ਟੁੱਟੀ ਛੱਤ ਵਾਲੇ ਮਕਾਨ ਵਾਲੀ ਨੈਸ਼ਨਲ ਖਿਡਾਰਨ ਦਾ ਪਿਤਾ ਹੋ ਗਿਆ ਜਹਾਨ ਤੋਂ ਰੁਖ਼ਸਤ, ਨਹੀਂ ਹੋਇਆ ਕੋਈ ਸਰਕਾਰੀ ਵਾਅਦਾ ਪੂਰਾ
ਰੋਹਿਤ ਗੁਪਤਾ
ਗੁਰਦਾਸਪੁਰ, 3 ਫਰਵਰੀ, 2023: ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪ ਗੜ੍ਹ ਦੀ ਰਹਿਣ ਵਾਲੀ ਵੇਟ ਲਿਫਟਿੰਗ ਖਿਡਾਰਨ ਦਾ ਪਿਤਾ ਕੱਚੇ ਮਕਾਨ ਨੂੰ ਪੱਕਾ ਵੇਖਣ ਦੀ ਸਧਰਾ ਮਨ ਵਿਚ ਲੈਕੇ ਹੀ ਅੱਜ ਰੁਖਸਤ ਹੋ ਗਿਆ ਜਹਾਨ ਤੋਂ। ਖਿਡਾਰਨ ਲਖਨਊ ਵਿੱਚ ਇੰਟਰਨੈਸ਼ਨਲ ਖੇਡਣ ਦੇ ਟਰਾਇਲ ਦੇ ਰਹੀ ਸੀ। ਪਰਿਵਾਰ ਨੂੰ ਮਕਾਨ ਨੂੰ ਪੱਕਾ ਕਰਨ ਦੀ ਸਰਕਾਰੀ ਗਰਾਂਟ ਅਜੇ ਤਕ ਨਹੀਂ ਮਿਲੀ। ਦੱਸ ਦਈਏ ਕਿ ਆਪਣੇ ਮਕਾਨ ਦੀ ਛੱਤ ਟੁੱਟੀ ਹੋਣ ਕਾਰਨ ਇਹ ਖਿਡਾਰਨ ਮਾਮੇ ਕੋਲ ਕਾਦੀਆਂ ਵਿਖੇ ਰਹਿੰਦੀ ਸੀ। ਕਈ ਰਿਕਾਰਡ ਤੋੜ ਚੁੱਕੀ ਖਿਡਾਰਨ ਨਵਦੀਪ ਦਾ ਕਹਿਣਾ ਹੈ ਕਿ ਸਰਕਾਰਾਂ ਵਾਅਦੇ ਤਦ ਕਰੇ ਜੇ ਉਸਨੂੰ ਪੂਰਾ ਕਰਨਾ ਹੋਵੇ।ਪਿਤਾ ਦੇ ਅੰਤਿਮ ਸਸਕਾਰ ਵਿੱਚ ਪਹੁੰਚੀ ਖਿਡਾਰਨ ਦੀਆਂ ਅੱਖਾਂ ਵਿਚੋਂ ਅਥਰੂ ਰੁਕਣ ਦੇ ਨਾਮ ਨਹੀਂ ਸੀ ਲੈ ਰਹੇ।ਪਰਿਵਾਰ ਅਤੇ ਪਿੰਡ ਅੰਦਰ ਪਰਿਵਾਰ ਦੇ ਇਹ ਹਾਲਾਤ ਅਤੇ ਤਾਜ਼ਾ ਮਿਲੇ ਦੁਖ ਕਾਰਨ ਸੋਗ ਮਈ ਨਜਰ ਆਏ।
ਵੇਟ ਲਿਫਟਿੰਗ ਦੀ ਨੈਸ਼ਨਲ ਖਿਡਾਰਨ ਨਵਦੀਪ ਨੂੰ ਜਦ ਲਖਨਊ ਵਿੱਚ ਜਿਥੇ ਉਹ ਇੰਟਰਨੈਸ਼ਲ ਖੇਡਣ ਲਈ ਟਰਾਇਲ ਦੇ ਰਹੀ ਸੀ ਉਥੇ ਖਬਰ ਮਿਲਦੀ ਹੈ ਕੇ ਪਿਤਾ ਹਰਭਜਨ ਲਾਲ ਦੀ ਮੌਤ ਹੋ ਗਈ ਹੈ ਤਾਂ ਆਪਣੇ ਪਿਤਾ ਦੇ ਸਸਕਾਰ ਲਈ ਪਿੰਡ ਪਹੁੰਚੀ। ਨਵਦੀਪ ਅਤੇ ਉਸਦੇ ਮਾਮਾ ਜਗਦੇਵ ਰਾਜ ਦਾ ਕਹਿਣਾ ਸੀ ਕਿ ਉਸਨੇ ਜਦੋਂ 2018 ਵਿੱਚ ਵੇਟ ਲਿਫਟਿੰਗ ਲਈ ਖੇਡਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਤੋਂ ਲੈਕੇ ਹੁਣ ਤਕ ਪੰਜ ਗੋਲ੍ਡ ਮੈਡਲ ਅਤੇ ਕਈ ਸਿਲਵਰ ਮੈਡਲ ਜਿੱਤੇ ਅਤੇ 109 ਕਿਲੋ ਦਾ ਰਿਕਾਰਡ ਵੀ ਤੋੜ ਕੇ ਆਪਣੇ ਨਾਮ ਕੀਤਾ। ਨਵਦੀਪ ਦੀ ਖੇਡ ਅਜੇ ਤਕ ਵੀ ਚੱਲ ਰਹੀ ਹੈ।