ਸਪੀਕਰ ਸੰਧਵਾਂ ਨੇ ਆਪਣੇ ਗ੍ਰਹਿ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦਾ ਤੁਰਤ ਕੀਤਾ ਹੱਲ!
ਦੀਪਕ ਗਰਗ
ਕੋਟਕਪੂਰਾ, 29 ਮਈ 2023 :- ਭਾਵੇਂ ਸੱਤਾਧਾਰੀ ਧਿਰ ਵਲੋਂ ‘ਸਰਕਾਰ ਤੁਹਾਡੇ ਦੁਆਰ’ ਪੋ੍ਰਗਰਾਮ ਤਹਿਤ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਿਲੇ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਲਿਜਾ ਕੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਦੀ ਹਾਜਰੀ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਪੇ੍ਰਸ਼ਾਨੀਆਂ ਅਤੇ ਸ਼ਿਕਾਇਤਾਂ ਸੁਣ ਕੇ ਉਹਨਾ ਦਾ ਮੌਕੇ ’ਤੇ ਹੀ ਹੱਲ ਕਰਨ ਦਾ ਬਕਾਇਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਪਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਜਦ ਵੀ ਆਪਣੇ ਜਿਲੇ ਫਰੀਦਕੋਟ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਬਿਨਾਂ ਕੋਈ ਸਮਾਂ ਦੇਖਿਆਂ ਸੰਗਤ ਦਰਸ਼ਨ ਸ਼ੁਰੂ ਕਰ ਦਿੰਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਪੀਆਰਓ ਨੇ ਦੱਸਿਆ ਕਿ ਅੱਜ ਸਪੀਕਰ ਸੰਧਵਾਂ ਨੇ ਹਲਕੇ ਦੇ ਵੱਖ ਵੱਖ ਪਿੰਡਾਂ ’ਚ ਪ੍ਰੋਗਰਾਮ ਭੁਗਤਾਉਣ ਤੋਂ ਬਾਅਦ ਸੁਲਤਾਨਪੁਰ ਲੋਧੀ ਵਿਖੇ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਤੜਕਸਾਰ ਹੀ ਜਿਲੇ ਭਰ ਦੇ ਲੋਕਾਂ ਦੀ ਆਮਦ ਕਾਰਨ ਉਹਨਾਂ ਦੇ ਘਰ ’ਚ ਹੀ ਸੰਗਤ ਦਰਸ਼ਨ ਸ਼ੁਰੂ ਹੋ ਗਿਆ। ਉਹਨਾ ਦੱਸਿਆ ਕਿ ਲੋਕ ਸ਼ਿਕਾਇਤਾਂ ਦੱਸਦੇ ਗਏ ਅਤੇ ਸਪੀਕਰ ਸੰਧਵਾਂ ਨੇ ਇਕ ਇਕ ਕਰਕੇ ਤੁਰਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾ ਦੱਸਿਆ ਕਿ ਲਗਭਗ ਸਾਰਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਚਾਰ ਘੰਟੇ ਤੋਂ ਵੀ ਜਿਆਦਾ ਦਾ ਸਮਾਂ ਲੱਗ ਗਿਆ ਤੇ ਉਸ ਤੋਂ ਬਾਅਦ ਵੱਖ ਵੱਖ ਪਿੰਡਾਂ ਦੇ ਪ੍ਰੋਗਰਾਮ ਨਿਬੇੜ ਕੇ ਸਪੀਕਰ ਸੰਧਵਾਂ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਏ। ਸਪੀਕਰ ਸੰਧਵਾਂ ਦੀ ਰਿਹਾਇਸ਼ ’ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਸਮੇਤ ਅਮਨਦੀਪ ਸਿੰਘ ਸੰਧੂ ਪੀ.ਏ., ਸੁਖਵਿੰਦਰ ਸਿੰਘ ਗਿੱਲ ਅਤੇ ਹੋਰਨਾਂ ਨੇ ਵੀ ਪੂਰਨ ਸਹਿਯੋਗ ਦਿੱਤਾ।