ਹੁਸ਼ਿਆਰਪੁਰ: ਟੋਲ ਰੋਡ ਕੰਪਨੀ ਦੇ ਡਾਇਰੈਕਟਰਾਂ ਨੂੰ ਅਗਾਊਂ ਜ਼ਮਾਨਤ ਲਈ ਅਦਾਲਤ ਵੱਲੋਂ ਕੋਰੀ ਨਾਂਹ
ਪਰਮਿੰਦਰ ਸਿੰਘ ਬਰਿਆਣਾ
ਹੁਸ਼ਿਆਰਪੁਰ, 25 ਜਨਵਰੀ, 2023: ਹੁਸ਼ਿਆਰਪੁਰ ਦੀ ਸੈਸ਼ਨ ਕੋਰਟ ਨੇ ਹੁਸ਼ਿਆਰਪੁਰ ਟਾਂਡਾ ਟੋਲ ਕੰਪਨੀ ਪੀ ਡੀ ਅਗਰਵਾਲ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਨੂੰ ਅਗਾਉਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਜ਼ਿਲ੍ਹਾ ਸ਼ੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਇਹਨਾਂ ਦਾ ਜ਼ੁਰਮ ਬਹੁਤ ਵੱਡਾ ਹੈ, ਅਜਿਹੇ ਵਿਚ ਇਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।
ਇੱਥੇ ਇਹ ਗੱਲ ਵਰਣਨ ਯੋਗ ਹੈ 15 ਦਸੰਬਰ 2022 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਆ ਕੇ ਖੁਦ ਕੰਪਨੀ ਦੇ ਟੋਲ ਪਲਾਜ਼ਾ ਨੂੰ ਬੰਦ ਕਰਾਇਆ ਸੀ ਤੇ ਉਸੇ ਦਿਨ ਹੀ ਇਹ ਵੀ ਖੁਲ੍ਹਾਸਾ ਕੀਤਾ ਸੀ ਕੀ ਸਰਕਾਰ ਨੇ ਇਸ ਕੰਪਨੀ ਦੇ ਖਿਲਾਫ ਐਫ.ਆਈ.ਆਰ ਦਰਜ ਕੀਤੀ ਹੈ।ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਪੀਡਬਲਯੂਡੀ ਵਿਭਾਗ ਦੇ ਐਕਸੀਅਨ ਨੇ 14 ਦਸੰਬਰ 2022 ਨੂੰ ਸਵੇਰੇ, ਐਸ ਐਸ ਪੀ ਹੁਸ਼ਿਆਰਪੁਰ ਨੂੰ ਇਕ ਦਰਖਾਸਤ ਦਿੱਤੀ ਸੀ ਤੇ ਉਸੇ ਦਿਨ ਹੀ ਰਾਤ ਨੂੰ ਪਰਚਾ ਦਰਜ ਕਰ ਦਿੱਤਾ ਗਿਆ ਸੀ ਕਿਉਂਕਿ ਅਗਲੀ ਸਵੇਰ ਪੰਜਾਬ ਦੇ ਮੁੱਖ ਮੰਤਰੀ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਆਉਣਾ ਸੀ | ਅਗਲੇ ਦਿਨ ਹੀ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਿੱਥੇ,ਐਫ.ਆਈ. ਆਰ ਬਾਰੇ ਦੱਸਿਆ ਸੀ, ਉਥੇ ਹੀ ਉਹਨਾਂ ਨੇ ਉਸੇ ਦਿਨ ਟੋਲ ਪਲਾਜ਼ੇ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ|
ਇਸ ਸਬੰਧੀ ਜਿਹੜੀ ਐਫ ਆਈ ਆਰ ਕੰਪਨੀ ਦੇ ਖਿਲਾਫ ਦਰਜ ਕੀਤੀ ਗਈ ਸੀ, ਉਸ ਵਿੱਚ ਇਹ ਕਿਹਾ ਗਿਆ ਹੈ ਕਿ 7 ਅਪ੍ਰੈਲ 2006 ਨੂੰ ਕੰਪਨੀ, ਪੀ ਆਈ ਡੀ ਬੀ ਤੇ ਪੰਜਾਬ ਸਰਕਾਰ ਵਿਚ ਇਕ ਸਮਝੌਤਾ ਹੋਇਆ ਸੀ, ਜਿਸ ਵਿੱਚ ਇਸ ਕੰਪਨੀ ਨੇ ਡੇਢ ਸਾਲ ਵਿਚ ਹੁਸ਼ਿਆਰਪੁਰ ਟਾਂਡਾ ਰੋਡ ਨੂੰ ਤਿਆਰ ਕਰਨਾ ਸੀ ਤੇ 15 ਸਾਲ ਟੋਲ ਦੀ ਉਗਰਾਹੀ ਕਰਨੀ ਸੀ ਤੇ 14 ਦਸੰਬਰ 2022 ਨੂੰ ਇਹ ਸਮਝੌਤਾ ਖਤਮ ਹੋਣਾ ਸੀ ਤੇ ਉਸ ਸਮਝੌਤੇ ਵਿਚ ਕੰਪਨੀ ਨੇ ਐਸਕਰੋ ਖਾਤਾ ਖੁਲ੍ਹਾਉਣਾ ਸੀ, ਜਿਸ ਵਿਚ ਸਾਰੀ ਕੁਲੈਕਸ਼ਨ ਜਮਾਂ ਹੋਣੀ ਸੀ ਲੇਕਿਨ ਕੰਪਨੀ ਨੇ ਐਕਸਸ ਬੈਂਕ ਅਤੇ ਐਚ ਡੀ ਐਫ ਸੀ ਬੈਂਕ ਵਿਚ ਖਾਤੇ ਖੋਲ੍ਹੇ ਅਤੇ ਕੰਪਨੀ ਵਿਭਾਗ ਨੂੰ ਜਾਅਲੀ ਐਸਕਰੋ ਖਾਤੇ ਦੇ ਦਸਤਾਵੇਜ਼ ਜਮ੍ਹਾਂ ਕਰਾਉਂਦੇ ਰਹੇ
ਲੇਕਿਨ ਅਦਾਲਤ ਵਿਚ ਕੰਪਨੀ ਨੇ ਆਪਣਾ ਪੱਖ ਰੱਖਦਿਆਂ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਹ ਸਾਰਾ ਕੁਝ ਆਰ ਬੀ ਆਈ ਦੀਆਂ ਹਦਾਇਤਾਂ ਮੁਤਾਬਕ ਕੀਤਾ ਸੀ।ਜਿਹਨਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਹੋਈਆਂ ਹਨ, ਉਹਨਾਂ ਵਿਚ ਮੋਹਿੰਦਰ ਅਗਰਵਾਲ, ਪਰਾਚੀ ਅਗਰਵਾਲ, ਪ੍ਰਭੂ ਦਿਆਲ ਅਤੇ ਪ੍ਰੇਮ ਲਤਾ ਸ਼ਾਮਲ ਹਨ।