ਪਲਸ ਪੋਲੀਓ ਮੁਹਿੰਮ ਤਹਿਤ ਦੂਜੇ ਦਿਨ ਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਂਦੇ ਹੋਏ ਸਿਹਤ ਕਰਮਚਾਰੀ।
ਦੂਜੇ ਦਿਨ ਘਰ-ਘਰ ਜਾਕੇ 2106 ਬੱਚਿਆਂ ਨੂੰ ਪਿਆਈਆਂ ਪੋਲੀਓ ਬੂੰਦਾਂ-ਐਸਐਮਓ ਡਾ. ਗਿੱਲ
ਝੁੱਗੀਆਂ ਅਤੇ ਭੱਠਿਆਂ 'ਤੇ ਵੀ ਪੁੱਜੇ ਸਿਹਤ ਕਰਮਚਾਰੀ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,29 ਮਈ 2023: ਸਿਵਲ ਸਰਜਨ ਤਰਨ ਤਾਰਨ ਡਾ.ਗੁਰਪ੍ਰੀਤ ਸਿੰਘ ਰਾਏ ਅਤੇ ਜਿਲਾ ਟੀਕਾਕਰਨ ਅਫਸਰ ਡਾ.ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹਿਕ ਸਿਹਤ ਕੇਂਦਰ ਸਰਹਾਲੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ 0 ਤੋਂ 5 ਸਾਲ ਦੇ ਬੱਚਿਆਂ ਨੂੰ ਦੂਜੇ ਦਿਨ ਵੀ ਪੋਲੀਓ ਬੂੰਦਾਂ ਪਿਆਈਆਂ ਗਈਆਂ।ਵਿਸ਼ਵ ਸਿਹਤ ਸੰਗਠਨ ਦੇ ਮਾਰਗਦਰਸ਼ਨ ਹੇਠ ਚੱਲਣ ਵਾਲੀ ਤਿੰਨ ਦਿਨਾਂ ਇਸ ਮੁਹਿੰਮ ਤਹਿਤ ਸੀਐਚਸੀ ਸਰਹਾਲੀ ਅਧੀਨ ਆਉਂਦੇ 53 ਪਿੰਡਾਂ ਦੇ 0 ਤੋਂ 5 ਸਾਲ ਦੇ 9542 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ।ਇਸ ਮੁਹਿੰਮ ਦੇ ਅੱਜ ਦੂਸਰੇ ਦਿਨ 2106 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ.ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਵੱਖ-ਵੱਖ ਪਿੰਡਾਂ ਵਿੱਚ ਨਿਸ਼ਚਿਤ ਕੀਤੀਆਂ ਥਾਵਾਂ ਉੱਤੇ ਪੋਲੀਓ ਬੂੰਦਾਂ ਪਿਆਉਣ ਲਈ ਬੂਥ ਲਗਾਏ ਗਏ ਸਨ ਅਤੇ ਅੱਜ ਦੂਜੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਝੁੱਗੀਆਂ,ਸਲੱਮ ਏਰੀਆ,ਭੱਠਿਆਂ ਅਤੇ ਘਰ-ਘਰ ਜਾਕੇ ਪੋਲੀਓ ਬੂੰਦਾਂ ਪਿਆਈਆਂ ਗਈਆਂ ਹਨ।ਇਸ ਸਮੇਂ ਹੈਲਥ ਇੰਸਪੈਕਟਰ ਬਿਹਾਰੀ ਲਾਲ ਨੇ ਦੱਸਿਆ ਕਿ ਅੱਜ ਦੂਸਰੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਨੇ 2106 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ।ਜਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਭਾਰਤ ਨੂੰ 2014 ਤੋਂ ਪੋਲੀਓ ਮੁਕਤ ਘੋਸ਼ਿਤ ਕੀਤਾ ਹੋਇਆ ਹੈ।ਪਰ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲੀਓ ਦੇ ਕੇਸ ਆਉਣ ਕਾਰਨ ਇਹਤਿਆਤ ਵੱਜੋਂ ਭਾਰਤ ਵਿੱਚ ਹਰ ਸਾਲ ਪੋਲੀਓ ਮੁਹਿੰਮ ਚਲਾਈ ਜਾਂਦੀ ਹੈ।ਇਸ ਸਮੇਂ ਹਰਦੀਪ ਸਿੰਘ ਸੰਧੂ ਬੀਈਐਚਈ,ਜਸਪਿੰਦਰ ਸਿੰਘ ਪ੍ਰਧਾਨ,ਪਰਦੀਪ ਸਿੰਘ ਹੈਲਥ ਵਰਕਰ,ਪਰਮਿੰਦਰ ਸਿੰਘ ਢਿਲੋਂ ਹੈਲਥ ਵਰਕਰ,ਗੁਰਦਿਆਲ ਸਿੰਘ ਹੈਲਥ ਵਰਕਰ,ਅਮਨਦੀਪ ਸਿੰਘ ਧੂੰਦਾ,ਬੇਅੰਤ ਸਿੰਘ,ਲਖਵਿੰਦਰ ਸਿੰਘ ਲੱਖਾ ਆਦਿ ਹਾਜ਼ਰ ਸਨ।