ਜੰਗਲੀ ਜੀਵ ਕੁਦਰਤ ਦੀਆਂ ਪ੍ਰਕਿਰਿਆਵਾਂ ਨੂੰ ਸੰਤੁਲਨ ਅਤੇ ਸਥਿਰਤਾ ਪ੍ਰਦਾਨ ਕਰਨ ਲਈ ਜਰੂਰੀ: ਪ੍ਰਿੰਸੀਪਲ ਕਵਿਤਾ ਸੂਦ
- ਇੰਡੋ ਬ੍ਰਿਟਿਸ਼ ਸਕੂਲ ਨਾਭਾ ‘ਚ ਲਗਾਇਆ ਜੰਗਲੀ ਜੀਵ ਸੁਰੱਖਿਆ ਸਪਤਾਹ ਤਹਿਤ ਸੈਮੀਨਾਰ
- ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਕੀਤਾ ਗਿਆ ਆਯੋਜਨ
ਜਗਤਾਰ ਸਿੰਘ
ਨਾਭਾ 4 ਅਕਤੂਬਰ 2022: ਸੰਸਾਰ ਦੇ ਵਾਤਾਵਰਣ ਪ੍ਰਣਾਲੀ ਦੇ ਹਿੱਸੇ ਵਜੋਂ, ਜੰਗਲੀ ਜੀਵ ਕੁਦਰਤ ਦੀਆਂ ਪ੍ਰਕਿਰਿਆਵਾਂ ਨੂੰ ਸੰਤੁਲਨ ਅਤੇ ਸਥਿਰਤਾ ਪ੍ਰਦਾਨ ਕਰਦਾ ਹੈ। ਇਸ ਲਈ ਜੰਗਲੀ ਜੀਵਾਂ ਦੀ ਹੋਂਦ ਨੂੰ ਖਤਰਾ ਧਰਤੀ ਉੱਪਰ ਮਨੁੱਖ ਦੀ ਹੋਂਦ ਨੂੰ ਵੀ ਖਤਰਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੋ ਬ੍ਰਿਟਿਸ਼ ਸਕੂਲ ਦੇ ਪ੍ਰਿੰਸੀਪਲ ਕਵਿਤਾ ਸੂਦ ਨੇ ਕੀਤਾ। ਉਹ ਸਕੂਲ ਵਿਖੇ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਹਰਿਆਵਲ ਲਹਿਰ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਜੰਗਲੀ ਜੀਵ ਸੁਰੱਖਿਆ ਸਪਤਾਹ ਤਹਿਤ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਦਾ ਆਯੋਜਨ ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ., ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਕੀਤਾ ਗਿਆ।
ਪ੍ਰਿੰਸੀਪਲ ਸੂਦ ਨੇ ਵਿਦਿਆਰਥੀਆਂ ਨੂੰ ਕੁਦਰਤ, ਵਾਤਾਵਰਣ ਅਤੇ ਜੰਗਲੀ ਜੀਵਾਂ ਪ੍ਰਤੀ ਸੁਹਿਰਦਤਾ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਡੇ ਕੋਲ ਰਹਿਣ ਲਈ ਕੋਈ ਹੋਰ ਗ੍ਰਹਿ ਨਹੀਂ ਹੈ। ਇਸ ਲਈ ਸਾਡੇ ਕੋਲ ਕੁਦਰਤ ਪ੍ਰਤੀ ਆਪਣੀ ਜ਼ੁੰਮੇਵਾਰੀ ਨਿਭਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਵੀ ਨਹੀਂ ਹੈ। ਬੀਟ ਅਫਸਰ ਹਰਦੀਪ ਸ਼ਰਮਾ ਨੇ ਬੱਚਿਆਂ ਨੂੰ ਕੁਦਰਤੀ ਚੱਕਰ ਵਿੱਚ ਜੰਗਲੀ ਜੀਵਾਂ ਦੇ ਮਹੱਤਵ ਅਤੇ ਮਨੁੱਖੀ ਦਖਲ ਕਾਰਨ ਜੰਗਲੀ ਜੀਵਾਂ ਦੀ ਹੋਂਦ ਨੂੰ ਖਤਰੇ ਬਾਰੇ ਪਾਵਰ ਪੁਆਇੰਟ ਪਰੇਜੇਂਟੈਸ਼ਨ ਰਾਹੀਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਬੀਟ ਅਫ਼ਸਰ ਮਨਵੀਨ ਔਲਖ ਨੇ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ। ਮੈਡਮ ਜੋਤੀ ਮੇਹਂਨਦੀਰੱਤਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ।
ਇਸ ਮੌਕੇ ਥੀਮ ਬੇਸਡ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਜੂਨੀਅਰ ਵਰਗ ਵਿੱਚ ਮੁਦਿੱਤ ਜਿੰਦਲ ਪਹਿਲੇ, ਗੁਰਸੁੱਖਮਨ ਕੌਰ ਦੂਸਰੇ ਅਤੇ ਜਗਤਾਰ ਰਲਹਣ ਤੀਸਰੇ ਸਥਾਨ ਤੇ ਰਹੇ। ਸੀਨੀਅਰ ਵਰਗ ਵਿੱਚ ਦਸਵੀਂ ਕਲਾਸ ਦੀ ਨਵਪ੍ਰੀਤ ਕੋਰ ਅੱਵਲ ਰਹੀ, ਜਦਕਿ ਪ੍ਰਥਾ ਬਾਂਸਲ ਦੂਸਰੇ ਅਤੇ ਗੁਰਲੀਨ ਤੀਸਰੇ ਸਥਾਨ ਤੇ ਰਹੀਆਂ। ਇਸੇ ਤਰਾਂ ਨੌਵੀਂ ਕਲਾਸ ਦੀ ਭਾਵਯਾ ਨੇ ਪਹਿਲਾ, ਸ਼ੁੱਭਕਰਮਣ ਨੇ ਦੂਜਾ ਅਤੇ ਹਿਮਾਂਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੂੰ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਮੈਡਲ, ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਣ ਬਲਾਕ ਅਫਸਰ ਮਹਿੰਦਰ ਸਿੰਘ, ਬੀਟ ਅਫ਼ਸਰ ਅਮਨ ਅਰੋੜਾ, ਬਲਵਿੰਦਰ ਕੌਰ, ਜਗਤਾਰ ਸਿੰਘ, ਮੀਨਾਕਸ਼ੀ ਸ਼ਰਮਾ, ਅਨੁਭਵ ਗੁਪਤਾ, ਐਲਿਸ਼ਭਾ, ਸਨਪ੍ਰੀਤ ਕੌਰ, ਨੈਣਾ ਚੋਪੜਾ ਅਤੇ ਸਕੂਲ ਸਟਾਫ਼ ਦੇ ਹੋਰ ਮੈਂਬਰ ਮੌਜੂਦ ਸਨ।