ਹੈ। ਕਰੋੜਾ ਰੁਪਏ ਕਮਾਉਣ ਦੀ ਚਾਹਨਾ ਰੱਖਦੀ ਹੈ। ਬੀਏ ਕੋਰਸ ਦੇ ਬੰਦ ਹੋਣ ਨਾਲ ਅਣਗਿਣਤ ਕੁੜੀਆਂ ਲਈ ਸਿੱਖਿਆ ਦੇ ਦਰਵਾਜ਼ੇ ਬੰਦ ਹੋ ਜਾਣਗੇ।ਇਸ ਕਾਲਜ ਵਿੱਚ ਪੇਂਡੂ ਕੁੜੀਆਂ ਦੀ ਪ੍ਰਤੀਸ਼ਤ ਜ਼ਿਆਦਾ ਹੈ। ਸੰਗਰੂਰ ਜ਼ਿਲ੍ਹੇ ਦਾ ਇਕੋ ਇਕ ਇੱਕਲੀਆਂ ਕੁੜੀਆਂ ਦਾ ਕਾਲਜ ਹੈ।
ਕਾਲਜ ਮੈਨੇਜਮੈਂਟ ਦੇ ਇਸ ਗੈਰ-ਕਾਨੂੰਨੀ ਤੇ ਤਾਨਾਸ਼ਾਹੀ ਫੈਸਲੇ ਦੇ ਵਿਰੋਧ ਵਿੱਚ ਕਾਲਜ ਪ੍ਰੋਫ਼ੈਸਰਾਂ ਨੇ ਅਣਮਿੱਥੇ ਸਮੇਂ ਸੰਘਰਸ਼ ਵਿੱਢਿਆ ਹੋਇਆ ਹੈ। ਸੰਘਰਸ਼ਸ਼ੀਲ ਪੀੜਤ ਪ੍ਰੋਫ਼ੈਸਰਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਪੂਰੀਆ ਹੋਣ ਤੱਕ ਇਸੇ ਤਰਾਂ ਹੀ ਅਪਣਾ ਧਰਨਾ ਜਾਰੀ ਰਖਣਗੇ।
ਵਿਦਿਆਰਥੀ ਆਗੂ ਨੇ ਕਿਹਾ ਕਿ ਬਦਲਾਵ ਦੇ ਨਾਮ ਤੇ ਬਣੀ ਮਾਨ ਸਰਕਾਰ ਇਸ ਲੁਟੇਰੀ ਮੈਨੇਜਮੈਂਟ ਦੀ ਪਿੱਠ ਥਾਪੜ ਰਹੀ ਹੈ। ਸਿੱਖਿਆ ਦੇ ਖੇਤਰ ਵਿੱਚ ਇਨਕਲਾਬ ਕਰਨ ਦਾ ਨਾਅਰਾ ਲਾ ਕੇ ਬਣੀ ਸਰਕਾਰ ਦੇ ਕਾਰਜਕਾਲ ਵਿੱਚ ਕਿੰਨੇ ਹੀ ਸਿਖਿਆ ਮਾਰੂ ਫ਼ੈਸਲੇ ਕਰ ਚੁੱਕੀ ਹੈ। ਮੁੱਖ ਮੰਤਰੀ ਦੇ ਸ਼ਹਿਰ ਵਿੱਚ ਉਚ ਡਿਗਰੀਆਂ ਪ੍ਰਾਪਤ ਪ੍ਰੋਫੈਸਰ ਸੜਕਾਂ ਤੇ ਰੁਲ ਰਹੇ ਹਨ। ਜਿਹਨਾਂ ਵਿੱਚ 7 ਔਰਤ ਪ੍ਰੋਫੈਸਰ ਵੀ ਪੀੜਤ ਹਨ। ਧਰਨੇ 'ਤੇ ਬੈਠੇ ਪ੍ਰੋਫ਼ੈਸਰਾ ਨੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਧਰਨੇ ਵਿੱਚ ਪੀ ਐੱਸ ਯੂ ( ਸ਼ਹੀਦ ਰੰਧਾਵਾ) ਦੇ ਕਾਲਜ ਕਮੇਟੀ ਪ੍ਰਧਾਨ ਲਵਪ੍ਰੀਤ ਸਿੰਘ ਮਹਿਲਾਂ (ਪ੍ਰਧਾਨ), ਮੈਂਬਰ ਗੁਰਜਿੰਦਰ ਸਿੰਘ ਲਾਡਬੰਜਾਰਾ ਕਲਾਂ, ਸਾਹਿਬ ਦਿੜਬਾ , ਸਹਿਜ ਦਿੜਬਾ, ਗੁਰਪਿਆਰ ਸਿੰਘ , ਸੁੱਖਪ੍ਰੀਤ ਕੌਰ, ਜਸਵਿੰਦਰ ਕੌਰ , ਕਮਲਦੀਪ ਕੌਰ ਨਦਾਮਪੁਰ ਅਤੇ ਹਰਪ੍ਰੀਤ ਸਿੰਘ ਕਨੋਈ ਸ਼ਾਮਿਲ ਹੋਏ ।