ਆਈ.ਕੇ.ਜੀ ਪੀ.ਟੀ.ਯੂ ਇੰਟਰ ਜ਼ੋਨਲ ਯੂਥ ਫੈਸਟੀਵਲ ਦੇ ਦੂਜੇ ਦਿਨ ਸਕਿੱਟ, ਵਨ ਐਕਟ ਪਲੇ, ਰੰਗੋਲੀ ਤੇ ਕਲੇਅ ਮਾਡਲਿੰਗ ਦੀ ਪੇਸ਼ਕਾਰੀ
- ਵਿਦਿਆਰਥੀ ਕਲਾਕਾਰਾਂ ਨੇ ਵਧੀਆ ਕਲਾ ਦਾ ਪ੍ਰਦਰਸ਼ਨ ਕੀਤਾ, ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਭਰਪੂਰ ਸ਼ਲਾਘਾ ਕੀਤੀ
ਜਲੰਧਰ/ਕਪੂਰਥਲਾ, 1 ਦਸੰਬਰ 2022 - ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਇੰਟਰ ਜ਼ੋਨਲ ਯੂਥ ਫੈਸਟੀਵਲ ਦੇ ਦੂਜੇ ਦਿਨ ਵਿਦਿਆਰਥੀ ਕਲਾਕਾਰਾਂ ਵੱਲੋਂ ਕੁੱਲ ਚਾਰ ਵੱਖ-ਵੱਖ ਮੰਚ ਤੇ ਵੱਖ-ਵੱਖ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਵਿਚ ਸਕਿੱਟ, ਵਨ ਐਕਟ ਪਲੇ, ਰੰਗੋਲੀ, ਕਲੇ ਮਾਡਲਿੰਗ, ਭਾਰਤੀ ਲੋਕ ਨਾਚ ਆਕਰਸ਼ਣ ਦਾ ਕੇਂਦਰ ਰਹੇ! ਇਸ ਦੇ ਨਾਲ ਹੀ ਵਿਦਿਆਰਥੀ ਕਲਾਕਾਰਾਂ ਨੇ ਸਮੂਹ ਸ਼ਬਦ/ਭਜਨ ਗਾਇਨ, ਲੋਕ ਗੀਤ ਗਾਇਨ, ਵਾਰ ਗਾਇਨ, ਕਵਿਤਾ ਉਚਾਰਨ, ਵਾਦ-ਵਿਵਾਦ, ਪੋਸਟਰ ਮੇਕਿੰਗ, ਮਹਿੰਦੀ ਆਦਿ ਮੁਕਾਬਲਿਆਂ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ।
ਯੂਨੀਵਰਸਿਟੀ ਵਿੱਚ ਪਹਿਲੇ ਪੜਾਅ ਦੇ ਮੁਕਾਬਲਿਆਂ ਦਾ ਮੰਚ ਸ਼੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਰਿਹਾ, ਦੂਜਾ ਪੜਾਅ ਜੀ-3 ਇਮਾਰਤ ਦਾ ਸੈਮੀਨਾਰ ਹਾਲ ਸੀ। ਤੀਸਰਾ ਮੰਚ ਕੇ.ਆਰ.ਸੀ ਨੇੜੇ ਸੈਮੀਨਾਰ ਹਾਲ ਰਿਹਾ, ਜਦੋਂਕਿ ਲਾਇਬ੍ਰੇਰੀ ਨੇੜੇ ਦਾ ਡਰਾਇੰਗ ਹਾਲ ਵਿਦਿਆਰਥੀਆਂ ਲਈ ਚੌਥਾ ਮੰਚ ਸੀ। ਵੱਖ-ਵੱਖ ਕਲਾਵਾਂ ਦੇ ਨਿਰਪੱਖ ਨਤੀਜੇ ਤਿਆਰ ਕਰਨ ਲਈ 30 ਤੋਂ ਵੱਧ ਜੱਜ ਸਵੇਰੇ 09:00 ਵਜੇ ਤੋਂ ਸ਼ਾਮ 06:00 ਵਜੇ ਤੱਕ ਡਿਊਟੀ 'ਤੇ ਰਹੇ, ਜਦਕਿ ਯੂਨੀਵਰਸਿਟੀ ਦੀਆਂ ਵੱਖ-ਵੱਖ ਸਹਿਯੋਗੀ ਕਮੇਟੀਆਂ ਦੇ 100 ਤੋਂ ਵੱਧ ਸਹਾਇਕ ਸਟਾਫ਼ ਨੇ ਵੀ ਉਨ੍ਹਾਂ ਨਾਲ ਵੱਖ-ਵੱਖ ਡਿਊਟੀਆਂ ਨਿਭਾਈਆਂ!
ਡੀਨ ਵਿਦਿਆਰਥੀ ਭਲਾਈ ਡਾ. ਗੌਰਵ ਭਾਰਗਵ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸਮੀਰ ਸ਼ਰਮਾ ਨੇ ਸਮੇਂ-ਸਮੇਂ 'ਤੇ ਵੱਖ-ਵੱਖ ਮੰਚ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਮੁਲਾਂਕਣ ਕੀਤਾ | ਡੀਨ ਡਾ. ਭਾਰਗਵ ਨੇ ਦੱਸਿਆ ਕਿ ਲਗਭਗ ਸਾਰੀਆਂ ਕਲਾਵਾਂ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ! ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਡਿਪਟੀ ਰਜਿਸਟਰਾਰ, ਸਹਾਇਕ ਰਜਿਸਟਰਾਰ ਅਤੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀ ਕਲਾਕਾਰਾਂ ਨੂੰ ਲੋੜੀਂਦੀ ਸਮੱਗਰੀ ਪ੍ਰਦਾਨ ਕਰਨ ਦੇ ਨਾਲ-ਨਾਲ ਮੁਕਾਬਲਾ ਨਿਰਪੱਖ ਹੋਣ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕੀਤਾ!
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ 'ਚ ਬੁੱਧਵਾਰ ਨੂੰ ਤਿੰਨ ਰੋਜ਼ਾ ਇੰਟਰ ਜ਼ੋਨਲ ਯੂਥ ਫੈਸਟੀਵਲ ਸ਼ੁਰੂ ਹੋਇਆ ਹੈ। ਇਸ ਵਿੱਚ 25 ਤੋਂ ਵੱਧ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ 40 ਤੋਂ ਵੱਧ ਕਾਲਜਾਂ ਦੇ 3000 ਵਿਦਿਆਰਥੀ ਕਲਾਕਾਰ ਤਿੰਨ ਦਿਨਾਂ ਤੱਕ ਵੱਖ-ਵੱਖ ਪੇਸ਼ਕਾਰੀਆਂ ਦੇ ਰਹੇ ਹਨ!