ਤਕਨੀਕੀ ਖੇਤਰ ‘ਚ ਲੜਕੀਆਂ ਦਾ ਵਿਕਾਸ ਸੂਬੇ ਨੂੰ ਨਵੀਂ ਦਿਸ਼ਾ ਦੇਣ ਦੇ ਸਮਰੱਥ- ਅਜੀਤਪਾਲ ਕੋਹਲੀ
- ਆਈਟੀਆਈ ਲੜਕੀਆਂ ਵਿਖੇ ਬਸੰਤ ਦਾ ਤਿਉਹਾਰ ਮਨਾਇਆ
ਪਟਿਆਲਾ, 1 ਫਰਵਰੀ 2023 - ਅੱਜ ਇਥੇ ਸਰਕਾਰੀ ਆਈਟੀਆਈ ਲੜਕੀਆਂ ਪਟਿਆਲਾ ਵਿਖੇ ਬਸੰਤ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਉਨ੍ਹਾਂ ਵੱਲੋਂ ਸਿਖਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਇਸ ਤਕਨੀਕੀ ਸੰਸਥਾ ਤੋਂ ਸਿੱਖਿਆ ਅਤੇ ਮੁਹਾਰਤ ਹਾਸਲ ਕਰਕੇ ਅੱਜ ਕਿਸੇ ਨਾ ਕਿਸੇ ਖੇਤਰ ਵਿਚ ਚੰਗੀ ਪੁਲਾਂਘ ਪੁਟਦਿਆਂ 20 ਤੋਂ 40 ਹਜ਼ਾਰ ਮਹੀਨਾ ਕਮਾਉਣ ਦੇ ਯੋਗ ਹੋਈਆਂ ਹਨ।
ਵਿਧਾਇਕ ਕੋਹਲੀ ਨੇ ਕਿਹਾ ਕਿ ਤਕਨੀਕੀ ਖੇਤਰ ਵਿਚ ਮਹਿਲਾਵਾਂ ਜਾਂ ਲੜਕੀਆਂ ਦਾ ਵਿਕਾਸ ਤੇ ਮੁਹਾਰਤ ਸੂਬੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਨੂੰ ਉੱਚ ਸਿੱਖਿਆ ਲੈਣ ਦੀ ਲੋੜ ਹੈ, ਖਾਸ ਕਰ ਕੇ ਵਿਗਿਆਨ, ਤਕਨੀਕੀ, ਇੰਜੀਨੀਅਰਿੰਗ ਦੇ ਖੇਤਰ ਵਿਚ ਇਹ ਮੁਹਾਰਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇੰਜੀਨੀਅਰਿੰਗ ਤੇ ਤਕਨੀਕੀ ਸੰਸਥਾਵਾਂ ’ਚ ਔਰਤਾਂ ਦੀ ਗਿਣਤੀ ਬੇਹੱਦ ਘੱਟ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਲੜਕੀਆਂ ਨੂੰ ਤਕਨੀਕੀ ਸਿੱਖਿਆ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਅਜੀਤਪਾਲ ਕੋਹਲੀ ਨੇ ਕਿਹਾ ਕਿ ਔਰਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਸੁਧਾਰਨ ਲਈ ਉਨ੍ਹਾਂ ਵਾਸਤੇ ਰੋਜ਼ਗਾਰ, ਸਮਾਜਿਕ ਸੁਰੱਖਿਆ, ਸਿਹਤ ਸੰਭਾਲ, ਲਿੰਗਕ ਸਮਾਨਤਾ ਅਤੇ ਸਮਰੱਥਾ ਨਿਰਮਾਣ ਵਰਗੀਆਂ ਪਹਿਲ ਕਦਮੀਆਂ ਕਰਨ ਤੋਂ ਬਿਨਾਂ ਸਾਡਾ ਸਮਾਜ ਤਰੱਕੀ ਨਹੀਂ ਕਰ ਸਕਦਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਲੜਕੀਆਂ ਨੂੰ ਹਰ ਖੇਤਰ ਵਿੱਚ ਸਫਲਤਾ ਦੇ ਉੱਚੇ ਮੁਕਾਮ ਛੂਹਣ ਦੇ ਬਿਹਤਰੀਨ ਮੌਕੇ ਪ੍ਰਦਾਨ ਕਰਨ ਅਤੇ ਨਾਰੀ ਸ਼ਕਤੀ ਨੂੰ ਹੋਰ ਬਲ ਦੇਣ ਲਈ ਸਾਰਿਆਂ ਨੂੰ ਵਚਨਬੱਧ ਹੋਣ ਲਈ ਕਿਹਾ ਤਾਂ ਜੋ ਉਹ ਸਾਡੇ ਸੁਪਨਿਆਂ ਦਾ ਸੰਸਾਰ ਸਿਰਜਣ ਵਿੱਚ ਬਰਾਬਰ ਦੀਆਂ ਜ਼ਿੰਮੇਵਾਰ ਬਣ ਸਕਣ। ਇਸ ਮੌਕੇ ਪ੍ਰਿੰਸੀਪਲ ਮਨਮੋਹਨ ਸਿੰਘ ਨੇ ਲੜਕੀਆਂ ਨੂੰ ਜਿੱਥੇ ਆਪਣੇ ਹੱਕਾਂ ਤੋਂ ਜਾਣੂ ਹੋਣ ਲਈ ਪ੍ਰੇਰਿਆ ਉੱਥੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹੇ ਦੀ ਇਕ ਅਜਿਹੀ ਸੰਸਥਾ ਹੈ, ਜਿਥੇ ਕੇ 425 ਸਿਖਿਆਰਥਣਾਂ ਵੱਖ ਵੱਖ ਕੋਰਸਾਂ ਵਿਚ ਭਾਗ ਲੈ ਕੇ ਆਪਣੇ ਭਵਿੱਖ ਨੂੰ ਹੋਰ ਵੀ ਉੱਜਵਲ ਕਰਨ ਦੇ ਸਮਰੱਥ ਬਣ ਰਹੀਆਂ ਹਨ। ਇਥੇ ਪਟਿਆਲਾ ਸ਼ਹਿਰ ਦੇ ਕਰੀਬ 30 ਤੋਂ 40 ਕਿਲੋਮੀਟਰ ਤੱਕ ਦੀਆਂ ਲੜਕੀਆਂ ਵੀ ਆ ਕੇ ਤਕਨੀਕੀ ਸਿੱਖਿਆ ਹਾਸਲ ਕਰ ਰਹੀਆਂ ਹਨ। ਇਸ ਮੌਕੇ ਆਈਟੀਆਈ ਦੇ ਸਮੂਹ ਮਹਿਲਾ ਸਟਾਫ਼ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾ ਕੇ ਇਸ ਸਮਾਗਮ ਨੂੰ ਹੋਰ ਵੀ ਚਾਰ ਚੰਨ ਲਗਾਏ ਅਤੇ ਬਸੰਤ ਰੰਗ ਵਿਚ ਸਮਾਗਮ ਨੂੰ ਰੰਗਿਆ।