ਹੌਂਸਲੇ ਅਜੇ ਵੀ ਆਪਣੇ ਪੰਜਾਬ ਲਈ ਪੱਕੇ ਅਤੇ ਮਜਬੂਤ ਹਨ ਪਰ ਸਰਕਾਰਾਂ ਵਲੋਂ ਅਤੇ ਪ੍ਰਸ਼ਾਸਨ ਵਲੋਂ ਹਮੇਸ਼ਾ ਹੀ ਨਵਦੀਪ ਨੂੰ ਅਣਗੌਲਿਆ ਕੀਤਾ ਗਿਆ। ਨਵਦੀਪ ਅਤੇ ਉਸਦੇ ਪਿਤਾ ਦੀ ਮੰਗ ਸੀ ਕਿ ਉਸਦੇ ਕੱਚੇ ਮਕਾਨ ਨੂੰ ਪੱਕਾ ਕਰ ਦਿੱਤਾ ਜਾਵੇ ਪਰ ਕਹਿੰਦੇ ਹਨ ਕਿ ਸਰਕਾਰੀ ਤਰੀਕਾ ਅਤੇ ਵਾਅਦੇ ਅੱਗੇ ਅੱਗੇ ਚਲੇ ਜਾ ਸਕਦੇ ਹਨ ਪਰ ਪੂਰੇ ਨਹੀਂ ਹੋ ਸਕਦੇ।
ਉਹਨਾਂ ਦੱਸਿਆ ਕਿ ਜਿਲੇ ਦੇ ਸਾਬਕਾ ਡਿਪਟੀ ਕਮਿਸ਼ਨਰ ਵਲੋਂ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਦੇ ਕੱਚੇ ਮਕਾਨ ਨੂੰ ਪੱਕਾ ਕਰਨ ਲਈ 5 ਲੱਖ ਰੁਪਏ ਦੀ ਗਰਾਂਟ ਆ ਚੁਕੀ ਹੈ ਅਤੇ ਨਵਦੀਪ ਦੀ ਡਾਈਟ ਲਈ ਹਰ ਮਹੀਨੇ ਢਾਈ ਹਜਾਰ ਰੁਪਏ ਮਿਲ ਜਾਣਗੇ। ਲੇਕਿਨ ਉਹ ਵਾਅਦੇ ਵੀ ਸਰਕਾਰੀ ਦਫਤਰਾਂ ਦੀਆਂ ਧੂੜ ਭਰੀਆਂ ਫਾਈਲਾਂ ਵਿੱਚ ਕਿਤੇ ਦੱਬ ਕੇ ਰਹਿ ਗਏ। ਨਾ ਤਾਂ ਅਜੇ ਤਕ ਉਹ ਪੰਜ ਲੱਖ ਰੁਪਏ ਦੀ ਗਰਾਂਟ ਮਿਲੀ ਅਤੇ ਨਾ ਹੀ ਡਾਈਟ ਲਈ ਹਰ ਮਹੀਨੇ ਢਾਈ ਹਜਾਰ ਰੁਪਏ ਮਿਲੇ। ਨਵਦੀਪ ਨੇ ਕਿਹਾ ਕਿ ਸਰਕਾਰਾਂ ਨੂੰ ਵਾਅਦੇ ਨਹੀਂ ਕਰਨੇ ਚਾਹੀਦੇ ਅਗਰ ਖਿਡਾਰੀਆਂ ਨਾਲ ਵਾਅਦੇ ਕਰਦੀਆਂ ਹਨ ਤਾਂ ਉਹਨਾਂ ਨੂੰ ਪੂਰਾ ਵੀ ਕਰਨ ਤਾਂਕਿ ਐਸੇ ਖਿਡਾਰੀਆਂ ਦਾ ਹੌਂਸਲਾ ਵਧੇ ਅਤੇ ਖਿਡਾਰੀ ਅੱਗੇ ਮਿਹਨਤ ਕਰਦੇ ਹੋਏ ਦੇਸ਼ ਅਤੇ ਸਟੇਟ ਦਾ ਨਾਮ ਰੋਸ਼ਨ ਕਰ ਸਕਣ। ਉਸਨੂੰ ਹੁਣ ਆਸ ਹੈ ਭਗਵੰਤ ਮਾਨ ਦੀ ਸਰਕਾਰ ਤੋਂ ਕਿ ਉਹ ਜਰੂਰ ਉਸਦੀ ਬਾਂਹ ਫ਼ੜੇਗੀ ਅਤੇ ਉਸਦੇ ਕੱਚੇ ਮਕਾਨ ਨੂੰ ਪੱਕਾ ਕਰਕੇ ਦੇਵੇਗੀ ।