ਜਨ ਸੁਣਵਾਈ ਕੈਂਪ ਲਗਾ ਕੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਕੀਤਾ ਉਪਰਾਲਾ - ਮਨੀਸ਼ਾ ਰਾਣਾ
- ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਕੈਂਪ ਲਗਾ ਕੇ ਅਧਿਕਾਰੀ ਕਰ ਰਹੇ ਹਨ ਸਮੱਸਿਆਵਾ ਦਾ ਨਿਪਟਾਰਾ-ਅਨਮਜੋਤ
- ਬਜਰੂੜ, ਅਬਿਆਣਾ, ਸਰਥਲੀ ਦੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਦੂਰ ਕਰਨ ਲਈ ਪਹੁੰਚੇ ਅਧਿਕਾਰੀ
ਹਰੀਸ਼ ਕਾਲੜਾ
ਰੂਪਨਗਰ, 01 ਦਸੰਬਰ 2022:ਦੂਰ ਦੂਰਾਡੇ ਪੇਂਡੂ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਹੱਲ ਕਰਵਾਉਣ ਲਈ ਜਿਲ੍ਹਾ ਦਫਤਰਾਂ ਵਿੱਚ ਆਉਣ ਜਾਣ ਦੀ ਬੇਲੋੜੀ ਖੱਜਲ ਖੁਆਰੀ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਨੇ ਪਿੰਡਾਂ ਵਿੱਚ ਜਨ ਸੁਣਵਾਈ ਕੈਂਪ ਲਗਾਉਣ ਦੀ ਸੁਰੂਆਤ ਕੀਤੀ ਹੈ। ਕੈਂਪ ਵਿੱਚ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਯਮਾ ਅਨੁਸਾਰ ਮੌਕੇ ਤੇ ਹੀ ਨਿਪਟਾਰਾ ਕਰਨ ਨੂੰ ਤਰਜੀਹ ਦਿੱਤੀ ਹੈ ਅਤੇ ਬਕਾਇਆ ਮਾਮਲੇ ਸਮਾਂਬੱਧ ਹੱਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਸਬ ਤਹਿਸੀਲ ਨੂਰਪੁਰ ਬੇਦੀ ਦੇ ਪਿੰਡਾਂ ਬਜਰੂੜ, ਅਬਿਆਣਾ, ਸਰਥਲੀ ਦੇ ਲੋਕਾਂ ਦੀਆਂ ਮੁਸ਼ਕਿਲਾ ਸੁਣਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਲੋੜਵੰਦ ਲੋਕ ਆਮ ਤੌਰ ਤੇ ਜਾਣਕਾਰੀ ਦੀ ਅਣਹੋਂਦ ਕਾਰਨ ਵਾਝੇ ਰਹਿ ਜਾਂਦੇ ਹਨ। ਸਾਡਾ ਇਹ ਉਪਰਾਲਾ ਹੈ ਕਿ ਲੋਕਾਂ ਤੱਕ ਸਰਕਾਰੀ ਯੋਜਨਾਵਾ ਦਾ ਲਾਭ ਸਮੇਂ ਸਿਰ ਪਹੁੰਚਾਇਆ ਜਾਵੇ, ਦੂਰ ਦੂਰਾਡੇ ਦੇ ਪਿੰਡਾਂ ਦੇ ਲੋਕਾਂ ਦੀਆਂ ਮੁ਼ਸਕਿਲਾਂ ਦਾ ਨਿਪਟਾਰਾ ਕਰਨ ਵਿੱਚ ਦੇਰੀ ਨਾ ਹੋਵੇ, ਇਸ ਲਈ ਪ੍ਰਸ਼ਾਸ਼ਨ ਵੱਲੋ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹੇ ਦੇ ਵੱਖ ਵੱਖ ਉਪ ਮੰਡਲਾਂ ਵਿੱਚ ਇਹ ਕੈਂਪ ਆਯੋਜਿਤ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਜਿਹੜੇ ਮਾਮਲੇ ਸਾਡੇ ਕੋਲ ਲੈ ਕੇ ਆ ਰਹੇ ਹਨ, ਉਨ੍ਹਾਂ ਦਾ ਨਿਪਟਾਰਾ ਮਾਮਲੇ ਦੀ ਜਾਂਚ ਕਰਕੇ ਸਮਾਬੱਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਅੱਜ ਇਸ ਕੈਂਪ ਵਿੱਚ ਦਿੱਤੀਆ ਦਰਖਾਸਤਾਂ, ਸ਼ਿਕਾਇਤਾਂ, ਮੁਸ਼ਕਿਲਾਂ ਤੇ ਸਮੱਸਿਆਵਾਂ ਬਾਰੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅੱਜ ਸ਼ਾਮ ਤੱਕ ਆਪਣੀ ਰਿਪੋਰਟ ਦੇਣਗੇ ਅਤੇ ਕੀਤੀ ਗਈ ਕਾਰਵਾਈ ਬਾਰੇ ਸਬੰਧਿਤ ਦਰਖਾਸਤ ਕਰਤਾ ਨੂੰ ਕੀਤੀ ਗਈ ਕਾਰਵਾਈ ਬਾਰੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਲੋਕ ਹਰ ਕੰਮਕਾਜ ਵਾਲੇ ਦਿਨ 11 ਤੋ 1 ਵਜੇ ਤੱਕ ਉਪ ਮੰਡਲ ਦਫਤਰ ਵਿੱਚ ਆ ਕੇ ਆਪਣੀ ਸਮੱਸਿਆ ਦੱਸ ਕੇ ਉਸ ਦਾ ਢੁਕਵਾ ਹੱਲ ਕਰਵਾ ਸਕਦੇ ਹਨ। ਪ੍ਰਸ਼ਾਸ਼ਨ ਦੀ ਆਮ ਲੋਕਾਂ ਪ੍ਰਤੀ ਜਿੰਮੇਵਾਰੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨਾ ਸਾਡਾ ਫਰਜ਼ ਹੈ।
ਸਹਾਇਕ ਕਮਿਸ਼ਨਰ ਸ਼ਿਕਾਇਤਾਂ ਅਨਮਜੋਤ ਕੌਰ ਨੇ ਕਿਹਾ ਕਿ ਲੋਕ ਆਪਣੀਆਂ ਮੁਸ਼ਕਿਲਾਂ ਸਰਲ ਤੇ ਸੰਖੇਪ ਢੰਗ ਨਾਲ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਉਣ, ਸਰਕਾਰ ਵੱਲੋ ਲੋਕਾਂ ਦੀ ਸੁਵਿਧਾ ਲਈ ਪੇਡੂ ਖੇਤਰਾਂ ਵਿੱਚ ਇਹ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਹਰ ਵਿਅਕਤੀ ਨੂੰ ਲਾਭ ਲੈਣਾ ਚਾਹੀਦਾ ਹੈ।
ਅੱਜ ਦੇ ਕੈਂਪ ਵਿੱਚ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਹੱਡਾਰੋੜੀ, ਗੰਦੇ ਪਾਣੀ ਦੀ ਨਿਕਾਸੀ, ਸੜਕਾਂ ਦੀ ਮੁਰੰਮਤ, ਪੈਨਸ਼ਨਾਂ ਤੇ ਮਾਲ ਵਿਭਾਗ ਵਿੱਚ ਬਕਾਇਆ ਮਾਮਲੇ ਆਦਿ ਬਾਰੇ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਦੱਸੀਆਂ, ਜਿਨ੍ਹਾਂ ਦਾ ਅਧਿਕਾਰੀਆਂ ਨੇ ਨਿਯਮਾ ਅਨੁਸਾਰ ਹੱਲ ਕਰਨ ਅਤੇ ਸਮੱਸਿਆਵਾਂ ਦੇ ਨਿਪਟਾਰੇ ਉਪਰੰਤ ਸਬੰਧਿਤ ਧਿਰਾਂ ਨੂੰ ਸੂਚਿਤ ਕਰਨ ਲਈ ਵੱਖ ਵੱਖ ਵਿਭਾਗਾ ਦੇ ਅਧਿਕਾਰਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਨਾਇਬ ਤਹਿਸੀਲਦਾਰ ਰਿਤੂ ਕਪੂਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਈਸ਼ਾਨ ਚੋਧਰੀ ਅਤੇ ਹੋਰ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।