''ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਅਤੇ ਸੰਤਾਪ ਭੋਗ ਰਹੇ ਲੋਕਾਂ ਪ੍ਰਤੀ ਪ੍ਰਸ਼ਾਸਨ ਨੇ ਅੱਖਾਂ ਮੀਚੀ ਰੱਖੀਆਂ''
ਮਨੁੱਖੀ ਜੀਵਨ, ਜਾਨਵਰਾਂ ਅਤੇ ਫਸਲਾਂ ਲਈ ਵੀ ਵੱਡਾ ਖਤਰਾ ਹਨ ਸ਼ਰਾਬ ਫੈਕਟਰੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 28 ਜਨਵਰੀ 2023 : ਮਲਬਰੋਜ ਸ਼ਰਾਬ ਫੈਕਟਰੀ ਵਿਰੁੱਧ 50 ਪਿੰਡਾਂ ਦੇ ਲੋਕਾਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਨੇ ਪ੍ਰਦੂਸ਼ਨ ਦੇ ਮਾਰੂ ਪ੍ਰਭਾਵਾਂ ਨੂੰ ਜਨਤਕ ਅਜੰਡੇ ’ਤੇ ਲਿਆਂਦਾ ਹੈ, ਜੋ ਕੇ ਪੰਜਾਬ ਦੇ ਭਵਿਖ ਬਾਰੇ ਵਡੀ ਚਿੰਤਾ ਦਾ ਵਿਸ਼ਾ ਹੈ। ਅੰਦੋਲਨ ਨੂੰ ਜਬਰਦਸਤੀ ਦਬਾਉਣ ਦੀ ਪਹੁੰਚ ਤਿਆਗ ਕੇ ਉਹਨਾਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਜਰੂਰਤ ਹੈ। ਫੈਕਟਰੀ ਦੇ ਪ੍ਦੂਸ਼ਿਤ ਪਾਣੀ ਤੇ ਰਾਖ ਨੇ ਲੋਕਾਂ ਦੇ ਸਿਹਤਮੰਦ ਜੀਵਨ ਜਿਉਣ ਦੇ ਅਧਿਕਾਰ ਦੀ ਘੋਰ ਉਲੰਘਣਾ ਕੀਤੀ ਹੈ। ਲੋਕਾਂ ਦੇ ਜੀਵਨ ਦਾ ਵਿਨਾਸ਼ ਕਰਕੇ ਮਲਬਰੋਜ਼ ਫੈਕਟਰੀ ਨੇ ਉਹ ਭੂਮਿਕਾ ਨਿਭਾਈ ਹੈ, ਜੋ ਭੂਪਾਲ ਤਰਾਸਦੀ(1984) ਨੇ ਤਬਾਹੀ ਕਰਕੇ ਨਿਭਾਈ ਸੀ। ਇਹ ਵਿਚਾਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਧਾਨ ਪੋ੍ ਜਗਮੋਹਨ ਸਿੰਘ ਤੇ ਜਨਰਲ ਸਕੱਤਰ ਪਿ੍ਤਪਾਲ ਸਿੰਘ ਨੇ ਅੱਜ ਇੱਥੇ ਇੱਕ ਪੈ੍ਸ ਕਾਨਫਰੰਸ ਵਿੱਚ ਸਭਾ ਦੀ 14 ਮੈਂਬਰੀ ਤੱਥ-ਖੋਜ ਟੀਮ ਵਲੋ ਤਿਆਰ ਕੀਤੀ ਰਿਪੋਰਟ ਰਿਲੀਜ਼ ਕਰਦਿਆਂ ਪ੍ਰਗਟ ਕੀਤੇ। ਕਮੇਟੀ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ, ਪਰਦੂਸ਼ਣ ਖਿਲਾਫ ਸੰਘਰਸ਼ਸ਼ੀਲ ਸਾਝਾਂ ਮੋਰਚਾ ਦੇ ਆਗੂਆਂ,ਵੱਖ ਵੱਖ ਬਿਮਾਰੀਆਂ ਦੇ ਮਰੀਜਾਂ ਦੇ ਵਿਚਾਰ ਸੁਣੇ ਤੇ ਫੈਕਟਰੀ ਦੇ ਆਲੇ ਦੁਆਲੇ ਦੇ ਖੇਤਾਂ,ਪਾਣੀ ਦੇ ਬੋਰਾਂ,ਬੰਦ ਪਈ ਸਹਿਕਾਰੀ ਖੰਡ ਮਿੱਲ ਦਾ ਜਾਇਜਾ ਲਿਆ, ਪਰਦੂਸ਼ਣ ਬਾਰੇ ਮਿਲੀਆਂ ਵੱਖ ਵੱਖ ਰਿਪੋਰਟਾਂ ਤੇ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਤੇ ਮਾਹਰਾਂ ਦੇ ਇਸ ਵਿਸ਼ੇ ਬਾਰੇ ਬਿਆਨ ਦਾ ਅਧਿਐਨ ਵੀ ਕੀਤਾ। ਵਿਗਿਆਨੀਆਂ ਅਨੁਸਾਰ ਸ਼ਰਾਬ ਫੈਕਟਰੀਆਂ ਪ੍ਰਤੀ ਲੀਟਰ ਸ਼ਰਾਬ ਪਿਛੇ 8 ਤੋਂ 15 ਲਿਟਰ ਪ੍ਰਦੂਸ਼ਤ ਪਾਣੀ ਬਾਹਰ ਕੱਢਦੀਆਂ ਹਨ, ਪਰ ਫੈਕਟਰੀ ਮਾਲਕ ਇਹ ਪਾਣੀ ਕਿਧਰ ਖਪਾਉਂਦੇ ਹਨ ਦਾ ਕੋਈ ਜਵਾਬ ਨਹੀਂ ਹੈ। ਕਿਉਂਕਿ ਪ੍ਰਦੂਸ਼ਤ ਪਾਣੀ ਨੂੰ ਸਾਫ ਕਰਨ ਲਈ ਟਰੀਟਮੈਂਟ ਦਾ ਖਰਚਾ ਫੈਕਟਰੀ ਉਪਰ ਆਉਣ ਵਾਲੇ ਖਰਚੇ ਤੋਂ ਦੋ ਤੋਂ ਚਾਰ ਗੁਣਾ ਹੁੰਦਾ ਹੈ ਪਰ ਇਹਨਾ ਦੇ ਪ੍ਰਸਤਾਵ ਅਨੁਸਾਰ ਟਰੀਮੈਂਟ ਪਲਾਟ ਦਾ ਖਰਚਾ ਮਹਿਜ 10 ਪ੍ਰਤੀਸ਼ਤ ਹੈ।
ਸਰਕਾਰ ਨੇ ਚਾਹੇ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਪਰ ਫੈਕਟਰੀ ਮਾਲਕ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਇਸ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ, ਫੈਕਟਰੀ ਮਾਲਕਾਂ ਤੋਂ ਲੋਕਾਂ ਦੇ ਜਾਨ-ਮਾਲ ਅਤੇ ਵਾਤਾਵਰਨ ਦੇ ਨੁਕਸਾਨ ਦੀ ਭਰਪਾਈ ਵਜੋਂ ਹਰਜ਼ਾਨਾ/ਜੁਰਮਾਨਾ ਵਸੂਲਣ ਲਈ ਜਰੂਰੀ ਹੈ ਕਿ ਉਹਨਾਂ ਦੀਆਂ ਸਾਰੀਆਂ ਕਾਲੀਆਂ ਗੈਰਕਾਨੂੰਨੀ ਕਾਰਵਾਈਆਂ ਨੰਗੀਆਂ ਕੀਤੀਆਂ ਜਾਣ। ਇਸ ਮਕਸਦ ਲਈ ਹਾਈ ਕੋਰਟ, ਸੁਪ੍ਰੀਮ ਕੋਰਟ ਜਾਂ ਗ੍ਰੀਨ ਟ੍ਰਿਬਿਊਨਲ ਦੇ ਕਿਸੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਪੜਤਾਲੀਆ ਟੀਮਾਂ ਬਣਾਈਆਂ ਜਾਣ, ਇੱਕ ਪੜਤਾਲੀਆ ਟੀਮ ਲੋਕਾਂ, ਪਸ਼ੂਆਂ ਅਤੇ ਜ਼ਮੀਨ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਵੇ। ਇਸ ਕੰਮ ਲਈ ਪੀ. ਜੀ. ਆਈ. ਜਾਂ ਏਮਜ਼ ਤੋਂ ਮਾਹਰ ਡਾਕਟਰਾਂ ਦੀਆਂ ਟੀਮ ਫੈਕਟਰੀ ਦੇ ਆਲੇ ਦੁਆਲੇ ਦੇ ਲੱਗਭੱਗ 50 ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਦੀ ਚੈੱਕ-ਅੱਪ ਕਰਨ, ਉਹਨਾਂ ਦੀਆਂ ਬਿਮਾਰੀਆਂ ਬਾਰੇ ਵੇਰਵੇ ਤਿਆਰ ਕਰਨ ਅਤੇ ਇਲਾਜ ਦਾ ਬੰਦੋਬਸਤ ਕਰਨ। ਇਹ ਬੰਦੋਬਸਤ ਤੁਰੰਤ ਅਤੇ ਸਰਕਾਰੀ ਖਰਚੇ ‘ਤੇ ਹੋਵੇ ।ਵਿਗਿਆਨਕ ਮਾਹਰਾਂ ਦੀ ਟੀਮ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਣ ਕਾਰਨ ਹੋਏ ਨੁਕਸਾਨ ਅਤੇ ਉਸਨੂੰ ਖਤਮ ਕਰਨ ਲਈ ਲੋੜੀਂਦੇ ਸਾਧਨਾ ਦਾ ਇੰਤਜ਼ਾਮ ਕਰੇ ਤਾਂ ਜੋ ਪਹਿਲਾਂ ਵਰਗੀ ਸਥਿਤੀ ਬਹਾਲ ਕੀਤੀ ਜਾ ਸਕੇ। ਇਹ ਟੀਮ ਪਸ਼ੂ ਡਾਕਟਰਾਂ ਰਾਹੀਂ ਸਾਲ 2022 ਵਿਚ ਫੈਕਟਰੀ ਦੀ ਸੁਆਹ ਯੁਕਤ ਚਾਰਾ ਖਾਣ ਨਾਲ 70 ਪਸ਼ੂਆਂ ਦੀਆਂ ਹੋਈਆਂ ਮੌਤਾਂ ਦੀ ਵੀ ਜਾਂਚ ਕਰੇ। ਡਾਕਟਰੀ ਸੂਤਰਾਂ ਤੋਂ ਸਭਾ ਦੀ ਟੀਮ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਇਲਾਕੇ ਵਿਚ ਪ੍ਰਦੂਸ਼ਣ ਦੇ ਪ੍ਰਭਾਵ ਹੇਠ ਵੱਡੀ ਪੱਧਰ ‘ਤੇ ਨੌਜਆਨ ਜੋੜਿਆਂ ਵਿਚ ਬਾਂਝਪਣ ਅਤੇ ਗਰਭ ਦੇ ਗਿਰ ਜਾਣ ਦੀਆਂ ਸਮੱਸਿਆਂਵਾਂ ਆਈਆਂ ਹਨ। ਮਾਹਰ ਡਾਕਟਰਾਂ ਦੀ ਟੀਮ ਇਸ ਸਬੰਧੀ ਉਚੇਚਾ ਧਿਆਨ ਦੇਵੇ। ਇਸ ਵਰਤਾਰੇ ਦੀ ਜੜ੍ਹ ਵੀ ਪ੍ਰਦੂਸ਼ਣ ਹੀ ਹੈ। ਇਸ ਦੇ ਨਾਲ ਹੀ ਮਾਹਰਾਂ ਦੀ ਇਹ ਟੀਮ ਪ੍ਰਦੂਸ਼ਣ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਅਤੇ ਪ੍ਰਦੂਸ਼ਣ ਪੱਖੋਂ ਨਾਰਮਲ ਹਾਲਤਾਂ ਲਿਆਉਣ ‘ਤੇ ਹੋਣ ਵਾਲੇ ਖਰਚੇ ਦਾ ਅੰਦਾਜ਼ਾ ਲਾਏ। ਇਹ ਖਰਚੇ ਦੀ ਭਰਪਾਈ ਮਾਲਬਰੋਜ਼ ਕੰਪਨੀ ਅਤੇ ਇਸ ਦੇ ਸਹਯੋਗੀ ਸਰਕਾਰੀ ਅਦਾਰਿਆਂ ਅਤੇ ਅਧਿਕਾਰੀਆਂ ਤੋਂ ਕੀਤੀ ਜਾਵੇ ਜਿਨ੍ਹਾਂ ਵਲੋਂ ਆਪਣੀ ਕਾਨੂੰਨੀ ਜਿੰਮੇਵਾਰੀ ਨਾ ਨਿਭਾਉਣ ਕਾਰਨ ਇਹ ਨੁਕਸਾਨ ਹੋਇਆ ਹੈ। ਇਸ ਪ੍ਰਦੂਸ਼ਣ ਲਈ ਜਿੰਮੇਵਾਰ ਸਾਰੇ ਵਿਅਕਤੀਆਂ, ਅਧਿਕਾਰੀਆਂ, ਫੈਕਟਰੀ ਮਾਲਕਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਪ੍ਰਦੂਸ਼ਣ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਕੰਮ ਲਈ ਫਿਰੋਜ਼ਪੁਰ ਜੋਨ ਦੇ ਆਈ. ਜੀ. ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ।ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਉਠਾਈਆਂ ਗਈਆਂ ਮੰਗਾਂ ਸਬੰਧੀ ਸਰਕਾਰ ਉਨਾਂ ਨਾਲ ਗੱਲ ਬਾਤ ਕਰਕੇ ਮਸਲਾ ਹੱਲ ਕਰੇ। ਸੰਘਰਸ਼ ਕਰ ਰਹੇ ਲੋਕਾਂ ਦੇ ਖਿਲਾਫ ਦਰਜ ਕੀਤੇ ਮੁਕਦਮੇ ਰੱਦ ਕੀਤੇ ਜਾਣ, ਅਸਲਾ ਲਾਇਸੰਸ ਰੱਦ ਕਰਨ ਤੇ ਜ਼ਮੀਨਾਂ ਕੁਰਕ ਕਰਨ ਦੀਆਂ ਕਾਰਵਾਈਆਂ ਮਨਸੂਖ ਕੀਤੀਆਂ ਜਾਨ।
ਅਜੋਕੇ ਸਮੇਂ ਵਿਚ ਜੋ ਕੇਂਦਰ ਸਰਕਾਰ ਨੇ ਪਟਰੋਲ ਵਿਚ ਏਥਨੋਲ ਰਲਾਉਣ ਦੀ ਪਾਲਸੀ ਬਣਾਈ ਜਿਸ ਤਹਿਤ ਬਹੁਤ ਸਾਰੀਆਂ ਅਜੇਹੀਆਂ ਡਿਸਟੀਲੇਸ਼ਨ ਪਲਾਨਟ ਲਗਾਏ ਜਾਣ ਗੇ ਜੋ ਕਿ ਬਹੁਤ ਪਾਣੀ ਵਰਤਨ ਤੇ ਪਰਦੂਸਨ ਪੇਦਾ ਕਰਨ ਵਾਲੇ ਹਨ ਜਿਸ ਲਈ ਜੋ ਚੇਤਨਤਾ ਇਸ ਏਜੀਟੇਸ਼ਨ ਨੇ ਪੈਦਾ ਕੀਤੀ ਹੈ ਉਸ ਤੋਂ ਸਬਕ ਸਿਖਦੇ ਹੋਏ ਲੋਕਾਂ ਨੂੰ ਚੇਤਨ ਹੋ ਕੇ ਪਰਦੂਸ਼ਨ ਖਿਲਾਫ ਲਾਮ ਬੰਦ ਹੋਣ ਦਾ ਮਤਲਬ ਪਾਣੀ ,ਸੇਹਤ ਤੇ ਜਮੀਨ ਨੂੰ ਬਚਾਉਣ ਦੀ ਭਵਿਖ ਮੁਖੀ ਲੜਾਈ ਹੈ।
ਟੀਮ ਵਿੱਚ ਪ੍ਰਿਤਪਾਲ ਸਿੰਘ, ਨਰਭਿੰਦਰ, ਐਡਵੋਕੇਟ ਐਨ ਕੇ ਜੀਤ, ਡਾ ਅਜੀਤਪਾਲ ਸਿੰਘ ਐਮਡੀ, ਐਡਵੋਕੇਟ ਮਨਦੀਪ ਸਿੰਘ ਕੁਲਾਰ, ਸ੍ਰੀ ਦਰਸ਼ਨ ਸਿੰਘ ਤੂਰ,ਸ੍ਰੀ ਜਸਵੰਤ ਜੀਰਖ, ਸ੍ਰੀ ਗੁਰਮੇਲ ਸਿੰਘ ਠੁੱਲੀਵਾਲ, ਸ੍ਰੀ ਸ਼ਿਵਚਰਨ ਅਰਾਈਆਂ ਵਾਲਾ,ਸ੍ਰੀ ਜਗਸੀਰ ਜੀਦਾ, ਸ੍ਰੀ ਹਰਚਰਨ ਪੱਤੀ, ਸ੍ਰੀ ਹਰਦਾਸ ਸਿੰਘ ਬਰਾੜ,ਸ੍ਰੀ ਕਰਤਾਰ ਸਿੰਘ, ਸ੍ਰੀ ਪਰਮਜੀਤ ਸਿੰਘ, ਸ੍ਰੀ ਰਤਨ ਲਾਲ ਮੈਂਬਰ ਸ਼ਾਮਲ ਸਨ।