ਹਰ ਮਰੀਜ਼ ਦੀ ਓਰਲ ਕੈਂਸਰ ਦੀ ਸਕਰੀਨਿੰਗ ਯਕੀਨੀ ਬਣਾਈ ਜਾਵੇ : ਸਿਵਲ ਸਰਜਨ ਡਾ. ਜਸਪ੍ਰੀਤ ਕੌਰ
- ਮੈਡੀਕਲ ਅਫਸਰਾਂ (ਡੈਂਟਲ) ਨਾਲ ਮਹੀਨਾਵਾਰ ਰੀਵਿਊ ਮੀਟਿੰਗ ਆਯੋਜਿਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 8 ਜੂਨ 2023 - ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿਚ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਓਰਲ ਸਿਹਤ ਸੇਵਾਵਾਂ ਦੀ ਸਮੀਖਿਆ ਲਈ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹਾ ਨੋਡਲ ਅਫਸਰ ਅਤੇ ਮੈਡੀਕਲ ਅਫਸਰਾਂ (ਡੈਂਟਲ) ਦੀ ਮਹੀਨਾਵਾਰ ਰੀਵਿਊ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਮੈਡੀਕਲ ਅਫਸਰਾਂ (ਡੈਂਟਲ) ਦੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਸਿਵਲ ਸਰਜਨ ਨੇ ਹਦਾਇਤ ਕਰਦੇ ਹੋਏ ਕਿਹਾ ਕਿ ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਤਹਿਤ ਓਰਲ ਸਿਹਤ ਸੇਵਾਵਾਂ ਦੇ ਮਿੱਥੇ ਮਹੀਨਾਵਾਰ ਟੀਚਿਆਂ ਨੂੰ ਪ੍ਰਾਪਤ ਕੀਤਾ ਜਾਵੇ ਅਤੇ ਇਹ ਡੈਂਟਲ ਮੈਡੀਕਲ ਅਫਸਰ ਵਾਈਜ ਅਤੇ ਫੈਸੀਲਿਟੀ ਵਾਈਜ ਮੁਕੰਮਲ ਹੋਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਉਂਦੇ ਹਰ ਮਰੀਜ਼ ਦੀ ਓਰਲ ਕੈਂਸਰ ਦੀ ਸਕਰੀਨਿੰਗ ਕੀਤੀ ਜਾਵੇ ਅਤੇ ਸ਼ੱਕੀ ਮਰੀਜ਼ਾਂ ਦੀ ਵੱਖਰੀ ਮਾਰਕਿੰਗ ਅਤੇ ਫਾਲੋਅੱਪ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਮੂੰਹ ਦੇ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਲਈ ਓਰਲ ਕੈਂਸਰ ਸਕਰੀਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਵੀਂ ਪਹਿਲਕਦਮੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਜਸਪ੍ਰੀਤ ਕੌਰ ਨੇ ਕਿਹਾ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਸਾਡੇ ਦੇਸ਼ ਵਿੱਚ ਮੂੰਹ ਦਾ ਕੈਂਸਰ ਮਰਦਾਂ ਵਿੱਚ ਸਭ ਤੋਂ ਵੱਧ ਪ੍ਰਚਲਿਤ ਕੈਂਸਰ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਚੌਖਾ ਵਾਧਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕੈਂਸਰ ਤੋਂ ਪਹਿਲਾਂ ਦੇ ਜਖਮਾਂ ਜਾਂ ਓਰਲ ਕੈਂਸਰ ਤੋਂ ਪੀੜਤ ਮਰੀਜ਼ਾਂ ਦੀ ਜਲਦੀ ਜਾਂਚ ਅਤੇ ਪਤਾ ਲਗਾਉਣ ਦੇ ਨਾਲ-ਨਾਲ ਸਮੇਂ ਸਿਰ ਰੈਫਰ ਕਰਨ ਲਈ ਢੁੱਕਵੇਂ ਕਦਮ ਉਠਾਉਣ ਦੀ ਲੋੜ ਹੈ।
ਇਸ ਓਰਲ ਕੈਂਸਰ ਸਕਰੀਨਿੰਗ ਪ੍ਰੋਗਰਾਮ ਦੀ ਧਾਰਨਾ ਵਿੱਚ ਇੱਕ ਹੋਰ ਕਾਰਕ ਇਹ ਹੈ ਕਿ ਕੈਂਸਰ ਦੇ 80 ਪ੍ਰਤੀਸ਼ਤ ਕੇਸ ਦੂਜੇ ਜਾਂ ਤੀਜੇ ਪੜਾਅ 'ਤੇ ਸਾਹਮਣੇ ਆਉਂਦੇ ਹਨ ਜਦੋਂ ਕੈਂਸਰ ਦਾ ਇਲਾਜ ਕਰਨਾ ਮੁਸ਼ਕਲ ਹੁੰਦਾ ਹੈ। ਇਸ ਪ੍ਰੋਗਰਾਮ ਤਹਿਤ ਪਹਿਲੀ ਸਟੇਜ 'ਤੇ ਮੂੰਹ ਦੇ ਕੈਂਸਰ ਦਾ ਪਤਾ ਲਗਾਉਣਾ ਨਿਸ਼ਚਤ ਤੌਰ 'ਤੇ ਕੈਂਸਰ ਦੇ ਇਲਾਜ ਵਿੱਚ ਇੱਕ ਵਰਦਾਨ ਸਾਬਤ ਹੋ ਸਕਦਾ ਹੈ। ਇਸ ਪਹਿਲਕਦਮੀ ਨਾਲ ਮੂੰਹ ਦੇ ਕੈਂਸਰ ਦੀ ਦਰ ਘਟੇਗੀ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਰੁਕਣਗੀਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ਿਆਂ ਦਾ ਤਿਆਗ ਕਰਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ। ਡਾ: ਕੌਰ ਨੇ ਕਿਹਾ ਕਿ ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਮੂੰਹ ਦੇ ਕੈਂਸਰ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬਲਾਕ ਪੱਧਰ ’ਤੇ ਓਰਲ ਕੈਂਸਰ ਦੀ ਸਕਰੀਨਿੰਗ ਲਈ ਡੈਂਟਲ ਮੈਡੀਕਲ ਅਫਸਰਾਂ ਵੱਲੋਂ ਕਮਿਊਨਿਟੀ ਹੈਲਥ ਅਫਸਰਾਂ (ਸੀ.ਐੱਚ.ਓਜ਼) ਨੂੰ ਵੀ ਸਿਖਲਾਈ ਦਿੱਤੀ ਜਾਵੇ ਤਾਂ ਜੋ ਫੀਲਡ ਵਿੱਚੋਂ ਵੱਧ ਤੋਂ ਵੱਧ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਡਾ ਅਵਤਾਰ, ਡਾ ਵਰਿੰਦਰ, ਪੀਏ ਅਜੇ ਕੁਮਾਰ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।