ਕੀ ਵਿਧਾਇਕ ਪਾਹੜਾ ਖਿਲਾਫ਼ ਵਿਜੀਲੈਂਸ ਦੀ ਕਾਰਵਾਈ ਹੋਣ ਦੀ ਸੂਰਤ ਵਿੱਚ ਪਾਰਟੀ ਹਾਈਕਮਾਨ ਉਨ੍ਹਾਂ ਦਾ ਸਾਥ ਦੇਵੇਗੀ ?
ਰੋਹਿਤ ਗੁਪਤਾ
ਗੁਰਦਾਸਪੁਰ 4 ਦਸੰਬਰ 2022 : ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਦਾ ਅਗਲਾ ਨਿਸ਼ਾਨਾ ਹਨ। ਤੇਜ਼ ਤਰਾਰ ਕਾਂਗਰਸੀ ਆਗੂ ਨੂੰ ਕੱਲ ਯਾਨੀ 5 ਦਸੰਬਰ ਨੂੰ ਵਿਜੀਲੈਂਸ ਦਫ਼ਤਰ ਵਿਖੇ ਪਹੁੰਚਣ ਲਈ ਵਿਜੀਲੈਂਸ ਵਿਭਾਗ ਵੱਲੋਂ ਸੰਮਨ ਭੇਜ ਦਿੱਤੇ ਗਏ ਹਨ ਹਾਲਾਂਕਿ ਪਾਹੜਾ ਖੁਦ ਇਸ ਮਾਮਲੇ ਵਿੱਚ ਮੀਡੀਆ ਅੱਗੇ ਆਪਣਾ ਪੱਖ ਰੱਖਣ ਲਈ ਫਿਲਹਾਲ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਉਨ੍ਹਾਂ ਦੇ ਭਰਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੇਪੀ ਪਾਹੜਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਧਿਕਾਰਿਕ ਤੌਰ ਤੇ ਵਿਜੀਲੈਂਸ ਵੱਲੋਂ ਹਾਲੇ ਤੱਕ ਕੋਈ ਅਜਿਹਾ ਸੁਨੇਹਾ ਨਹੀਂ ਭੇਜਿਆ ਗਿਆ।
ਦੱਸ ਦਈਏ ਕਿ ਕਾਫੀ ਸਮੇਂ ਤੋਂ ਵਿਧਾਇਕ ਪਾਹੜਾ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਦੀ ਚਰਚਾ ਛਿੜੀ ਸੀ। ਚਰਚਾ ਦਾ ਬਾਜ਼ਾਰ ਉਦੋਂ ਹੋਰ ਤੇਜ਼ ਹੋ ਗਿਆ ਜਦੋਂ 3 ਅਕਤੂਬਰ ਨੂੰ ਵਿਜੀਲੈਂਸ ਦੇ ਸਥਾਨਕ ਡੀਐਸਪੀ ਵੱਲੋਂ ਲੀਡ ਬੈਂਕ ਦੇ ਨਾਮ ਲਿਖਿਆ ਗਿਆ ਇੱਕ ਪੱਤਰ ਕਿਸੇ ਬੈਂਕ ਕਰਮਚਾਰੀ ਵੱਲੋਂ ਲੀਕ ਕਰ ਦਿੱਤਾ ਗਿਆ ਜਿਸ ਵਿੱਚ ਵਿਜੀਲੈਂਸ ਅਧਿਕਾਰੀ ਵੱਲੋਂ ਵਿਧਾਇਕ ਪਾਹੜਾ ਦੇ ਖਿਲਾਫ ਸ਼ੁਰੂ ਕੀਤੀ ਗਈ ਇਨਕੁਆਰੀ ਨੰਬਰ 3 ਮਿਤੀ 25 ਅਗਸਤ 2022 ਦਾ ਹਵਾਲਾ ਦਿੰਦੇ ਹੋਏ ਵੱਖ ਵੱਖ ਬੈਂਕਾਂ ਪਾਸੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਪਿਤਾ ,ਪਤਨੀ ਸਮੇਤ ਕੁਲ ਪਰਿਵਾਰਿਕ ਮੈਂਬਰਾਂ ਸਮੇਤ ਦੋ ਨਜ਼ਦੀਕੀਆਂ ਦੇ ਬੈਂਕ ਖਾਤਿਆਂ ਅਤੇ ਲੋਨ ਖਾਤਿਆਂ ਦਾ ਰਿਕਾਰਡ ਮੰਗਿਆ ਗਿਆ ਸੀ। ਇਸ ਦੇ ਇੱਕ ਮਹੀਨੇ ਬਾਅਦ ਵੀ ਕੱਲ ਵਿਧਾਇਕ ਪਾਹੜਾ ਨੂੰ ਵਿਜੀਲੈਂਸ ਵੱਲੋਂ ਬੁਲਾਏ ਜਾਣ ਦੀ ਖਬਰ ਸਾਹਮਣੇ ਆਈ, ਜਿਸ ਦੀ ਵਿਜੀਲੈਂਸ ਅਧਿਕਾਰੀਆਂ ਨੇ ਪੁਸ਼ਟੀ ਤਾਂ ਕਰ ਦਿੱਤੀ ਪਰ ਉਨ੍ਹਾਂ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੁਣ ਇਸ ਮਾਮਲੇ ਦੀ ਅਗਲੇਰੀ ਜਾਣਕਾਰੀ ਲਈ 5 ਦਿਸੰਬਰ ਦੀ ਉਡੀਕ ਕੀਤੀ ਜਾ ਰਹੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਇਕ ਪਾਹੜਾ ਨੂੰ ਕਾਂਗਰਸ ਹਾਈਕਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਪਾਰਟੀ ਦਾ ਜਿਲਾ ਪ੍ਰਧਾਨ ਵੀ ਥਾਪਿਆ ਗਿਆ ਹੈ ਜ਼ਾਹਿਰ ਹੈ ਵਿਰੋਧੀ ਮਾਹੌਲ ਦੇ ਬਾਵਜੂਦ ਭਾਰੀ ਗਿਣਤੀ ਵਿਚ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕਰਨ ਵਾਲੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਕਦ ਪਾਰਟੀ ਵਿਚ ਕਾਫੀ ਉੱਚਾ ਹੈ। ਅਜਿਹੇ ਹਲਾਤਾਂ ਵਿੱਚ ਹੈ ਉਨ੍ਹਾਂ ਵਿਰੁੱਧ ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਇਸਤੇ ਕਾਂਗਰਸ ਪਾਰਟੀ ਹਾਈਕਮਾਨ ਦਾ ਕੀ ਸਟੈਂਡ ਹੋਵੇਗਾ, ਇਹ ਵੀ ਦੇਖਣ ਯੋਗ ਹੋਵੇਗਾ ?