ਨਿੱਜੀ ਹਸਪਤਾਲ ਵਿੱਚ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੀਤਾ ਹੰਗਾਮਾ
- ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾਇਆ
ਦੀਪਕ ਜੈਨ
ਜਗਰਾਉਂ, 8 ਫਰਵਰੀ 2023 - ਸਥਾਨਕ ਰਾਏਕੋਟ ਰੋਡ ਤੇ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਔਰਤ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਾਈਵੇਟ ਹਸਪਤਾਲ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹੋਏ ਔਰਤ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਹੰਗਾਮਾ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਜੇਠ ਅਵਤਾਰ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਨੇ ਦੱਸਿਆ ਕਿ ਮੰਗਲਵਾਰ ਦੀ ਬੀਤੀ ਦੇਰ ਰਾਤ ਅਚਾਨਕ ਉਨ੍ਹਾਂ ਦੀ ਭਰਜਾਈ ਮਨਜੀਤ ਕੌਰ ਦੀ ਅਚਾਨਕ ਤਬੀਅਤ ਖਰਾਬ ਹੋ ਜਾਣ ਕਾਰਨ ਉਸਨੂੰ ਇਲਾਜ ਲਈ ਦੇਰ ਰਾਤ 2 ਵਜੇ ਦੇ ਕਰੀਬ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਹਸਪਤਾਲ ਦੇ ਡਾਕਟਰਾਂ ਤੇ ਸਟਾਫ ਵੱਲੋਂ ਹਸਪਤਾਲ ਵਿੱਚ ਦਾਖ਼ਲ ਉਨ੍ਹਾਂ ਦੀ ਭਰਜਾਈ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਗਿਆ। ਸ਼ਾਮ ਜਦੋਂ ਘਰ ਦੇ ਮੈਂਬਰਾਂ ਨੇ ਹਸਪਤਾਲ ਵਿਚ ਦਾਖਲ ਮਨਜੀਤ ਕੌਰ ਨੂੰ ਵੇਖਿਆ ਤਾਂ ਉਸ ਦਾ ਸਰੀਰ ਠੰਡਾ ਹੋਇਆ ਪਿਆ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਡਾਕਟਰ ਸਟਾਫ਼ ਵੱਲੋਂ ਹਸਪਤਾਲ ਵਿੱਚ ਦਾਖ਼ਲ ਉਨ੍ਹਾਂ ਦੀ ਭਰਜਾਈ ਮਨਜੀਤ ਕੌਰ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਘਰ ਦੇ ਮੈਂਬਰਾਂ ਨੇ ਮਨਜੀਤ ਕੌਰ ਦਾ ਸਰੀਰ ਠੰਡਾ ਹੋਣ ਦੇ ਬਾਰੇ ਡਾਕਟਰਾਂ ਨੂੰ ਦੱਸਿਆ ਤਾਂ ਡਾਕਟਰਾਂ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ।
ਇਸ ਸਬੰਧ ਵਿਚ ਮ੍ਰਿਤਕ ਔਰਤ ਮਨਜੀਤ ਕੌਰ ਦੇ ਲੜਕੇ ਨੇ ਦੱਸਿਆ ਕਿ ਦੇਰ ਰਾਤ ਦੋ ਵਜੇ ਦੇ ਕਰੀਬ ਉਨ੍ਹਾਂ ਵੱਲੋਂ ਆਪਣੀ ਮਾਤਾ ਮਨਜੀਤ ਕੌਰ ਨੂੰ ਚੈਸਟ ਪੇਨ ਹੋਣ ਦੇ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪਰ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਬੀਤੀ ਰਾਤ ਵੀ ਉਨ੍ਹਾਂ ਦੀ ਮਾਤਾ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਅਤੇ ਰਾਤ ਨੂੰ ਹਸਪਤਾਲ ਵਿੱਚ ਮੌਜੂਦ ਸਟਾਫ਼ ਦੇ ਵਰਕਰ ਵੀ ਉਨ੍ਹਾਂ ਦੀ ਮਾਤਾ ਦੇ ਟੀਕਾ ਲਗਾਉਣ ਤੋਂ ਪਹਿਲਾਂ ਫੋਨ ਕਰ ਆਪਣੇ ਸੀਨੀਅਰ ਨੂੰ ਪੁੱਛ ਰਹੇ ਸਨ ਕਿ ਕਿਹੜਾ ਟੀਕਾ ਲਗਾਇਆ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ ਦੀ ਲਾਪਰਵਾਹੀ ਦੇ ਚੱਲਦਿਆਂ ਹੀ ਉਨ੍ਹਾਂ ਦੀ ਮਾਤਾ ਦੀ ਮੌਤ ਹੋਈ ਹੈ ਅਤੇ ਇਸ ਦੇ ਜੁਮੇਵਾਰ ਹਸਪਤਾਲ ਦੇ ਡਾਕਟਰਾਂ ਦੇ ਨਾਲ-ਨਾਲ ਹਸਪਤਾਲ ਦਾ ਸਟਾਫ ਹੈ ਅਤੇ ਉਹ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਦਾ ਪਰਿਵਾਰ ਹਸਪਤਾਲ ਅਤੇ ਥਾਣੇ ਦੇ ਬਾਹਰ ਧਰਨਾ ਲਗਾਉਣ ਨੂੰ ਮਜ਼ਬੂਰ ਹੋਵੇਗਾ।
ਇਸ ਮਾਮਲੇ ਵਿੱਚ ਜਦੋਂ ਨਿੱਜੀ ਹਸਪਤਾਲ ਦੇ ਡਾਕਟਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਮਾਮਲੇ ਵਿਚ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਸਿਟੀ ਜਗਰਾਉ ਦੇ ਏ ਐਸ ਆਈ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਹੋ ਰਹੇ ਹਮਲੇ ਦੀ ਜਾਣਕਾਰੀ ਇੱਕ ਫੋਨ ਤੋਂ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਥਾਣਾ ਸਿਟੀ ਦੇ ਐਸ ਆਈ ਕਿਰਨਦੀਪ ਕੌਰ ਅਤੇ ਉਹ ਖੁਦ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਹਸਪਤਾਲ ਵਿੱਚ ਹੰਗਾਮਾ ਕਰ ਰਹੇ ਮ੍ਰਿਤਕ ਔਰਤ ਦੇ ਪਰਿਵਾਰ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਮ੍ਰਿਤਕ ਔਰਤ ਮਨਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ ਹੈ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋ ਵੀ ਜਾਣਕਾਰੀ ਸਾਹਮਣੇ ਆਵੇਗੀ ਪੁਲਿਸ ਵੱਲੋਂ ਉਸ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।