‘ਜੋਜੋ ਟੈਕਸ’ ਮਾਮਲਾ: ਕੇਜਰੀਵਾਲ ਖਿਲਾਫ ਦਾਇਰ ਮਾਣਹਾਨੀ ਦਾ ਕੇਸ ਖਾਰਜ
ਅਸ਼ੋਕ ਵਰਮਾ
ਬਠਿੰਡਾ,3ਫਰਵਰੀ 2023: ਸਾਬਕਾ ਖਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਤੱਤਕਾਲੀ ਆਗੂ ਜੈਜੀਤ ਸਿੰਘ ਜੌਹਲ ਉਰਫ ‘ਜੋਜੋ’ ਵੱਲੋਂ ਆਪਣੇ ਖਿਲਾਫ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ‘ਜੋਜੋ ਟੈਕਸ’ ਦੇ ਨਾਮ ਹੇਠ ਕੀਤੀਆਂ ਟਿਪਣੀਆਂ ਨੂੰ ਲੈਕੇ ਕੇਜਰੀਵਾਲ ਵਿਰੁੱਧ ਦਾਇਰ ਮਾਣਹਾਨੀ ਦਾ ਮੁਕੱਦਮਾ ਬਠਿੰਡਾ ਅਦਾਲਤ ਨੇ ਖਾਰਜ ਕਰ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਨੇ 29 ਅਕਤੂਬਰ 2021 ਵਿੱਚ ਬਠਿੰਡਾ ’ਚ ਸਨਅਤਕਾਰਾਂ ਅਤੇ ਵਪਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੈਜੀਤ ਸਿੰਘ ਜੌਹਲ ਨੂੰ ‘ਜੋਜੋ ਟੈਕਸ’ ਦੇ ਹਵਾਲੇ ਨਾਲ ਅਸਿੱਧੇ ਤੌਰ ਤੇ ਵਿੱਤ ਮੰਤਰੀ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਨੂੰ ਲੈ ਕੇ ਨਰਾਜ਼ ਹੋਏ ਜੈਜੀਤ ਜੌਹਲ ਨੇ 1 ਨਵੰਬਰ 2021 ਨੂੰ ਇਹ ਕੇਸ ਦਰਜ ਕਰਵਾਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਨੇ ਹੁਣ ਤੱਕ ਇਸ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਹੀ ਨਹੀਂ ਜਾਰੀ ਕੀਤਾ ਸੀ ਅਤੇ ਅੱਜ ਇਹ ਕੇਸ ਖਾਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਕੇਸ ਦਾਇਰ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਹਲ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨੇ ਉਸ ਦੇ ਸਿਆਸੀ ਅਕਸ ਨੂੰ ਢਾਹ ਲਾਉਣ ਲਈ ਬੇਤੁਕੀ ਬਿਆਨਬਾਜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠੇ ਦੋਸ਼ਾਂ ਦੀ ਰਾਜਨੀਤੀ ਕਰਨ ਦਾ ਆਦੀ ਹੈ ਜਿਸ ਦੀ ਮਿਸਾਲ ਇਸ ਤੋਂ ਵੀ ਮਿਲਦੀ ਹੈ ਕਿ ਉਸ ਨੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਅਤੇ ਅਰੁਣ ਜੇਤਲੀ ਤੋਂ ਲਾਏ ਦੋਸ਼ਾਂ ਤਹਿਤ ਮਾਫੀ ਮੰਗ ਲਈ ਸੀ।
ਦੱਸਣਯੋਗ ਹੈ ਕਿ ਉਸ ਵਕਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ ਸੀ ‘ਭਲਾ ਇੱਥੇ ਕੋਈ ਜੋਜੋ ਟੈਕਸ ਵੀ ਲੱਗਦੈ?’ ਆਪਣੇ ਮਸ਼ਕਰੀ ਭਰੇ ਲਹਿਜ਼ੇ ’ਚ ਜੈਜੀਤ ਸਿੰਘ ਜੌਹਲ ਉਰਫ ਜੋਜੋ ਨੂੰ ਨਿਸ਼ਾਨੇ ਤੇ ਲੈਂਦਿਆਂ ਕੇਜਰੀਵਾਲ ਨੇ ਕਿਹਾ ਸੀ ਕਿ ਬਠਿੰਡਾ ਵਿੱਚ ਵੀ ਜੋਜੋ ਟੈਕਸ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਸੀ ਕਿ ਅਸੀਂ ਜੋਜੋ ਟੈਕਸ ਬੰਦ ਕਰਾਂਗੇ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ ਵਿਚਲਾ ਜਿਆਦਤਰ ਰਾਜਸੀ ਕੰਮਕਾਜ ਉਨ੍ਹਾਂ ਦੇ ਰਿਸ਼ਤੇਦਾਰ (ਸਾਲੇ) ਜੈਜੀਤ ਸਿੰਘ ਜੌਹਲ ਦੇਖਦੇ ਹਨ ਜਿਨ੍ਹਾਂ ਨੂੰ ‘ਜੋਜੋ’ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ।
ਇਹ ਵੀ ਦੱਸਣਾ ਬਣਦਾ ਹੈ ਕਿ ‘ਆਮ ਆਦਮੀ ਪਾਰਟੀ’ ਹੀ ਨਹੀਂ, ਸਗੋਂ ਉਸ ਵੇਲੇ ਦਾ ਇੱਕ ਅਕਾਲੀ ਆਗੂ ਵੀ ਬਠਿੰਡਾ ਵਿੱਚ ‘ਜੋਜੋ ਟੈਕਸ’ ਵਸੂਲੇ ਜਾਣ ਦੇ ਦੋਸ਼ ਲਾਉਂਦਾ ਆਇਆ ਹੈ। ਜਿਕਰਯੋਗ ਹੈ ਕਿ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਨੇ ਬਠਿੰਡਾ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਵਿੱਚ ਨਾਮ ਉਛਾਲੀ ਦੇ ਮਾਮਲੇ ਸਬੰਧੀ ਅਕਾਲੀ ਦਲ ਦੇ ਪ੍ਰਧਾਨ, ਤਿੰਨ ਅਕਾਲੀ ਆਗੂਆਂ ਅਤੇ ਇੱਕ ਟੀਵੀਚੈਨਲ ਨੂੰ ਕਾਨੂੰਨੀ ਨੋਟਿਸ ਭੇਜੇ ਸਨ ਜਿੰਨ੍ਹਾਂ ਦਾ ਕੀ ਬਣਿਆ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।