ਅਮਰੀਕਾ ਅਤੇ ਕੈਨੇਡਾ ਦੀਆਂ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਅੱਗੇ ਰੋਸ ਮੁਜ਼ਾਹਰੇ
ਨਿਊਯਾਰਕ, 27 ਜਨਵਰੀ, 2023: ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਦੇ ਸੱਦੇ ਉਤੇ ਨਿਊਯਾਰਕ, ਵਾਸ਼ਿੰਗਟਨ ਡੀਸੀ, ਸੈਨਫਰਾਂਸਿਸਕੋ, ਹਿਊਸਟਨ, ਸ਼ਿਕਾਗੋ, ਓਟਵਾ (ਕੈਨੇਡਾ) ਦੀਆਂ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਅੱਗੇ ਸਿੱਖ ਸੰਗਤਾਂ, ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲਿਆਂ, ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਦੁਆਰਾ ਸਾਂਝੇ ਤੌਰ ’ਤੇ ਵੱਡੇ ਮੁਜ਼ਾਹਰਿਆਂ ਵਿਚ ਲੋਕਾਂ ਨੇ ਬਹੁਤ ਜਜ਼ਬੇ ਨਾਲ ਹਿੱਸਾ ਲਿਆ ।
ਮੋਹਾਲੀ/ਚੰਡੀਗੜ੍ਹ ਵਿਚ ਹੋਏ ਇਤਿਹਾਸਿਕ ਕੌਮੀ ਇਨਸਾਫ ਮਾਰਚ ਜਿਸ ਵਿਚ ਲੱਖਾਂ ਸਿੱਖ ਸੰਗਤਾਂ, ਇਨਸਾਫ ਪਸੰਦ ਲੋਕਾਂ ਤੇ ਹੋਰ ਭਾਈਚਾਰਿਆਂ ਨੇ ਹਿੱਸਾ ਲਿਆ, ਉਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਅਤੇ ਹੋਰ ਦੇਸ਼ਾਂ ਵਿਚ ਵੀ ਭਾਰਤ ਦੁਆਰਾ ਸਿਖਾਂ ਅਤੇ ਘੱਟਗਿਣਤੀਆਂ ਦੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਧੱਕਿਆਂ ਵਿਰੁੱਧ ਜ਼ੋਰਦਾਰ ਭਰਵੇਂ ਰੋਸ ਮੁਜ਼ਾਹਰੇ ਹੋਏ।