ਅਮਰੀਕਾ: ਕੈਲੇਫੋਰਨੀਆ ਦੇ ਮੰਡੇਰਾ ਸ਼ਹਿਰ 'ਚ ਲੱਗਿਆ ਪਹਿਲਾ ਪੰਜਾਬੀ ਕਿਸਾਨ ਮੇਲਾ
ਫਗਵਾੜਾ, 27 ਜਨਵਰੀ 2023 - ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸ਼ਹਿਰ ਮੰਡੇਰਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਪੰਜਾਬੀ ਕਿਸਾਨਾਂ ਨੇ ਹਿੱਸਾ ਲਿਆ। ਇਸ ਮੇਲੇ ਦੌਰਾਨ ਜਿਥੇ ਵੱਖੋ-ਵੱਖਰੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾਏ, ਖੇਤੀ ਖੋਜ਼ ਨਾਲ ਸਬੰਧਤ ਪੰਜਾਬੀਆਂ ਸਕਾਲਰਾਂ ਤੋਂ ਇਲਾਵਾਂ ਸਿਟੀ ਮੇਅਰ ਸਾਨਟੋ ਗਰਸੀਆ ਨੇ ਵੀ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤੱਕ ਦੇ ਕਿਸਾਨਾਂ ਨੇ ਹਿੱਸਾ ਲਿਆ।
ਕੈਲੇਫੋਰਨੀਆ ਦੀ ਮੰਡੇਰਾ ਅਧਾਰਤ ਪੰਜਾਬੀ ਅਮਰੀਕਨ ਗਰੋਅਰਜ ਗਰੁੱਪ(ਪਗ) ਟੀਮ ਦੇ ਸਰਗਰਮ ਮੈਂਬਰਾਂ ਅਮਰੀਕ ਸਿੰਘ ਪਲਾਹੀ, ਜਸਵੀਰ ਸਿੰਘ ਸੰਧੂ, ਅਰਸ਼ਦੀਪ ਸੰਧੂ ਦੀ ਅਗਵਾਈ 'ਚ ਕਰਵਾਏ ਇਸ ਮੇਲੇ 'ਚ ਖੇਤੀ ਅਧਾਰਤ ਮਸਲਿਆਂ ਬਾਰੇ ਚਰਚਾ ਹੋਈ ਅਤੇ ਕਿਸਾਨਾਂ ਉਤੇ ਸਰਕਾਰੀ ਅਧਿਕਾਰੀਆਂ ਵਲੋਂ ਪਾਏ ਜਾ ਰਹੇ ਟੈਕਸ ਬੋਝ, ਜ਼ੁਰਮਾਨਿਆਂ ਆਦਿ ਬਾਰੇ ਚਰਚਾ ਹੋਈ।
ਗੁਰਦੁਆਰਾ ਮੰਡੇਰਾ ਸਾਹਿਬ ਦੇ ਕੰਪਲੈਕਸ 'ਚ ਲਗਾਏ ਮੇਲੇ 'ਚ ਕਿਸਾਨ ਵਹੀਰਾਂ ਘੱਤਕੇ ਪੁੱਜੇ ਅਤੇ ਉਹਨਾ ਵਲੋਂ ਪੂਰੇ ਉਤਸ਼ਾਹ ਨਾਲ ਕਿਸਾਨ ਮੇਲੇ ਦੀਆਂ ਕਾਰਵਾਈਆਂ 'ਚ ਹਿੱਸਾ ਲਿਆ।
ਇਸ ਮੇਲੇ ਦੇ ਪ੍ਰਬੰਧਕਾਂ ਵਿਚੋਂ ਇੱਕ ਅਮਰੀਕ ਸਿੰਘ ਪਲਾਹੀ ਨੇ ਦੱਸਿਆ ਕਿ ਕਿਸਾਨੀ ਉਤੇ ਲਾਏ ਗਏ ਪਾਣੀ ਦੇ ਜੁਰਮਾਨੇ ਦੀ ਅਦਾਲਤ ਵਿਚੋਂ ਜਿੱਤ ਉਪਰੰਤ ਸ਼ੁਕਰਾਨੇ, 'ਚ ਕਰਵਾਏ ਗਏ ਅਖੰਡ ਪਾਠ ਦੇ ਭੋਗ ਵੀ ਪਾਏ ਗਏ। ਉਹਨਾ ਨੇ ਇਹ ਵੀ ਕਿਹਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਇਹਨਾ ਦਿਨਾਂ 'ਚ ਕੈਲੇਫੋਰਨੀਆ 'ਚ ਬਹੁਤ ਮੀਂਹ ਪਿਆ। ਉਹਨਾ ਨੇ ਚਿੰਤਾ ਪ੍ਰਗਟ ਕੀਤੀ ਕਿ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਵੱਧ ਪਾਣੀ ਦੀ ਵਰਤੋਂ ਦੇ ਜੁਰਮਾਨੇ ਲਗਾਏ ਜਾ ਰਹੇ ਹਨ, ਪਰ ਮੀਂਹ ਦਾ ਸਿਰਫ਼ ਤਿੰਨ ਫ਼ੀਸਦੀ ਹੀ ਸਬੰਧਤ ਅਧਿਕਾਰੀਆਂ ਵਲੋਂ ਪਰਜ਼ਰਵ ਕੀਤਾ ਗਿਆ। ਇਸ ਮੇਲੇ ਦੌਰਾ ਖਾਦਾਂ, ਕੈਮੀਕਲਾਂ, ਨਵੀਂ ਮਸ਼ੀਨਰੀ ਆਦਿ ਬਾਰੇ ਨਵੀਨ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਗਈ, ਬਦਾਮ, ਸੌਗੀ ਆਦਿ ਦੀ ਪੈਦਾਵਾਰ, ਬੈਂਕਾਂ ਵਲੋਂ ਮਿਲਦੀਆਂ ਸੁਵਿਧਾਵਾਂ ਸਬੰਧੀ ਚਰਚਾ ਹੋਈ।