ਬਣਦੀ ਜ਼ਿੰਮੇਵਾਰੀ ਨਾ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ - ਚੱਢਾ
- ਰੋਪੜ ਸ਼ਹਿਰ ਦੀਆਂ ਪਾਣੀ ਤੇ ਸੀਵਰੇਜ ਦੀਆਂ ਸਮੱਸਿਆਵਾਂ ਸੰਬੰਧੀ ਵਿਧਾਇਕ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਅਧਿਕਾਰੀਆਂ ਨੂੰ ਵਿਕਾਸ ਕਾਰਜ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
ਹਰੀਸ਼ ਕਾਲੜਾ
ਰੂਪਨਗਰ, 31 ਜਨਵਰੀ 2023: ਹਲ਼ਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਨਾਲ ਵੱਖ-ਵੱਖ ਥਾਵਾਂ ਉਤੇ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ 24 ਘੰਟੇ ਕੰਮ ਕਰਨਗੇ ਅਤੇ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਕਾਰਨ ਕੋਈ ਵੀ ਸਮੱਸਿਆ ਹੱਲ ਹੋਣ ਤੋਂ ਰਹਿੰਦੀ ਹੈ ਤਾਂ ਉਸ ਅਧਿਕਾਰੀ ਦੀ ਜਵਾਬਦੇਹੀ ਤੈਅ ਹੋਵੇਗੀ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਉਤੇ ਜਾ ਕੇ ਸਮੱਸਿਆਵਾਂ ਦਾ ਨਿਰੀਖਣ ਕਰਕੇ ਉਨ੍ਹਾਂ ਦੇ ਢੁੱਕਵੇਂ ਹੱਲ ਕੱਢਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਵਾਲੀ ਜਗ੍ਹਾ ਪਹੁੰਚ ਕਰਕੇ ਉੱਥੋਂ ਦੇ ਨਿਵਾਸੀਆਂ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਤੱਕ ਪਹੁੰਚ ਕੀਤੀ ਜਾਵੇ।
ਐਡਵੋਕੇਟ ਚੱਢਾ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਗਰਮੀਆਂ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਦੇ ਓਵਰਫਲੋ ਦੀ ਸਮੱਸਿਆਵਾਂ ਨੂੰ ਖਤਮ ਕੀਤਾ ਜਾਵੇ।
ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਵਿਕਾਸ ਦੇ ਕੰਮਾਂ ਅਤੇ ਸੀਵਰੇਜ ਸਬੰਧੀ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਉੱਤੇ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਸ਼ਹਿਰ ਵਿੱਚ ਗਿਆਨੀ ਜ਼ੈਲ ਸਿੰਘ ਨਗਰ, ਪ੍ਰੀਤ ਕਲੋਨੀ ਨੇੜੇ ਗਾਂਧੀ ਸਕੂਲ, ਬੇਅੰਤ ਸਿੰਘ ਨਗਰ, ਅਮਨ ਨਗਰ, ਵੱਡੀ ਹਵੇਲੀ ਅਤੇ ਸਦਾਬਰਤ ਵਿਖੇ ਸੀਵਰੇਜ ਦੀ ਸਮੱਸਿਆਂ ਨੂੰ ਜਲਦ ਤੋਂ ਜਲਦ ਯੋਜਨਾਬੱਧ ਤਰੀਕੇ ਨਾਲ ਹੱਲ ਕਰਨ ਲਈ ਹਦਾਇਤ ਜਾਰੀ ਕੀਤੀ।
ਵਿਧਾਇਕ ਚੱਢਾ ਵੱਲੋਂ ਸ਼ਹਿਰ ਦੀ ਇੱਕ ਹੋਰ ਵੱਡੀ ਸਮੱਸਿਆ ਬਰਸਾਤੀ ਪਾਣੀ ਦਾ ਹੱਲ ਜਲਦੀ ਤੋਂ ਜਲਦੀ ਹੱਲ ਕਰਵਾਉਣ ਲਈ ਵੀ ਕਿਹਾ ਗਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਸ਼ਹਿਰ ਵਿੱਚ ਟਿਊਬਵੈੱਲ ਵੀ ਜਲਦੀ ਤੋਂ ਜਲਦੀ ਲਗਾਇਆ ਜਾਵੇਗਾ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਹਰਜੋਤ ਕੌਰ, ਐਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ, ਐਕਸੀਅਨ ਪੀ.ਡਬਲਿਯੂ.ਡੀ ਸ਼੍ਰੀ ਦਵਿੰਦਰ ਬਜਾਜ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀ ਵਿਜੇ ਕੁਮਾਰ, ਕਾਰਜ ਸਾਧਕ ਅਫਸਰ ਸ.ਅਮਨਦੀਪ ਸਿੰਘ, ਸ਼੍ਰੀ ਸ਼ਿਵ ਕੁਮਾਰ ਲਾਲਪੁਰਾ, ਸ. ਭਾਗ ਸਿੰਘ ਮਦਾਨ, ਐਮ.ਸੀ ਰਾਜੂ ਸਤਿਆਲ, ਐਮ.ਸੀ ਸ਼੍ਰੀ ਪੋਮੀ ਸੋਨੀ, ਐਮਸੀ ਸ਼੍ਰੀ ਅਸ਼ੋਕ ਵਾਹੀ ਤੇ ਹੋਰ ਅਧਿਕਾਰੀ ਹਾਜ਼ਰ ਸਨ।